1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਆਓ ਜਾਣੀਏ ਫ਼ੈਡਰਲ ਬਜਟ ਵਿਚ ਪੇਸ਼ ਫ਼ਾਰਮਾਕੇਅਰ ਬਾਰੇ

ਬਜਟ ਵਿਚ ਸ਼ੂਗਰ ਅਤੇ ਗਰਭ ਨਿਰੋਧਕ ਦਵਾਈਆਂ ਦੀ ਕਵਰੇਜ ਲਈ $1.5 ਬਿਲੀਅਨ ਰੱਖੇ ਗਏ ਹਨ

ਮੌਂਟਰੀਅਲ ਵਿਚ ਇੱਕ ਫ਼ਾਰਮੇਸੀ 'ਤੇ ਪਈਆਂ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ।

ਮੌਂਟਰੀਅਲ ਵਿਚ ਇੱਕ ਫ਼ਾਰਮੇਸੀ 'ਤੇ ਪਈਆਂ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ।

ਤਸਵੀਰ: (Ryan Remiorz/Canadian Press)

RCI

ਫ਼ੈਡਰਲ ਸਰਕਾਰ ਦੇ ਨਵੇਂ ਬਜਟ ਨੇ ਫ਼ਾਰਮਾਕੇਅਰ ਨੂੰ ਲਾਗੂ ਕਰਨ ਲਈ $1.5 ਬਿਲੀਅਨ ਰਾਖਵੇਂ ਕੀਤੇ ਹਨ, ਜੋ ਕਿ ਦੇਸ਼ ਦੇ ਹੈਲਥ ਕੇਅਰ ਸਿਸਟਮ ਵਿਚ ਇੱਕ ਅਹਿਮ ਵਿੱਤੀ ਵਚਨਬੱਧਤਾ ਹੈ।

ਲਿਬਰਲ ਸਰਕਾਰ ਨਾਲ ਸਮਰਥਨ ਸਮਝੌਤਾ ਕਰਨ ਵਾਲੀ ਐਨਡੀਪੀ ਇਸ ਪ੍ਰੋਗਰਾਮ ਦੀ ਲੰਬੇ ਸਮੇਂ ਤੋਂ ਮੰਗ ਕਰ ਰਹੀ ਸੀ। ਹਾਲ ਦੀ ਘੜੀ ਇਸ ਪ੍ਰੋਗਰਾਮ ਵਿਚ ਸਿਰਫ਼ ਦੋ ਤਰ੍ਹਾਂ ਦੀਆਂ ਦਵਾਈਆਂ ਨੂੰ ਕਵਰ ਕੀਤਾ ਗਿਆ ਹੈ।

ਇਸ ਪ੍ਰੋਗਰਾਮ ਨੂੰ ਅਮਲੀ ਜਾਮਾ ਪਹਿਨਾਉਣ ਲਈ ਸੂਬਾ ਸਰਕਾਰਾਂ ਵੱਲੋਂ ਵੀ ਹਿਮਾਇਤ ਦੀ ਜ਼ਰੂਰਤ ਹੈ।

ਫ਼ੈਡਰਲ ਸਰਕਾਰ ਨੇ ਫ਼ਾਰਮਾਕੇਅਰ ਦਾ ਵਿਸਤਾਰ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ। ਸਰਕਾਰ ਇਹ ਜਾਣਨ ਲਈ ਮਾਹਿਰਾਂ ਦਾ ਇੱਕ ਪੈਨਲ ਬਣਾ ਰਹੀ ਹੈ ਕਿ ਭਵਿੱਖ ਵਿੱਚ ਕਿਸੇ ਸਮੇਂ ਇੱਕ ਯੂਨਿਵਰਸਲ, ਸਿੰਗਲ-ਪੇਅਰ ਪ੍ਰੋਗਰਾਮ ਕਿਵੇਂ ਲਾਗੂ ਕੀਤਾ ਜਾਵੇ।

ਫ਼ਾਰਮਾਕੇਅਰ ਕੀ ਹੈ?

ਫ਼ਾਰਮਾਕੇਅਰ ਐਕਟ ਕੈਨੇਡਾ ਵਿੱਚ ਡਾਕਟਰ ਵੱਲੋਂ ਲਿਖੀਆਂ (ਪ੍ਰਿਸਕ੍ਰਿਪਸ਼ਨ ਵਾਲੀਆਂ) ਦਵਾਈਆਂ ਦੀ ਲਾਗਤ ਨੂੰ ਘਟਾਉਣ ਲਈ ਸਰਕਾਰੀ ਫ਼ੰਡ ਰਾਹੀਂ, ਦੇਸ਼ ਵਿਆਪੀ ਹੈਲਥ-ਕੇਅਰ ਬੀਮਾ ਪ੍ਰੋਗਰਾਮ ਦਾ ਪ੍ਰਸਤਾਵ ਕਰਦਾ ਹੈ।

ਐਕਟ ਦਾ ਦੱਸਿਆ ਗਿਆ ਉਦੇਸ਼ ਸਾਰੇ ਕੈਨੇਡੀਅਨਜ਼ ਲਈ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਦੀ ਪਹੁੰਚਯੋਗਤਾ ਅਤੇ ਕਿਫਾਇਤੀਪਣ ਨੂੰ ਬਿਹਤਰ ਬਣਾਉਣਾ ਅਤੇ ਅਖ਼ੀਰ ਟੀਚੇ ਵਿੱਚ ਇੱਕ ਰਾਸ਼ਟਰੀ, ਯੂਨੀਵਰਸਲ ਫ਼ਾਰਮਾਕੇਅਰ ਪ੍ਰੋਗਰਾਮ ਲਾਗੂ ਕਰਨਾ ਹੈ।

ਕੈਨੇਡਾ ਵਿਕਸਤ ਦੇਸ਼ਾਂ ਵਿੱਚ ਇੱਕੋ ਇੱਕ ਅਜਿਹਾ ਦੇਸ਼ ਹੈ ਜਿਸ ਦੇ ਯੂਨਿਵਰਸਲ ਹੈਲਥ-ਕੇਅਰ ਪ੍ਰੋਗਰਾਮ ਵਿਚ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਲਈ ਯੂਨੀਵਰਸਲ ਕਵਰੇਜ ਸ਼ਾਮਲ ਨਹੀਂ ਹੈ। ਇਸਦੀ ਬਜਾਏ, ਕੈਨੇਡਾ ਵਿਚ ਪ੍ਰਾਈਵੇਟ, ਸਰਕਾਰੀ ਅਤੇ ਲੋਕਾਂ ਦੀ ਆਪਣੀ ਜੇਬ ਚੋਂ ਭੁਗਤਾਨ ਕਰਨ ਵਰਗੀਆਂ ਬੀਮਾ ਯੋਜਨਾਵਾਂ ਦਾ ਮਿਸ਼ਰਣ ਹੈ।

ਪਾਰਲੀਮੈਂਟਰੀ ਬਜਟ ਦਫਤਰ (ਪੀਬੀਓ) ਦੇ ਅਨੁਸਾਰ, 2021-22 ਵਿੱਚ ਕੈਨੇਡਾ ਵਿੱਚ ਕੁੱਲ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਦੇ ਖ਼ਰਚੇ ਲਗਭਗ $36.6 ਬਿਲੀਅਨ ਸਨ। ਇਸ ਵਿੱਚੋਂ, 46 ਪ੍ਰਤੀਸ਼ਤ ਸਰਕਾਰੀ ਸਰੋਤਾਂ ਦੁਆਰਾ ਕਵਰ ਕੀਤਾ ਗਿਆ ਸੀ, 40 ਪ੍ਰਤੀਸ਼ਤ ਪ੍ਰਾਈਵੇਟ ਬੀਮੇ ਦੁਆਰਾ ਕਵਰ ਕੀਤਾ ਗਿਆ ਸੀ, ਅਤੇ 14 ਪ੍ਰਤੀਸ਼ਤ ਦਾ ਭੁਗਤਾਨ ਲੋਕਾਂ ਨੇ ਆਪਣੀ ਜੇਬ ਚੋਂ ਕੀਤਾ ਗਿਆ ਸੀ।

ਮੈਡੀਕਲ ਕੇਅਰ ਐਕਟ, ਜੋ ਕਿ 1966 ਵਿੱਚ ਕਾਨੂੰਨ ਬਣਿਆ ਸੀ ਪਰ 1972 ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਸੀ, ਨੇ ਹਸਪਤਾਲਾਂ ਅਤੇ ਡਾਕਟਰੀ ਸੇਵਾਵਾਂ ਵਾਸਤੇ ਸਿਹਤ ਬੀਮੇ ਨੂੰ ਯਕੀਨੀ ਬਣਾਉਣ ਲਈ ਫ਼ੈਡਰਲ ਸਰਕਾਰ ਅਤੇ ਸੂਬਿਆਂ ਵਿਚਕਾਰ ਲਾਗਤ-ਸਾਂਝੀ ਕਰਨ ਵਾਲੀ ਇੱਕ ਵਿਵਸਥਾ ਦੀ ਸਥਾਪਨਾ ਕੀਤੀ ਸੀ।

1984 ਵਿਚ ਪਾਸ ਹੋਏ ਕੈਨੇਡਾ ਹੈਲਥ ਐਕਟ ਨੇ ਪਬਲਿਕ ਹੈਲਥ ਕੇਅਰ ਸਿਸਟਮ ਦੇ ਮੁੱਖ ਸਿਧਾਂਤਾਂ ਨੂੰ ਕਾਨੂੰਨ ਵਿੱਚ ਸਪਸ਼ਟ ਕੀਤਾ ਹੈ - ਕਿ ਹੈਲਥ ਕੇਅਰ ਸਿਸਟਮ ਸਰਕਾਰੀ ਤੌਰ 'ਤੇ ਪ੍ਰਬੰਧਿਤ, ਸਰਵ ਵਿਆਪਕ, ਪੋਰਟੇਬਲ ਅਤੇ ਸਾਰਿਆਂ ਲਈ ਪਹੁੰਚਯੋਗ ਹੋਵੇ।

ਪਰ ਇਸ ਵਿਚ ਦਵਾਈਆਂ ਦੀ ਕਵਰੇਜ ਸ਼ਾਮਲ ਨਹੀਂ ਹੈ ਅਤੇ ਫ਼ਾਰਮਾਕੇਅਰ ਇਸੇ ਚੀਜ਼ ਨੂੰ ਪ੍ਰਦਾਨ ਕਰਨ ਬਾਰੇ ਹੈ।

ਬਿੱਲ ਸੀ-64, ਫ਼ਾਰਮਾਕੇਅਰ ਐਕਟ ਵਿਚ ਕੀ ਹੈ?

ਇਸ ਦੇ ਮੌਜੂਦਾ ਰੂਪ ਵਿੱਚ, ਪ੍ਰਸਤਾਵਿਤ ਕਾਨੂੰਨ ਗਰਭ ਨਿਰੋਧਕ ਅਤੇ ਸ਼ੂਗਰ ਦੀਆਂ ਦਵਾਈਆਂ ਦੀ ਇੱਕ ਵਿਸ਼ਾਲ ਕਿਸਮ ਤੱਕ ਸਰਵ ਵਿਆਪਕ ਪਹੁੰਚ ਪ੍ਰਦਾਨ ਕਰੇਗਾ।

ਜੇਕਰ ਸੀ-64 ਪਾਰਲੀਮੈਂਟ ਵਿਚ ਪਾਸ ਹੁੰਦਾ ਹੈ, ਤਾਂ ਸਿਹਤ ਮੰਤਰੀ ਮਾਰਕ ਹੌਲੈਂਡ ਸੂਬਿਆਂ ਅਤੇ ਪ੍ਰਦੇਸ਼ਾਂ ਨਾਲ ਫੰਡਿੰਗ ਪ੍ਰਤੀਬੱਧਤਾ 'ਤੇ ਗੱਲਬਾਤ ਸ਼ੁਰੂ ਕਰਨਗੇ ਤਾਂ ਜੋ ਲੋਕਾਂ ਨੂੰ ਇਹ ਦਵਾਈਆਂ ਮੁਫਤ ਪ੍ਰਦਾਨ ਕਰਨ ਦੀ ਲਾਗਤ ਨੂੰ ਕਵਰ ਕੀਤਾ ਜਾ ਸਕੇ।

ਕੈਨੇਡਾ ਦੇ ਸਿਹਤ ਮੰਤਰੀ ਮਾਰਕ ਹੌਲੈਂਡ ਨਵੇਂ ਨੈਸ਼ਨਲ ਫਾਰਮਾਕੇਅਰ ਬਿੱਲ ਬਾਰੇ 29 ਫ਼ਰਵਰੀ 2024 ਨੂੰ ਔਟਵਾ ਵਿੱਖੇ ਇੱਕ ਪ੍ਰੈਸ ਵਾਰਤਾ ਨੂੰ ਸੰਬੋਧਤ ਕਰਦੇ ਹੋਏ।

ਕੈਨੇਡਾ ਦੇ ਸਿਹਤ ਮੰਤਰੀ ਮਾਰਕ ਹੌਲੈਂਡ ਨਵੇਂ ਨੈਸ਼ਨਲ ਫਾਰਮਾਕੇਅਰ ਬਿੱਲ ਬਾਰੇ 29 ਫ਼ਰਵਰੀ 2024 ਨੂੰ ਔਟਵਾ ਵਿੱਖੇ ਇੱਕ ਪ੍ਰੈਸ ਵਾਰਤਾ ਨੂੰ ਸੰਬੋਧਤ ਕਰਦੇ ਹੋਏ।

ਤਸਵੀਰ: Patrick Doyle/The Canadian Press)

ਹੈਲਥ ਕੈਨੇਡਾ ਦੇ ਅਨੁਸਾਰ, ਲਗਭਗ 10 ਪ੍ਰਤੀਸ਼ਤ ਆਬਾਦੀ ਨੂੰ ਸ਼ੂਗਰ ਹੈ। ਉਨ੍ਹਾਂ ਵਿੱਚੋਂ ਇੱਕ ਚੌਥਾਈ ਸ਼ੂਗਰ ਰੋਗੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਇਲਾਜ ਯੋਜਨਾਵਾਂ ਦਵਾਈਆਂ ਦੀ ਲਾਗਤ ਕਰਕੇ ਪ੍ਰਭਾਵਿਤ ਹੁੰਦੀਆਂ ਹਨ।

ਬਿੱਲ ਸੀ-64 ਖ਼ੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਘੱਟ ਕਰਨ ਵਾਲੀਆਂ ਦਵਾਈਆਂ, ਜਿਵੇਂ ਕਿ ਇਨਸੁਲਿਨ ਅਤੇ ਮੈਟਫੋਰਮਿਨ ਤੱਕ ਪਹੁੰਚ ਨੂੰ ਸਬਸਿਡੀ ਰਾਹੀਂ ਪਹੁੰਚਯੋਗ ਬਣਾਏਗਾ।

ਸ਼ੂਗਰ ਦੀਆਂ ਦਵਾਈਆਂ ਦੀ ਪੂਰੀ ਸੂਚੀ ਜੋ ਸਰਕਾਰ ਦੁਆਰਾ ਸੁਝਾਈ ਜਾ ਰਹੀ ਹੈ, ਇੱਥੇ ਦੇਖੀ (ਨਵੀਂ ਵਿੰਡੋ) ਜਾ ਸਕਦੀ ਹੈ। ਇਨ੍ਹਾਂ ਵਿੱਚ ਗਲੂਲੀਸਾਈਨ, ਡੇਟੇਮਿਰ, ਸੈਕਸਾਗਲੀਪਟਿਨ ਅਤੇ ਮੈਟਫੋਰਮਿਨ ਸ਼ਾਮਲ ਹਨ।

ਇਹ ਬਿੱਲ ਪ੍ਰਜਨਨ ਉਮਰ ਦੇ ਲਗਭਗ 90 ਲੱਖ ਕੈਨੇਡੀਅਨਜ਼ ਲਈ ਗਰਭ ਨਿਰੋਧਕ ਤੱਕ ਪਹੁੰਚ ਨੂੰ ਵੀ ਕਵਰ ਕਰੇਗਾ। ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ ਕਵਰੇਜ ਗੈਰ-ਯੋਜਨਾਬੱਧ ਗਰਭ-ਅਵਸਥਾਵਾਂ ਨੂੰ ਘਟਾਏਗੀ ਅਤੇ ਦੇਸ਼ ਭਰ ਵਿੱਚ ਸਿਹਤ-ਸੰਭਾਲ ਪ੍ਰਣਾਲੀਆਂ ਲਈ ਲਾਗਤਾਂ ਨੂੰ ਘਟਾਏਗੀ।

ਕਵਰ ਹੋਣ ਵਾਲੇ ਗਰਭ ਨਿਰੋਧਕਾਂ ਦੀ ਸੂਚੀ ਇੱਥੋਂ ਪ੍ਰਾਪਤ (ਨਵੀਂ ਵਿੰਡੋ) ਕੀਤੀ ਜਾ ਸਕਦੀ ਹੈ।

ਹੁਣ ਲਈ ਇਹ ਹੀ ਹੈ। ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਯੂਨੀਵਰਸਲ ਫ਼ਾਰਮਾਕੇਅਰ ਨੂੰ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਦੇਸ਼ ਵਿਆਪੀ ਸਿੰਗਲ-ਪੇਅਰ ਮਾਡਲ ਤੱਕ ਵਿਸਤਾਰ ਕਰਨ ਤੋਂ ਪਹਿਲਾਂ ਇਸ ਪਹਿਲੇ ਪੜਾਅ ਦਾ ਮੁਲਾਂਕਣ ਕੀਤਾ ਜਾਵੇਗਾ।

ਕੈਨੇਡੀਅਨਜ਼ ਨੂੰ ਫ਼ਾਰਮਾਕੇਅਰ ਤੱਕ ਪਹੁੰਚ ਕਦੋਂ ਮਿਲੇਗੀ?

ਛੋਟਾ ਜਵਾਬ ਹੈ ... ਇਹ ਨਿਰਭਰ ਕਰਦਾ ਹੈ।

ਹੌਲੈਂਡ ਨੇ ਕਿਹਾ ਹੈ ਕਿ ਉਹ ਸਾਲ ਦੇ ਅੰਤ ਤੱਕ ਸੂਬਿਆਂ ਨਾਲ ਪਹਿਲੇ ਪੜਾਅ ਨੂੰ ਲਾਗੂ ਕਰਨ ਦੀ ਉਮੀਦ ਕਰਦੇ ਹਨ। ਇਹ ਸਮਾਂ-ਰੇਖਾ ਫ਼ੈਡਰਲ ਸਰਕਾਰ ਦੁਆਰਾ ਸੂਬਿਆਂ ਨਾਲ ਇਕਰਾਰਨਾਮਿਆਂ ਤੱਕ ਪਹੁੰਚਣ 'ਤੇ ਨਿਰਭਰ ਕਰਦੀ ਹੈ।

ਇਸਦਾ ਮਤਲਬ ਹੈ ਕਿ ਕੁਝ ਸੂਬਿਆਂ ਦੇ ਵਸਨੀਕਾਂ ਨੂੰ ਦੂਜਿਆਂ ਨਾਲੋਂ ਜਲਦੀ ਫ਼ਾਰਮਾਕੇਅਰ ਤੱਕ ਪਹੁੰਚ ਹੋ ਸਕਦੀ ਹੈ।

ਜੇਕਰ ਬਿੱਲ ਪਾਸ ਹੋ ਜਾਂਦਾ ਹੈ, ਤਾਂ ਕੈਨੇਡੀਅਨ ਡਰੱਗ ਏਜੰਸੀ ਫਿਰ ਇੱਕ ਰਾਸ਼ਟਰੀ ਖ਼ਰੀਦ ਯੋਜਨਾ ਅਤੇ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਦਾ ਇੱਕ ਰਾਸ਼ਟਰੀ ਫਾਰਮੂਲਾ ਤਿਆਰ ਕਰੇਗੀ।

ਇਹ ਸਪੱਸ਼ਟ ਨਹੀਂ ਹੈ ਕਿ ਇਹ ਪ੍ਰਕਿਰਿਆ ਫ਼ੈਡਰਲ ਸਰਕਾਰ ਦੀ ਸਮਾਂਰੇਖਾ ਨੂੰ ਕਿਵੇਂ ਪ੍ਰਭਾਵਤ ਕਰ ਸਕਦੀ ਹੈ।

ਸੂਬੇ ਕੀ ਕਹਿ ਰਹੇ ਹਨ?

ਹੁਣ ਤੱਕ, ਐਲਬਰਟਾ ਅਤੇ ਕਿਊਬੈਕ ਦੋਵਾਂ ਨੇ ਕਿਹਾ ਹੈ ਕਿ ਜੇਕਰ ਇਹ ਫ਼ਾਰਮਾਕੇਅਰ ਲਾਗੂ ਹੁੰਦਾ ਹੈ ਤਾਂ ਉਹ ਇਸ ਤੋਂ ਬਾਹਰ ਰਹਿਣ ਦੀ ਯੋਜਨਾ ਰੱਖਦੇ ਹਨ। ਦੋਵੇਂ ਸੂਬਿਆਂ ਦਾ ਕਹਿਣਾ ਹੈ ਕਿ ਉਹ ਪ੍ਰੋਗਰਾਮ ਦੇ ਫੰਡਿੰਗ ਦੇ ਆਪਣੇ ਹਿੱਸੇ ਨੂੰ ਆਪਣੇ ਹੈਲਥ ਸਿਸਟਮ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ।

ਐਲਬਰਟਾ ਦੀ ਸਿਹਤ ਮੰਤਰੀ ਐਡਰੀਐਨਾ ਲਾਗ੍ਰਾਂਜ

ਐਲਬਰਟਾ ਦੀ ਸਿਹਤ ਮੰਤਰੀ ਐਡਰੀਐਨਾ ਲਾਗ੍ਰਾਂਜ

ਤਸਵੀਰ: Todd Korol/The Canadian Press

ਓਨਟੇਰਿਓ ਸਰਕਾਰ ਨੇ ਅਜੇ ਤੱਕ ਵਚਨਬੱਧਤਾ ਨਹੀਂ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਕਾਨੂੰਨ ਦਾ ਸਮਰਥਨ ਕਰਨ ਤੋਂ ਪਹਿਲਾਂ ਇਸ ਬਾਰੇ ਹੋਰ ਵੇਰਵੇ ਦੇਖਣਾ ਚਾਹੁੰਦੀ ਹੈ। ਬੀਸੀ ਸਰਕਾਰ ਨੇ ਇਸ ਬਿੱਲ ਦੇ ਪੱਖ ਵਿਚ ਪ੍ਰਤਿਕਿਰਿਆ ਦਿੱਤੀ ਹੈ।

ਬਾਕੀ ਸੂਬਿਆਂ ਅਤੇ ਪ੍ਰਦੇਸ਼ਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਖੁੱਲ੍ਹੇ ਹਨ ਪਰ ਵਚਨਬੱਧਤਾ ਤੋਂ ਪਹਿਲਾਂ ਹੋਰ ਵੇਰਵੇ ਦੇਖਣਾ ਚਾਹੁੰਦੇ ਹਨ।

ਇਸ ‘ਤੇ ਕਿੰਨਾ ਖ਼ਰਚਾ ਆਵੇਗਾ?

ਫ਼ੈਡਰਲ ਅਧਿਕਾਰੀਆਂ ਨੇ ਅਜੇ ਤੱਕ ਫ਼ਾਰਮਾਕੇਅਰ ਪ੍ਰੋਗਰਾਮ ਦੇ ਪਹਿਲੇ ਪੜਾਅ ਦੀ ਸਹੀ ਲਾਗਤ ਦੀ ਪੁਸ਼ਟੀ ਨਹੀਂ ਕੀਤੀ ਹੈ।

ਸੂਬਿਆਂ ਨਾਲ ਅੰਤਮ ਸਮਝੌਤਿਆਂ ਤੋਂ ਬਿਨਾਂ, ਇਹ ਕਹਿਣਾ ਔਖਾ ਹੈ ਕਿ ਪ੍ਰੋਗਰਾਮ 'ਤੇ ਕਿੰਨਾ ਖ਼ਰਚਾ ਆਵੇਗਾ। ਫ਼ੈਡਰਲ ਬਜਟ ਵਿੱਚ ਜਾਰੀ ਕੀਤੇ ਗਏ ਅਨੁਮਾਨ ਦੱਸਦੇ ਹਨ ਕਿ ਪਹਿਲੇ ਪੜਾਅ ਵਿੱਚ ਪੰਜ ਸਾਲਾਂ ਵਿੱਚ $1.5 ਬਿਲੀਅਨ ਦੀ ਲਾਗਤ ਆਵੇਗੀ।

ਪੀਬੀਓ ਦੇ ਅਨੁਸਾਰ, ਇੱਕ ਪੂਰੀ ਤਰ੍ਹਾਂ ਲਾਗੂ, ਯੂਨੀਵਰਸਲ, ਰਾਸ਼ਟਰ-ਵਿਆਪੀ, ਸਿੰਗਲ-ਭੁਗਤਾਨ ਕਰਨ ਵਾਲੇ ਪ੍ਰਿਸਕ੍ਰਿਪਸ਼ਨ ਵਾਲੇ ਡਰੱਗ ਪ੍ਰੋਗਰਾਮ ਦੀ ਲਾਗਤ ਵਿੱਤੀ ਸਾਲ 2024-25 ਵਿੱਚ $33.2 ਬਿਲੀਅਨ ਹੋਣ ਦਾ ਅਨੁਮਾਨ ਹੈ, ਜੋ ਕਿ ਵਿੱਤੀ ਸਾਲ 2027-28 ਵਿੱਚ $38.9 ਬਿਲੀਅਨ ਤੱਕ ਪਹੁੰਚ ਜਾਵੇਗੀ।

ਫ਼ੈਡਰਲ ਸਰਕਾਰ ਦੀ ਅਨੁਮਾਨਿਤ ਲਾਗਤ 2024-25 ਵਿੱਚ $11.2 ਬਿਲੀਅਨ ਤੋਂ 2027-28 ਵਿੱਚ $13.4 ਬਿਲੀਅਨ ਤੱਕ ਹੋਵੇਗੀ।

ਪ੍ਰਿਸਕ੍ਰਿਸ਼ਪਸ਼ਨ ਵਾਲੀਆਂ ਦਵਾਈਆਂ ਦੀ ਵਰਤੋਂ ਵਿੱਚ ਸੰਭਾਵਿਤ ਵਾਧੇ ਦੇ ਬਾਵਜੂਦ, ਪੀਬੀਓ ਦਾ ਅੰਦਾਜ਼ਾ ਹੈ ਕਿ ਦਵਾਈਆਂ ਦੀਆਂ ਘੱਟ ਕੀਮਤਾਂ 2024-25 ਵਿੱਚ ਲਗਭਗ $1.4 ਬਿਲੀਅਨ ਦੀ ਆਰਥਿਕ ਬੱਚਤ ਵਿੱਚ ਯੋਗਦਾਨ ਪਾਉਣਗੀਆਂ, ਜੋ 2027-28 ਵਿੱਚ ਵਧ ਕੇ $2.2 ਬਿਲੀਅਨ ਹੋ ਜਾਵੇਗੀ।

ਹਿਮਾਇਤੀ ਦਾ ਕੀ ਕਹਿਣਾ ਹੈ?

ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਦੇ ਅਨੁਸਾਰ, ਹਰ ਪੰਜ ਵਿੱਚੋਂ ਇੱਕ ਕੈਨੇਡੀਅਨ ਬੀਮਾ ਰਹਿਤ ਹੈ ਅਤੇ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਲਈ ਜੇਬ ਵਿੱਚੋਂ ਭੁਗਤਾਨ ਕਰਦਾ ਹੈ

ਫ਼ਾਰਮਾਕੇਅਰ ਐਡਵੋਕੇਟ ਕਹਿੰਦੇ ਹਨ ਕਿ ਹੋਰ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਕੈਨੇਡੀਅਨਜ਼ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਦੀਆਂ ਜ਼ਿਆਦਾ ਉੱਚ ਕੀਮਤਾਂ ਅਦਾ ਕਰਦੇ ਹਨ।

ਕੌਂਸਲ ਔਫ਼ ਕੈਨੇਡੀਅਨਜ਼ ਨਾਂ ਦੇ ਇੱਕ ਸਮੂਹ ਨਾਲ ਜੁੜੇ ਨਿਕੋਲਸ ਬੈਰੀ-ਸ਼ੌਅ ਦਾ ਕਹਿਣਾ ਹੈ ਕਿ ਅਜਿਹਾ ਪ੍ਰੋਗਰਾਮ ਹਸਪਤਾਲਾਂ 'ਤੇ ਦਬਾਅ ਨੂੰ ਘਟਾਉਣ ਵਿੱਚ ਮਦਦ ਕਰੇਗਾ - ਕਿਉਂਕਿ ਜੇਕਰ ਜ਼ਿਆਦਾ ਲੋਕਾਂ ਦੀ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਤੱਕ ਪਹੁੰਚ ਹੁੰਦੀ ਹੈ, ਤਾਂ ਉਨ੍ਹਾਂ ਵਿੱਚੋਂ ਬਹੁਤ ਘੱਟ ਲੋਕਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੁੰਦੀ ਹੈ।

ਵਿਰੋਧੀਆਂ ਦਾ ਕੀ ਤਰਕ ਹੈ?

ਫ਼ਾਰਮਾਕੇਅਰ ਦੇ ਆਲੋਚਕ ਦਾਅਵਾ ਕਰਦੇ ਹਨ ਕਿ ਇਹ ਪ੍ਰੋਗਰਾਮ ਕੈਨੇਡੀਅਨਜ਼ ਲਈ ਉਪਲਬਧ ਦਵਾਈਆਂ ਦੀ ਵਿਭਿੰਨਤਾ ਨੂੰ ਘਟਾ ਦੇਵੇਗਾ ਅਤੇ ਉਹ ਕਹਿੰਦੇ ਹਨ ਕਿ ਇਹ ਪੈਸਾ ਸਿਹਤ-ਸੰਭਾਲ ਪ੍ਰਣਾਲੀ ਵਿੱਚ ਕਿਤੇ ਹੋਰ ਬਿਹਤਰ ਢੰਗ ਨਾਲ ਵਰਤਿਆ ਜਾ ਸਕਦਾ ਹੈ।

ਡਾ. ਬੇਟੀਨਾ ਹੈਮਲਿਨ, ਇਨੋਵੇਟਿਵ ਮੈਡੀਸਨਜ਼ ਕੈਨੇਡਾ ਦੀ ਪ੍ਰਧਾਨ - ਜੋ ਕਿ ਫਾਰਮਾਸਿਊਟੀਕਲ ਕੰਪਨੀਆਂ ਦੀ ਨੁਮਾਇੰਦਗੀ ਕਰਦੀ ਹੈ - ਨੇ ਕਿਹਾ ਕਿ ਇੱਕ ਸਿੰਗਲ-ਪੇਅਰ ਫ਼ਾਰਮਾਕੇਅਰ ਸਿਸਟਮ ਵੱਲ ਜਾਣ ਨਾਲ ਜ਼ਿਆਦਾਤਰ ਕੈਨੇਡੀਅਨਜ਼ ਲਈ ਡਰੱਗ ਕਵਰੇਜ ਦੀ ਗੁਣਵੱਤਾ ਵਿੱਚ ਕਮੀ ਆਵੇਗੀ।

ਵਿਰੋਧੀ ਕਹਿੰਦੇ ਹਨ ਕਿ ਕੈਨੇਡੀਅਨਜ਼ ਦੀ ਵੱਡੀ ਬਹੁਗਿਣਤੀ ਕੋਲ ਪਹਿਲਾਂ ਹੀ ਉਪਲਬਧ ਕਵਰੇਜ ਦੀ ਵਿਸ਼ਾਲ ਸ਼੍ਰੇਣੀ ਹੈ। ਲਗਭਗ 88 ਪ੍ਰਤੀਸ਼ਤ ਕੈਨੇਡੀਅਨਜ਼ ਕੋਲ ਪਹਿਲਾਂ ਹੀ ਵਿਆਪਕ ਪ੍ਰਿਸਕ੍ਰਿਸ਼ਪਸ਼ਨ ਵਾਲੀਆਂ ਦਵਾਈਆਂ ਦੀ ਕਵਰੇਜ ਹੈ।

ਕੈਨੇਡੀਅਨ ਐਸੋਸੀਏਸ਼ਨ ਆਫ਼ ਫਾਰਮਾਸਿਸਟ, ਜੋ ਪੂਰੇ ਕੈਨੇਡਾ ਵਿੱਚ 45,000 ਤੋਂ ਵੱਧ ਫਾਰਮਾਸਿਸਟਾਂ ਦੀ ਨੁਮਾਇੰਦਗੀ ਕਰਦੀ ਹੈ, ਇੱਕ ਮਿਸ਼ਰਤ-ਭੁਗਤਾਨ ਕਰਨ ਵਾਲੇ ਮਾਡਲ ਦੀ ਮੰਗ ਕਰ ਰਹੀ ਹੈ ਜੋ ਜਨਤਕ ਅਤੇ ਨਿੱਜੀ ਬੀਮਾ ਪ੍ਰੋਗਰਾਮਾਂ 'ਤੇ ਅਧਾਰਤ ਹੋਵੇ।

ਇਸ ਦਾ ਭਵਿੱਖ ਕਿਵੇਂ ਦਾ ਹੈ?

ਇਹ ਮੰਨ ਲਓ ਕਿ ਬਿੱਲ ਪਾਰਲੀਮੈਂਟ ਵਿੱਚੋਂ ਪਾਸ ਹੋ ਜਾਂਦਾ ਹੈ, ਬਹੁਤ ਕੁਝ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੀ ਫ਼ੈਡਰਲ ਸਰਕਾਰ ਸੂਬਿਆਂ ਤੋਂ ਲੋੜੀਂਦੀ ਸਹਾਇਤਾ ਪ੍ਰਾਪਤ ਕਰ ਸਕਦੀ ਹੈ। ਅਗਲੇ ਸਾਲ ਫ਼ੈਡਰਲ ਚੋਣਾਂ ਵੀ ਹਨ।

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਇਹ ਨਹੀਂ ਕਿਹਾ ਹੈ ਕਿ ਕੀ ਉਹ ਫ਼ਾਰਮਾਕੇਅਰ ਨੂੰ ਰੱਦ ਕਰਨਗੇ ਜਾਂ ਨਹੀਂ। ਉਹਨਾਂ ਨੇ ਇਹ ਕਹਿੰਦਿਆਂ ਇਸ ਵਿਚਾਰ ਦੀ ਆਲੋਚਨਾ ਕੀਤੀ ਹੈ ਕਿ ਇਹ ਨਿੱਜੀ ਬੀਮਾ ਯੋਜਨਾਵਾਂ 'ਤੇ ਪਾਬੰਦੀ ਲਗਾ ਦੇਵੇਗਾ। (ਪ੍ਰਸਤਾਵਿਤ ਕਾਨੂੰਨ ਨਿੱਜੀ ਯੋਜਨਾਵਾਂ 'ਤੇ ਪਾਬੰਦੀ ਨਹੀਂ ਲਗਾਏਗਾ।)

ਪੌਲੀਐਵ ਨੇ ਲਿਬਰਲ ਸਰਕਾਰ ਦੌਰਾਨ ਬਜਟ ਘਾਟਿਆਂ ਦੀ ਵੀ ਪੁਰਜ਼ੋਰ ਆਲੋਚਨਾ ਕੀਤੀ ਹੈ, ਜਿਸ ਨਾਲ ਪੌਲੀਐਵ ਦੀ ਸਰਕਾਰ ਬਣਨ ਦੀ ਸਥਿਤੀ ਵਿਚ ਲਿਬਰਲਾਂ ਦੇ ਸਮਾਜਿਕ ਪ੍ਰੋਗਰਾਮਾਂ ਦੇ ਭਵਿੱਖ ‘ਤੇ ਸ਼ੰਕੇ ਪੈਦਾ ਹੋ ਰਹੇ ਹਨ।

ਜਸਟਿਨ ਫ਼ੀਆਕੌਨੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ