1. ਮੁੱਖ ਪੰਨਾ
  2. ਰਾਜਨੀਤੀ
  3. ਅੰਤਰਰਾਸ਼ਟਰੀ ਸੰਬੰਧ

‘ਭਾਰਤ ਦੀ ਤਕਦੀਰ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ’, ਕੈਨੇਡਾ ਵਿਚ ਭਾਰਤੀ ਰਾਜਦੂਤ ਦਾ ਬਿਆਨ

ਸੰਜੇ ਵਰਮਾ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਚਿੰਤਾ ‘ਕੈਨੇਡਾ ਦੀ ਧਰਤੀ ਤੋਂ ਉਭਰ ਰਿਹਾ ਰਾਸ਼ਟਰੀ ਸੁਰੱਖਿਆ ਖ਼ਤਰਾ’ ਹੈ

ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਅਗਸਤ 2023 ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ।

ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਅਗਸਤ 2023 ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ।

ਤਸਵੀਰ: (Patrick Doyle/The Canadian Press

RCI

ਕੈਨੇਡਾ ਵਿਚ ਭਾਰਤੀ ਰਾਜਦੂਤ ਨੇ ਕਿਹਾ ਕਿ ਖ਼ਾਸੇ ਸ਼ੋਰ-ਸ਼ਰਾਬੇ ਦੇ ਬਾਵਜੂਦ, ਦੋਵੇਂ ਦੇਸ਼ਾਂ ਵਿਚ ਆਪਸੀ ਸਬੰਧ ਸਮੁੱਚੇ ਤੌਰ ‘ਤੇ ਸਕਾਰਾਤਮਕ ਹਨ।

ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਆਰਸੀਐਮਪੀ ਵੱਲੋਂ ਤਿੰਨ ਭਾਰਤੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਰਤ ਦੇ ਰਾਜਦੂਤ ਸੰਜੇ ਕੁਮਾਰ ਵਰਮਾ ਆਪਣੇ ਪਹਿਲੇ ਜਨਤਕ ਸੰਬੋਧਨ ਵਿਚ ਇਸ ਮਾਮਲੇ ਨੂੰ ਘਰੇਲੂ ਅਪਰਾਧ ਨਾਲ ਜੋੜਦੇ ਪ੍ਰਤੀਤ ਹੋਏ।

ਪਰ ਉਨ੍ਹਾਂ ਨੇ ਸਿੱਖ ਵੱਖਵਾਦੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ‘ਇੱਕ ਵੱਡੀ ਲਾਲ ਲਕੀਰ’ ਭਾਵ ਹੱਦ ਪਾਰ ਕਰ ਰਹੇ ਹਨ ਜਿਸਨੂੰ ਭਾਰਤ ਇੱਕ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਵੱਜੋਂ ਦੇਖਦਾ ਹੈ।

ਮੌਂਟਰੀਅਲ ਕੌਂਸਲ ਔਨ ਫ਼ੌਰਨ ਰਿਲੇਸ਼ਨਜ਼ ਵਿਚ ਬੋਲਦਿਆਂ ਸੰਜੇ ਵਰਮਾ ਨੇ ਕਿਹਾ, ਭਾਰਤ ਦੀ ਤਕਦੀਰ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ

ਮੰਗਲਵਾਰ ਸਵੇਰੇ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਦੁਹਰਾਇਆ ਕਿ ਕੈਨੇਡਾ ਸਰਕਾਰ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਭਾਰਤ ਦੀ ਸ਼ਮੂਲੀਅਤ ਦੇ ਇਲਜ਼ਾਮਾਂ ’ਤੇ ਬਰਕਰਾਰ ਹੈ।

ਨਿੱਝਰ ਇੱਕ ਵੱਖਰੇ ਸਿੱਖ ਰਾਜ ਦਾ ਹਾਮੀ ਸੀ। ਪਿਛਲੇ ਸਾਲ 18 ਜੂਨ ਨੂੰ ਨਿੱਝਰ ਦਾ ਸਰੀ ਦੇ ਗੁਰਦੂਆਰੇ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਨਿੱਝਰ ਖਿਲਾਫ਼ ਭਾਰਤ ਵਿਚ ਗ੍ਰਿਫ਼ਤਾਰੀ ਵਾਰੰਟ ਸੀ, ਪਰ ਕੈਨੇਡਾ ਨੇ ਕਦੇ ਵੀ ਉਸ ਦੀ ਹਵਾਲਗੀ ਨਹੀਂ ਕੀਤੀ ਕਿਉਂਕਿ ਨਿੱਝਰ ਖ਼ਿਲਾਫ਼ ਕੋਈ ਗੰਭੀਰ ਅਪਰਾਧ ਕੀਤੇ ਜਾਣ ਦਾ ਕੋਈ ਭਰੋਸੇਯੋਗ ਸਬੂਤ ਨਹੀਂ ਸੀ।

ਇਸ ਕਤਲ ਨੇ ਵਿਰੋਧ ਦੀ ਲਹਿਰ ਛੇੜ ਦਿੱਤੀ ਸੀ ਅਤੇ ਕੁਝ ਸਿੱਖ ਸਮੂਹਾਂ ਨੇ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਦੇ ਨਾਮ ਲੈਕੇ ਧਮਕੀਆਂ ਦੇਣ ਵਾਲੇ ਪੋਸਟਰ ਤੱਕ ਵੰਡੇ ਸਨ।

ਟ੍ਰੂਡੋ ਵੱਲੋਂ ਭਾਰਤ ਨੂੰ ਜਨਤਕ ਤੌਰ 'ਤੇ ਇਸ ਕਤਲ ਨਾਲ ਜੋੜਨ ਤੋਂ ਇੱਕ ਮਹੀਨਾ ਪਹਿਲਾਂ ਕੈਨੇਡਾ ਨੇ ਪਿਛਲੇ ਅਗਸਤ ਵਿੱਚ ਭਾਰਤ ਨਾਲ ਵਪਾਰਕ ਗੱਲਬਾਤ ਨੂੰ ਰੋਕ ਦਿੱਤਾ ਸੀ।

ਇਹ ਕੂਟਨੀਤਕ ਤਣਾਅ ਫ਼ੌਲ ਸੀਜ਼ਨ ਤੱਕ ਜਾਰੀ ਰਿਹਾ ਜਦੋਂ ਭਾਰਤ ਨੇ ਕੈਨੇਡਾ ਨੂੰ ਆਪਣੇ ਦੋ-ਤਿਹਾਈ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਲਈ ਆਖਿਆ ਅਤੇ ਅਜਿਹਾ ਨਾ ਕਰਨ ‘ਤੇ ਉਨ੍ਹਾਂ ਡਿਪਲੋਮੈਟਾਂ ਦੀ ਕੂਟਨੀਤਕ ਰਿਆਇਤ ਖ਼ਤਮ ਕਰਨ ਦੀ ਧਮਕੀ ਦਿੱਤੀ। ਇਸ ਤੋਂ ਇਲਾਵਾ ਭਾਰਤ ਨੇ ਅਸਥਾਈ ਤੌਰ ‘ਤੇ ਕੈਨੇਡੀਅਨ ਨਾਗਰਿਕਾਂ ਨੂੰ ਆਪਣਾ ਵੀਜ਼ਾ ਦੇਣਾ ਵੀ ਰੋਕ ਦਿੱਤਾ ਸੀ।

ਤਿੰਨੇ ਮੁਲਜ਼ਮਾਂ ਦੀ ਮੰਗਲਵਾਰ ਨੂੰ ਸਰੀ ਦੀ ਅਦਾਲਤ ਵਿਚ ਪੇਸ਼ੀ ਹੋਈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਨਿੱਝਰ ਕਤਲ ਕਾਂਡ ਵਿਚ ਇਸ ਗੱਲ ਦੀ ਵੀ ਜਾਂਚ ਜਾਰੀ ਹੈ ਕਿ ਕੀ ਇਸ ਵਿਚ ਭਾਰਤ ਸਰਕਾਰ ਦੀ ਕੋਈ ਭੂਮਿਕਾ ਸੀ।

ਸੰਜੇ ਵਰਮਾ ਨੇ ਕਿਹਾ ਕਿ ਹਾਲ ਹੀ ਵਿਚ ਦਰਪੇਸ਼ ‘ਨਕਾਰਾਤਮਕ’ ਵਰਤਾਰਿਆਂ ਦਾ ਕਾਰਨ ‘ਦਹਾਕਿਆਂ ਪੁਰਾਣੇ ਮਸਲਿਆਂ’ ਨੂੰ ਲੈਕੇ ਕੈਨੇਡਾ ਦੀ ਸਮਝ ਦੀ ਘਾਟ ਹੈ, ਜਿਸ ਮਸਲੇ ਨੂੰ ਭਾਰਤੀ ਮੂਲ ਦੇ ਕੁਝ ਕੈਨੇਡੀਅਨਜ਼ ਮੁੜ ਉਭਾਰ ਰਹੇ ਹਨ।

 ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਚਿੰਤਾ ‘ਕੈਨੇਡਾ ਦੀ ਧਰਤੀ ਤੋਂ ਉੱਭਰ ਰਿਹਾ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ’ ਹੈ। ਉਨ੍ਹਾਂ ਕਿਹਾ ਕਿ ਭਾਰਤ ਦੋਹਰੀ ਨਾਗਰਿਕਤਾ ਨਹੀਂ ਦਿੰਦਾ ਇਸ ਕਰਕੇ ਜੋ ਕੋਈ ਵੀ ਕਿਸੇ ਹੋਰ ਦੇਸ਼ ਦਾ ਨਾਗਰਿਕ ਹੋ ਜਾਂਦਾ ਹੈ ਤਾਂ ਭਾਰਤ ਲਈ ਉਹ ਵਿਦੇਸ਼ੀ ਹੁੰਦਾ ਹੈ।

ਭਾਰਤ ਆਪਣੇ ਚੋਂ ਇੱਕ ਵੱਖਰੇ ਦੇਸ਼ ਦੀ ਮੰਗ ਨੂੰ ਅਸੰਵਿਧਾਨਕ ਮੰਨਦਾ ਹੈ, ਪਰ ਕੈਨੇਡਾ ਸ਼ੁਰੂ ਤੋਂ ਕਹਿੰਦਾ ਰਿਹਾ ਹੈ ਕਿ ਸਿੱਖ ਭਾਈਚਾਰਾ ਪ੍ਰਗਟਾਵੇ ਦੀ ਆਜ਼ਾਦੀ ਦਾ ਪਾਤਰ ਹੈ, ਜੇਕਰ ਇਸ ਦੌਰਾਨ ਉਹ ਹਿੰਸਾ ਨੂੰ ਨਹੀਂ ਉਕਸਾਉਂਦਾ।

ਵਰਮਾ ਨੇ ਕਿਹਾ, ਇਸ ਲਈ ਜੇ ਇਹ ਵਿਦੇਸ਼ੀ, ਜੇ ਮੈਂ ਕਹਿ ਸਕਾਂ ਕਿ, ਭਾਰਤ ਦੀ ਖੇਤਰੀ ਅਖੰਡਤਾ ਉੱਪਰ ਮੰਦੀ ਨਜ਼ਰ ਪਾਉਂਦੇ ਹਨ, ਇਸ ਨੂੰ ਅਸੀਂ ਵੱਡੀ ਲਾਲ ਲਕੀਰ ਟੱਪਣ ਵਾਲੀ ਗੱਲ ਸਮਝਦੇ ਹਾਂ

ਉਨ੍ਹਾਂ ਨੇ ਸਪਸ਼ਟ ਨਹੀਂ ਕੀਤਾ ਕਿ ਕੀ ਉਹ ਨਿੱਝਰ ਮਾਮਲੇ ਵਿਚ ਸ਼ਾਮਲ ਵਿਦੇਸ਼ੀਆਂ ਦੀ ਗੱਲ ਕਰ ਰਹੇ ਸਨ ਜਾਂ ਸਮੁੱਚੇ ਤੌਰ ‘ਤੇ ਸਿੱਖ ਵੱਖਵਾਦ ਦੀ ਗੱਲ ਕਰ ਰਹੇ ਸਨ।

ਸੰਜੇ ਵਰਮਾ ਨੇ ਕਿਹਾ ਕਿ ਕੁਝ ਅਸਪਸ਼ਟ ਮੀਡੀਆ ਰਿਪੋਰਟਾਂ ਵਿਚ ਵਧਾ ਚੜ੍ਹਾ ਕੇ ਗੱਲ ਲਿਖੀ ਹੁੰਦੀ ਹੈ, ਹਾਲਾਂਕਿ ਉਨ੍ਹਾਂ ਨੇ ਸਵੀਕਾਰਿਆ ਕਿ ਉਨ੍ਹਾਂ ਵਿਚ ਕੁਝ ਤੱਥ ਵੀ ਹੋਣਗੇ।

ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਵੰਬਰ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਮਿਲਣ ਲਈ ਲੰਡਨ ਦੇ ਪੀ ਐਮ ਨਿਵਾਸ ਪਹੁੰਚਦੇ ਹੋਏ।

ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਵੰਬਰ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਮਿਲਣ ਲਈ ਲੰਡਨ ਦੇ ਪੀ ਐਮ ਨਿਵਾਸ ਪਹੁੰਚਦੇ ਹੋਏ।

ਤਸਵੀਰ: Associated Press / Kin Cheung

ਵੀਕੈਂਡ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਨਿੱਝਰ ਮਾਮਲੇ ਵਿਚ ਗ੍ਰਿਫ਼ਤਾਰੀਆਂ ਬਾਰੇ ਪ੍ਰਤੀਕਰਮ ਦਿੰਦਿਆਂ ਕੈਨੇਡਾ ‘ਤੇ ਅਪਰਾਧੀਆਂ ਦਾ ਸਵਾਗਤ ਕਰਨ ਦਾ ਦੋਸ਼ ਲਗਾਇਆ ਸੀ।

ਪਰ ਸੰਜੇ ਵਰਮਾ ਦਾ ਲਹਿਜਾ ਨਰਮ ਰਿਹਾ ਅਤੇ ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਵਿਚ ਹਨ।

ਅਸੀਂ ਕਿਸੇ ਵੀ ਦਿਨ ਗੱਲਬਾਤ ਲਈ ਤਿਆਰ ਹਾਂ, ਅਤੇ ਅਸੀਂ ਅਜਿਹਾ ਕਰ ਰਹੇ ਹਾਂ

ਸੰਜੇ ਵਰਮਾ ਦੇ ਬਿਆਨਾਂ ਤੋਂ ਕੁਝ ਘੰਟਿਆਂ ਪਹਿਲਾਂ, ਮੈਲੇਨੀ ਜੋਲੀ ਨੇ ਕਿਹਾ ਕਿ ਉਨ੍ਹਾਂ ਦਾ ਅਜੇ ਵੀ ਉਦੇਸ਼ ਭਾਰਤ ਨਾਲ ਪ੍ਰਾਈਵੇਟ ਵਿਚ ਕੂਟਨੀਤਕ ਗੱਲਬਾਤ ਕਰਨਾ ਹੈ।

ਉਨ੍ਹਾਂ ਕਿਹਾ ਕਿ ਉਹ ਇਸ ਕੇਸ 'ਤੇ ਕੋਈ ਨਵੀਂ ਟਿੱਪਣੀ ਦੇਣ ਦੀ ਬਜਾਏ ਆਰਸੀਐਮਪੀ ਨੂੰ ਉਸਦੀ ਜਾਂਚ ਕਰਨ ਦੇਣਗੇ।

ਜੋਲੀ ਨੇ ਕਿਹਾ, ਅਸੀਂ ਉਨ੍ਹਾਂ ਦੋਸ਼ਾਂ ‘ਤੇ ਬਰਕਰਾਰ ਹਾਂ ਕਿ ਭਾਰਤੀ ਏਜੰਟਾਂ ਦੁਆਰਾ ਕੈਨੇਡਾ ਦੀ ਧਰਤੀ 'ਤੇ ਇੱਕ ਕੈਨੇਡੀਅਨ ਦੀ ਹੱਤਿਆ ਕੀਤੀ ਗਈ ਸੀ

ਆਰਸੀਐਮਪੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮੈਂ ਹੋਰ ਟਿੱਪਣੀ ਨਹੀਂ ਕਰਾਂਗੀ ਅਤੇ ਸਾਡੀ ਸਰਕਾਰ ਦੇ ਕੋਈ ਹੋਰ ਅਧਿਕਾਰੀ ਅੱਗੇ ਟਿੱਪਣੀ ਨਹੀਂ ਕਰਨਗੇ

ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ

ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ

ਤਸਵੀਰ: (Spencer Colby/The Canadian Press)

ਵਰਮਾ ਨੇ ਆਪਣੇ ਮੰਗਲਵਾਰ ਦੇ ਭਾਸ਼ਣ ਨੂੰ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿੱਚ ਹੋ ਰਹੀਆਂ ਬਹੁਤ ਸਾਰੀਆਂ ਸਕਾਰਾਤਮਕ ਚੀਜ਼ਾਂ 'ਤੇ ਕੇਂਦਰਿਤ ਕੀਤਾ।

ਉਹਨਾਂ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਦੁਵੱਲਾ ਵਪਾਰ 26 ਬਿਲੀਅਨ ਡਾਲਰ ਦਾ ਹੈ, ਅਤੇ ਪਿਛਲੇ 11 ਮਹੀਨਿਆਂ ਵਿੱਚ, ਕੈਨੇਡੀਅਨ ਦਾਲ ਨਿਰਯਾਤ ਵਿੱਚ 75 ਪ੍ਰਤੀਸ਼ਤ ਅਤੇ ਕੈਨੇਡਾ ਵਿੱਚ ਪਹੁੰਚਣ ਵਾਲੀਆਂ ਭਾਰਤ ਵੱਲੋਂ ਤਿਆਰ ਦਵਾਈਆਂ ਵਿੱਚ 21 ਪ੍ਰਤੀਸ਼ਤ ਵਾਧਾ ਹੋਇਆ ਹੈ।

ਏਸ਼ੀਆ ਪੈਸੀਫਿਕ ਫਾਊਂਡੇਸ਼ਨ ਔਫ਼ ਕੈਨੇਡਾ ਦੀ ਰਿਸਰਚ ਵਾਈਸ-ਪ੍ਰੈਜ਼ੀਡੈਂਟ, ਵੀਨਾ ਨਦਜੀਬੁੱਲਾ ਨੇ ਕਿਹਾ ਕਿ ਭਾਰਤ ਕੈਨੇਡਾ ਅਤੇ ਇਸ ਦੇ ਕਈ ਸਾਥੀਆਂ ਲਈ ਮਹੱਤਵ ਵਧਾ ਰਿਹਾ ਹੈ।

ਕੈਨੇਡਾ ਇਸ ਸਮੇਂ ਭਾਰਤ ਨਾਲ ਰਣਨੀਤਕ ਭਾਈਵਾਲੀ ਨੂੰ ਡੂੰਘਾ ਕਰਨ ਦੀ ਗੱਲ ਕਰਨ ਵਾਲੇ ਦੇਸ਼ਾਂ ਤੋਂ ਪਾਸੇ ਖੜਾ ਹੈ

ਸਾਨੂੰ ਉਸ ਰਿਸ਼ਤੇ ਨੂੰ ਸਥਿਰ ਕਰਨ ਅਤੇ ਸੁਧਾਰਨ ਦੀ ਲੋੜ ਹੈ, ਕਿਉਂਕਿ ਇਹ ਕੈਨੇਡਾ ਦੇ ਰਾਸ਼ਟਰੀ ਹਿੱਤ ਵਿੱਚ ਹੈ

ਉਨ੍ਹਾਂ ਕਿਹਾ ਕਿ ਕੈਨੇਡੀਅਨ ਕਾਰੋਬਾਰ ਅਤੇ ਸੂਬੇ ਮਜ਼ਬੂਤ ​​ਸਬੰਧਾਂ ਦੀ ਮੰਗ ਕਰ ਰਹੇ ਹਨ। ਐਲਬਰਟਾ ਪ੍ਰੀਮੀਅਰ ਡੇਨੀਅਲ ਸਮਿਥ ਨੇ ਮਾਰਚ ਵਿੱਚ ਸੰਜੇ ਵਰਮਾ ਦਾ ਸਵਾਗਤ ਕੀਤਾ ਸੀ।

ਅਤੇ ਸਸਕੈਚਵਨ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਸਨੇ ਭਾਰਤ ਸਰਕਾਰ ਨੂੰ ਭਾਰਤ ਵਿੱਚ ਸਸਕੈਚਵਨ ਦੇ ਨੁਮਾਇੰਦੇ ਨੂੰ ਬਹਾਲ ਕਰਨ ਲਈ ਆਮਾਦਾ ਕੀਤਾ ਹੈ ਅਤੇ ਕਿਹਾ ਕਿ ਉਨ੍ਹਾਂ ਦਾ ਅਧਿਕਾਰੀ ਉਨ੍ਹਾਂ ਕੈਨੇਡੀਅਨਜ਼ ਵਿੱਚ ਸ਼ਾਮਲ ਸੀ ਜਿਨ੍ਹਾਂ ਨੂੰ ਫ਼ੌਲ ਦੌਰਾਨ ਭਾਰਤ ਛੱਡਣਾ ਪਿਆ ਸੀ।

ਭਾਰਤ ਨੇ ਹੋਰ ਕੈਨੇਡੀਅਨ ਡਿਪਲੋਮੈਂਟਾਂ ਦੀ ਵਾਪਸੀ ਦੀ ਆਗਿਆ ਨਹੀਂ ਦਿੱਤੀ ਹੈ।

ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ ਨੇ ਪਿਛਲੇ ਫਰਵਰੀ ਵਿੱਚ ਜੈਸ਼ੰਕਰ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਵਿੱਚ ਇੱਕ ਪ੍ਰਮੁੱਖ ਵਿਦੇਸ਼ ਨੀਤੀ ਸੰਮੇਲਨ, ਰਾਏਸੇਨਾ ਡਾਇਲਾਗ ਵਿੱਚ ਗੱਲ ਕੀਤੀ ਸੀ।

ਨਦਜੀਬੁੱਲਾ ਨੇ ਵੀ ਇਸੇ ਕਾਨਫਰੰਸ ਵਿਚ ਸ਼ਿਰਕਤ ਕੀਤੀ ਸੀ। ਉਹਨਾਂ ਦੇਖਿਆ ਕਿ ਭਾਰਤ ਨੇ ਆਪਣੀ ਵਧਦੀ ਆਰਥਿਕ ਸ਼ਕਤੀ, ਆਬਾਦੀ ਅਤੇ ਖੇਤਰੀ ਦਬਦਬੇ 'ਤੇ ਜ਼ਬਰਦਸਤ ਵਿਸ਼ਵਾਸ ਪ੍ਰਗਟਾਇਆ ਸੀ।

ਨਦਜੀਬੁੱਲਾ ਨੇ ਕਿਹਾ ਕਿ ਭਾਰਤ ਵੱਲ ਕਈ ਪਾਰਟਨਰ ਰੁਖ਼ ਕਰ ਰਹੇ ਹਨ ਅਤੇ ਨਿੱਝਰ ਦੇ ਮਾਮਲੇ ਦੇ ਬਾਵਜੂਦ, ਭਾਰਤ ਨੂੰ ਕੈਨੇਡਾ ਨਾਲ ਵਪਾਰਕ ਗੱਲਬਾਤ ਬਹਾਲ ਕਰਨ ‘ਤੇ ਵਿਚਾਰ ਕਰਨਾ ਚਾਹੀਦਾ ਹੈ।

ਪਰ ਹਰ ਕੋਈ ਇਸ ਨਾਲ ਸਹਿਮਤ ਨਹੀਂ। ਮੰਗਲਵਾਰ ਨੂੰ ਸਿੱਖਸ ਫ਼ੌਰ ਜਸਟਿਸ ਨੇ ਨਿੱਝਰ ਮਾਮਲੇ ਅਤੇ ਭਾਰਤ ਵੱਲੋਂ ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ ਵਰਮਾ ਦੇ ਭਾਸ਼ਣ ਨੂੰ ਰੱਦ ਕਰਨ ਦੀ ਮੰਗ ਕੀਤੀ।

ਇਸ ਸੰਸਥਾ ਦੇ ਨਿਊਯਾਰਕ-ਅਧਾਰਤ ਵਕੀਲ ਗੁਰਪਤਵੰਤ ਸਿੰਘ ਪੰਨੂ ਦਾ ਨਾਮ ਅਮਰੀਕੀ ਸਰਕਾਰੀ ਵਕੀਲਾਂ ਨੇ ਹੱਤਿਆ ਦੀ ਇੱਕ ਅਸਫਲ ਸਾਜ਼ਿਸ਼ ਦੇ ਨਿਸ਼ਾਨੇ ਵਜੋਂ ਨਾਮਜ਼ਦ ਕੀਤਾ ਸੀ, ਜਿਸ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਇੱਕ ਭਾਰਤੀ ਸਰਕਾਰੀ ਅਧਿਕਾਰੀ ’ਤੇ ਲੱਗਿਆ ਸੀ। ਅਦਾਲਤ ਵਿੱਚ ਇਹ ਦੋਸ਼ ਸਾਬਤ ਨਹੀਂ ਹੋਇਆ ਹੈ।

ਸਾਡੀ ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਕੈਨੇਡਾ ਵਿਚ ਹੈ

ਭਾਰਤ ਵਿਚ ਇਸ ਸਮੇਂ ਸੰਸਦੀ ਚੋਣਾਂ ਦਾ ਦੌਰ ਹੈ।

ਪਿਛਲੇ ਮਹੀਨੇ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਖੇਤਰੀ ਅਖੰਡਤਾ ਨੂੰ ਚੁਣੌਤੀ ਦੇਣ ਵਾਲੇ ਵਿਦੇਸ਼ੀਆਂ ਨੂੰ ਉਨ੍ਹਾਂ ਦੇ ਘਰ ਵਿਚ ਵੜ੍ਹ ਕੇ ਮਾਰਨ ਦੀ ਆਪਣੇ ਦੇਸ਼ ਦੀ ਸਮਰੱਥਾ ਬਾਰੇ ਦੋ ਵਾਰ ਹਿੰਦੀ ਵਿੱਚ ਬਿਆਨ ਦਿੱਤੇ।

ਪਿਛਲੇ ਹਫ਼ਤੇ ਜੈਸ਼ੰਕਰ ਨੇ ਸਿੱਖ ਵੱਖਵਾਦ ਦਾ ਹਵਾਲਾ ਦਿੰਦਿਆਂ ਕਿਹਾ ਸੀ, ਸਾਡੀ ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਕੈਨੇਡਾ ਵਿਚ ਹੈ

ਫੈਡਰਲ ਕੈਬਨੇਟ ਮੰਤਰੀ ਹਰਜੀਤ ਸੱਜਣ, ਜਿਹਨਾਂ ਨੂੰ ਭਾਰਤੀ ਅਧਿਕਾਰੀਆਂ ਨੇ ਸਿੱਖ ਰਾਸ਼ਟਰਵਾਦੀ ਵਜੋਂ ਪੇਸ਼ ਕੀਤਾ ਹੋਇਆ ਹੈ, ਨੇ ਮੰਗਲਵਾਰ ਨੂੰ ਕਿਹਾ ਕਿ ਉਹ ਭਾਰਤ ਦੇ ਦਾਅਵਿਆਂ ਨੂੰ ਸਹੀ ਨਹੀਂ ਮੰਨਦੇ।

ਉਹਨਾਂ ਕਿਹਾ, ਅਸੀਂ ਕਿਸੇ ਵੀ ਦੇਸ਼ ਦੁਆਰਾ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ ਬਾਰੇ ਕਿਸੇ ਵੀ ਦੋਸ਼ ਅਤੇ ਜਾਣਕਾਰੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ

ਭਾਰਤ ਦੁਆਰਾ ਮੇਰੇ ਅਤੇ ਮੇਰੇ ਪਰਿਵਾਰ ਸਮੇਤ ਇਸ ਦੇਸ਼ ਦੇ ਵਿਅਕਤੀਆਂ ਬਾਰੇ ਬਹੁਤ ਗ਼ਲਤ ਅਤੇ ਝੂਠੀ ਜਾਣਕਾਰੀ ਦਿੱਤੀ ਗਈ ਹੈ

ਡਾਇਲਨ ਰੌਬਰਟਸਨ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ