1. ਮੁੱਖ ਪੰਨਾ
  2. ਵਾਤਾਵਰਨ
  3. ਘਟਨਾਵਾਂ ਅਤੇ ਕੁਦਰਤੀ ਆਫ਼ਤ

ਜੰਗਲੀ ਅੱਗ ਦੇ ਖ਼ਤਰੇ ਕਰਕੇ ਫ਼ੋਰਟ ਮਕਮਰੇ ਦੇ ਹਜ਼ਾਰਾਂ ਵਸਨੀਕਾਂ ਨੇ ਸ਼ਹਿਰ ਛੱਡਿਆ

ਲੋਕਾਂ ਨੂੰ ਕੋਲਡ ਲੇਕ ਅਤੇ ਐਡਮੰਟਨ ਜਾਣ ਦੇ ਨਿਰਦੇਸ਼

ਜੰਗਲੀ ਅੱਗ ਦੇ ਮੱਦੇਨਜ਼ਰ ਸ਼ਹਿਰ ਛੱਡਣ ਦੇ ਆਦੇਸ਼ ਜਾਰੀ ਹੋਣ ਤੋਂ ਬਾਅਦ ਹਾਈਵੇਅ 63 ਰਾਹੀਂ ਫ਼ੋਰਟ ਮਕਮਰੇ ਚੋਂ ਬਾਹਰ ਨਿਕਲਦੇ ਸਥਾਨਕ ਲੋਕ।

ਜੰਗਲੀ ਅੱਗ ਦੇ ਮੱਦੇਨਜ਼ਰ ਮੰਗਲਵਾਰ ਨੂੰ ਸ਼ਹਿਰ ਛੱਡਣ ਦੇ ਆਦੇਸ਼ ਜਾਰੀ ਹੋਣ ਤੋਂ ਬਾਅਦ ਹਾਈਵੇਅ 63 ਰਾਹੀਂ ਫ਼ੋਰਟ ਮਕਮਰੇ ਚੋਂ ਬਾਹਰ ਨਿਕਲਦੇ ਸਥਾਨਕ ਲੋਕ।

ਤਸਵੀਰ: (511 Alberta)

RCI

ਬੇਕਾਬੂ ਹੋਈ ਜੰਗਲੀ ਅੱਗ ਫ਼ੋਰਟ ਮਕਮਰੇ ਦੇ ਹੋਰ ਨਜ਼ਦੀਕ ਆਉਣ ਦੇ ਮੱਦੇਨਜ਼ਰ ਹਜ਼ਾਰਾਂ ਵਸਨੀਕ ਸੁਰੱਖਿਅਤ ਥਾਂਵਾਂ ’ਤੇ ਜਾਣ ਲਈ ਸ਼ਹਿਰ ਤੋਂ ਦੱਖਣ ਵੱਲ ਕੂਚ ਕਰ ਰਹੇ ਹਨ।

ਮੰਗਲਵਾਰ ਦੁਪਹਿਰ ਨੂੰ ਫ਼ੋਰਟ ਮਕਮਰੇ ਦੇ ਬੀਕਨ ਹਿੱਲ, ਐਬਾਸੈਂਡ, ਪ੍ਰੇਰੀ ਕ੍ਰੀਕ ਅਤੇ ਗ੍ਰੇਲਿੰਗ ਟੈਰੇਸ ਇਲਾਕਿਆਂ ਵਿਚ ਘਰ ਖ਼ਾਲੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।

ਫ਼ੋਰਟ ਮਕਮਰੇ ਦੇ ਬਾਕੀ ਇਲਾਕਿਆਂ ਨੂੰ ਐਲਰਟ ‘ਤੇ ਰੱਖਿਆ ਗਿਆ ਹੈ ਅਤੇ ਵਸਨੀਕਾਂ ਨੂੰ ਥੋੜੇ ਸਮੇਂ ਦੇ ਨੋਟਿਸ ‘ਤੇ ਹੀ ਇਲਾਕਾ ਛੱਡਣ ਲਈ ਤਿਆਰ ਰਹਿਣਾ ਹੋਵੇਗਾ।

ਵੁਡ ਬਫ਼ਲੋ ਦੀ ਰੀਜਨਲ ਮਿਉਂਸਿਪੈਲਿਟੀ ਨੇ ਸਥਾਨਕ ਲੋਕਾਂ ਨੂੰ ਲੈਕ ਲਾ ਬਿਸ਼ੇ ਵਿੱਖੇ ਇੱਕ ਇਵੈਕੁਏਸ਼ਨ ਸੈਂਟਰ ਵਿਚ ਪਹੁੰਚਣ ਲਈ ਆਖਿਆ ਸੀ, ਪਰ ਸ਼ਾਮੀਂ 7 ਵਜੇ ਮਿਉਂਸਿਪੈਲਿਟੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਇਹ ਸੈਂਟਰ ਭਰ ਗਿਆ ਹੈ ਅਤੇ ਘਰ ਛੱਡ ਕੇ ਆ ਰਹੇ ਲੋਕਾਂ ਨੂੰ 147 ਕਿਲੋਮੀਟਰ ਦੌਰ ਐਗਰੀਪਲੈਕਸ ਵਿੱਖੇ ਇੱਕ ਹੋਰ ਸੈਂਟਰ ਵਿਚ ਜਾਣ ਲਈ ਆਖਿਆ ਸੀ।

ਐਡਮੰਟਨ ਦਾ ਕਲੇਅਰਵਿਊ ਕਮਿਊਨਿਟੀ ਰੈਕ ਸੈਂਟਰ ਵੀ ਜੰਗਲੀ ਅੱਗ ਕਰਕੇ ਅਸਥਾਈ ਤੌਰ ‘ਤੇ ਬੇਘਰ ਹੋਏ ਲੋਕਾਂ ਨੂੰ ਸਵੀਕਾਰ ਕਰ ਰਿਹਾ ਹੈ।

ਮੰਗਲਵਾਰ ਰਾਤ ਤੱਕ ਜੰਗਲ ਦੀ ਅੱਗ ਨੇ ਤਕਰੀਬਨ 21,000 ਹੈਕਟੇਅਰ ਇਲਾਕਾ ਆਪਣੀ ਲਪੇਟ ਵਿਚ ਲੈ ਲਿਆ ਸੀ ਅਤੇ ਬਦਲਦੀਆਂ ਹਵਾਵਾਂ ਤੇ ਵਧਦੇ ਤਾਪਮਾਨ ਕਰਕੇ ਇਹ ਅੱਗ ਹੋਰ ਫ਼ੈਲ ਰਹੀ ਹੈ ਅਤੇ ਸ਼ਹਿਰ ਦੇ ਹੋਰ ਨਜ਼ਦੀਕ ਹੁੰਦੀ ਜਾ ਰਹੀ ਹੈ।

ਐਬਾਸੈਂਡ ਵਿਚ ਰਹਿਣ ਵਾਲੀ ਅਤੇ ਮਰੀਨਾ ਬਾਰਨਜ਼ ਨੇ ਸੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਸਨੂੰ ਆਪਣੀ ਬਾਲਕੋਨੀ ਤੋਂ ਅੱਗ ਦੀਆਂ ਲਾਟਾਂ ਕਰਕੇ ਦਿਸਣ ਵਾਲੀ ਸੰਤਰੀ ਰੌਸ਼ਨੀ ਨਜ਼ਰ ਆ ਰਹੀ ਹੈ। ਉਸਨੇ ਕਿਹਾ ਕਿ ਜੇ ਅੱਗ ਇੱਥੇ ਤੱਕ ਆਉਂਦੀ ਹੈ ਤਾਂ ਉਸਦੀ ਬਿਲਡਿੰਗ ਲਪੇਟ ਵਿਚ ਆਉਣ ਵਾਲੀਆਂ ਪਹਿਲੀਆਂ ਇਮਾਰਤਾਂ ਚੋਂ ਹੋਵੇਗੀ।

ਜੰਗਲ ਦੀ ਅੱਗ ਨੇ ਤਕਰੀਬਨ 21,000 ਹੈਕਟੇਅਰ ਇਲਾਕਾ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ ਬਦਲਦੀਆਂ ਹਵਾਵਾਂ ਤੇ ਵਧਦੇ ਤਾਪਮਾਨ ਕਰਕੇ ਇਹ ਅੱਗ ਹੋਰ ਫ਼ੈਲ ਰਹੀ ਹੈ।

ਜੰਗਲ ਦੀ ਅੱਗ ਨੇ ਤਕਰੀਬਨ 21,000 ਹੈਕਟੇਅਰ ਇਲਾਕਾ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ ਬਦਲਦੀਆਂ ਹਵਾਵਾਂ ਤੇ ਵਧਦੇ ਤਾਪਮਾਨ ਕਰਕੇ ਇਹ ਅੱਗ ਹੋਰ ਫ਼ੈਲ ਰਹੀ ਹੈ।

ਤਸਵੀਰ: CBC

ਫ਼ੋਰਟ ਮਕਮਰੇ ਦੇ ਕੁਝ ਵਸਨੀਕਾਂ ਲਈ ਘਰ ਛੱਡਣਾ ਬਹੁਤ ਪ੍ਰੇਸ਼ਾਨਕੁਨ ਅਨੁਭਵ ਹੈ। ਐਲਕਸ ਮੋਰਟਲੌਕ ਨੇ ਕਿਹਾ ਕਿ ਉਸ ਨਾਲ ਛੇ ਸਾਲ ਤੋਂ ਘੱਟ ਉਮਰ ਦੇ 2 ਬੱਚੇ ਵੀ ਹਨ। ਐਲਕਸ ਨੇ ਕਿਹਾ ਕਿ ਬੱਚੇ ਪੁੱਛਦੇ ਹਨ ਕਿ ਘਰ ਕਿਉਂ ਛੱਡ ਰਹੇ ਹਾਂ, ਪਰ ਉਨ੍ਹਾਂ ਨੂੰ ਸਮਝਾਉਣਾ ਬਹੁਤ ਮੁਸ਼ਕਿਲ ਹੈ।

ਰੀਜਨਲ ਫ਼ਾਇਰ ਚੀਫ਼, ਜੋਡੀ ਬਟਜ਼ ਨੇ ਮੰਗਲਵਾਰ ਨੂੰ ਵੁਡ ਬਫ਼ਲੋ ਕੌਂਸਲ ਨੂੰ ਦੱਸਿਆ ਕਿ ਕਰੀਬ 6,600 ਲੋਕ ਸ਼ਹਿਰ ਖ਼ਾਲੀ ਕਰਨ ਦੇ ਆਦੇਸ਼ਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ।

ਬਟਜ਼ ਨੇ ਕਿਹਾ ਕਿ ਵਸਨੀਕਾਂ ਦੇ ਜਾਣ ਮਗਰੋਂ ਫ਼ਾਇਰਫ਼ਾਈਟਰ ਬਿਹਤਰ ਤਰੀਕੇ ਨਾਲ ਨਜਿੱਠਣ ਦੇ ਯੋਗ ਹੋਣਗੇ।। ਗ਼ੌਰਤਲਬ ਹੈ ਕਿ 2016 ਦੀ ਜੰਗਲੀ ਅੱਗ ਵਿਚ ਐਬਾਸੈਂਡ ਅਤੇ ਬੀਕਨ ਹਿੱਲ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ।

ਮ੍ਰੀਨਾਲੀ ਆਂਚਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ