- ਮੁੱਖ ਪੰਨਾ
- ਸਮਾਜ
- ਨਿਆਂ
ਨਿੱਝਰ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਪੇਸ਼ੀ ਦੌਰਾਨ ਬੀਸੀ ਦੀ ਅਦਾਲਤ ਦੇ ਬਾਹਰ ਮੁਜ਼ਾਹਰੇ
ਪੇਸ਼ੀ ਦੀ ਅਗਲੀ ਤਾਰੀਖ਼ 21 ਮਈ
ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮੁਲਜ਼ਮ ਤਿੰਨ ਭਾਰਤੀ ਨਾਗਰਿਕ ਅੱਜ ਵੀਡੀਓ ਕਾਨਫ਼੍ਰੰਸ ਰਾਹੀਂ ਬੀ ਸੀ ਦੀ ਅਦਾਲਤ ਵਿਚ ਪੇਸ਼ ਹੋਏ ਅਤੇ ਇਸ ਦੌਰਾਨ ਸਿੱਖ ਭਾਈਚਾਰੇ ਦੇ ਕੁਝ ਮੈਂਬਰਾਂ ਨੇ ਅਦਾਲਤ ਦੇ ਬਾਹਰ ਮੁਜ਼ਾਹਰਾ ਵੀ ਕੀਤਾ।
ਨਿੱਝਰ ਦੇ ਸਮਰਥਕਾਂ ਨੇ ਸਿੱਖ ਆਜ਼ਾਦੀ ਅਤੇ ਹਰਦੀਪ ਸਿੰਘ ਨਿੱਝਰ ਦੇ ਬੈਨਰ ਚੁੱਕੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿਚ ਵੱਖਵਾਦੀ ਲਹਿਰ ਦੇ ਪੀਲੇ ਅਤੇ ਨੀਲੇ ਰੰਗ ਵਾਲੇ ਝੰਡੇ ਵੀ ਲਹਿਰਾਉਂਦੇ ਨਜ਼ਰ ਆਏ।
ਤਿੰਨੇ ਮੁਲਜ਼ਮਾਂ - ਕਰਨ ਬਰਾੜ, ਕਰਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਨੇ ਸੰਤਰੀ ਰੰਗ ਦੇ ਜੰਪਸੂਟ ਪਹਿਨੇ ਹੋਏ ਸਨ ਅਤੇ ਉਨ੍ਹਾਂ ਨੇ ਸੰਖੇਪ ਵਿਚ ਸਵਾਲਾਂ ਦੇ ਜਵਾਬ ਦਿੱਤੇ।
ਕਰਨ ਬਰਾੜ ਅਤੇ ਕਰਨਪ੍ਰੀਤ ਸਿੰਘ ਆਪਣੇ ਵਕੀਲਾਂ ਦੇ ਰਾਹੀਂ ਸਰੀ ਦੀ ਅਦਾਲਤ ਵਿਚ 21 ਮਈ ਨੂੰ ਅਗਲੀ ਪੇਸ਼ੀ ਲਈ ਸਹਿਮਤ ਹੋਏ, ਪਰ ਕਮਲਪ੍ਰੀਤ ਸਿੰਘ ਕਾਨੂੰਨੀ ਨੁਮਾਇੰਦਗੀ ਦੀ ਭਾਲ ਵਿਚ ਹੈ, ਇਸ ਕਰਕੇ ਉਸਦੀ ਅਗਲੀ ਤਾਰੀਖ਼ ਨਹੀਂ ਪਈ ਹੈ।
ਤਿੰਨੇ ਮੁਲਜ਼ਮਾਂ ਨੂੰ ਲੰਘੇ ਸ਼ੁੱਕਰਵਾਰ ਐਡਮੰਟਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿਚ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਲਈ ਚਾਰਜ ਕੀਤਾ ਗਿਆ ਹੈ।
ਕੁਝ ਮੁਜ਼ਾਹਰਾਕਾਰੀਆਂ ਦੇ ਹੱਥਾਂ ਵਿਚ ਫੜੇ ਬੈਨਰਾਂ ਵਿਚ ਤਿੰਨੇ ਮੁਲਜ਼ਮਾਂ ਦੀ ਤਸਵੀਰਾਂ ਸਨ ਜਿਸ ‘ਤੇ ਲਿਖਿਆ ਸੀ ਕਿ (Indian Agents arrested) ਭਾਰਤੀ ਏਜੰਟ ਗ੍ਰਿਫ਼ਤਾਰ ਹੋਏ
।
ਸਤੰਬਰ ਵਿਚ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਹਾਊਸ ਔਫ਼ ਕੌਮਨਜ਼ ਵਿਚ ਬੋਲਦਿਆਂ ਕਿਹਾ ਸੀ ਕਿ ਖ਼ੂਫ਼ੀਆ ਜਾਣਕਾਰੀ ਦੱਸਦੀ ਹੈ ਕਿ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੀ ਭੂਮਿਕਾ ਹੈ। ਭਾਰਤ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਸ ਗੱਲ ਦੀ ਜਾਂਚ ਜਾਰੀ ਹੈ ਕਿ ਕੀ ਇਹਨਾਂ ਮਸ਼ਕੂਕਾਂ ਦੇ ਭਾਰਤ ਸਰਕਾਰ ਨਾਲ ਸਬੰਧ ਹਨ।
ਹਰਦੀਪ ਸਿੰਘ ਨਿੱਝਰ ਇੱਕ ਵੱਖਰੇ ਸਿੱਖ ਮੁਲਕ ਦੀ ਸਥਾਪਨਾ ਦਾ ਸਮਰਥਕ ਸੀ ਅਤੇ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਪ੍ਰੈਜ਼ੀਡੈਂਟ ਸੀ।
18 ਜੂਨ 2023 ਨੂੰ ਨਿੱਝਰ ਨੂੰ ਗੁਰਦੂਆਰੇ ਦੇ ਪਾਰਕਿੰਗ ਲੌਟ ਵਿਚ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ।
ਨਿੱਝਰ ਭਾਰਤ ਵਿੱਚੋਂ ਇੱਕ ਸੁਤੰਤਰ ਸਿੱਖ ਦੇਸ਼ ਬਣਾਉਣ ਬਾਬਤ ਅਣਅਧਿਕਾਰਤ ਰਾਏਸ਼ੁਮਾਰੀਆਂ ਕਰਵਾਉਣ ਦਾ ਇੱਕ ਪ੍ਰਮੁੱਖ ਆਯੋਜਕ ਸੀ ਅਤੇ ਭਾਰਤ ਸਰਕਾਰ ਨੇ ਉਸਨੂੰ ਅੱਤਵਾਦੀ ਐਲਾਨਿਆ ਹੋਇਆ ਸੀ।
ਦ ਕੈਨੇਡੀਅਨ ਪ੍ਰੈਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ