1. ਮੁੱਖ ਪੰਨਾ
  2. ਸਮਾਜ

ਐਡਮੰਟਨ ਚ ਸਾਊਥ ਏਸ਼ੀਅਨ ਬਿਲਡਰਾਂ ਤੋਂ ਫ਼ਿਰੌਤੀਆਂ ਮੰਗਣ ਦੇ ਨਵੇਂ ਮਾਮਲੇ ਸਾਹਮਣੇ ਨਹੀਂ ਆਏ : ਪੁਲਿਸ

ਜਾਂਚ ਲਈ ਐਡਮੰਟਨ ਪੁਲਿਸ ਨੇ ਸ਼ੁਰੂ ਕੀਤਾ ਸੀ ਪ੍ਰੋਜੈਕਟ ਗੈਸਲਾਈਟ

ਐਡਮੰਟਨ ਪੁਲਿਸ

ਬੁੱਧਵਾਰ ਨੂੰ ਐਡਮੰਟਨ ਪੁਲਿਸ ਨੇ ਪ੍ਰੋਜੈਕਟ ਗੈਸਲਾਈਟ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਸ ਵਿੱਚ 34 ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ I

ਤਸਵੀਰ: (David Bajer/CBC)

RCI

ਐਡਮੰਟਨ ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਬਿਲਡਰਾਂ ਕੋਲੋਂ ਫ਼ਿਰੌਤੀਆਂ ਮੰਗਣ ਦੇ ਨਵੇਂ ਮਾਮਲੇ ਸਾਹਮਣੇ ਨਹੀਂ ਹਨ ਅਤੇ ਪੁਲਿਸ ਵੱਲੋਂ ਅੱਗਜ਼ਨੀ ਦੀਆਂ ਘਟਨਾਵਾਂ ਉੱਪਰ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈI

ਬੁੱਧਵਾਰ ਨੂੰ ਐਡਮੰਟਨ ਪੁਲਿਸ ਨੇ ਪ੍ਰੋਜੈਕਟ ਗੈਸਲਾਈਟ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਸ ਵਿੱਚ 34 ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ I 

ਦੱਸਣਯੋਗ ਹੈ ਕਿ ਲੰਘੇ ਸਾਲ ਅਕਤੂਬਰ ਮਹੀਨੇ ਤੋਂ ਐਡਮੰਟਨ ਵਿਚ ਬਿਲਡਰਾਂ ਕੋਲੋਂ ਫ਼ਿਰੌਤੀਆਂ ਮੰਗਣ ਅਤੇ ਪੈਸੇ ਨਾ ਮਿਲਣ ਦੀ ਸੂਰਤ ਵਿਚ ਬਿਲਡਰਾਂ ਦੀ ਸੰਪਤੀ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆਏ ਸਨ I 

ਐਡਮੰਟਨ ਪੁਲਿਸ ਨੇ ਜਨਵਰੀ ਮਹੀਨੇ ਦੌਰਾਨ ਪੀੜਤਾਂ ਕੋਲੋਂ ਵ੍ਹਾਟਸਐਪ ਜਾਂ ਟੈਕਸਟ ਮੈਸੇਜ ਦੇ ਜ਼ਰੀਏ ਫ਼ਿਰੌਤੀ ਮੰਗੇ ਜਾਣ ਦੀ ਗੱਲ ਆਖੀ ਸੀ। ਕਈ ਵਾਰੀ ਫ਼ਿਰੌਤੀ ਦੇ ਮੈਸੇਜਾਂ ਵਿਚ ਪੀੜਤ ਦੀ ਨਿੱਜੀ ਜਾਣਕਾਰੀ ਜਿਵੇਂ ਪਰਿਵਾਰਕ ਮੈਂਬਰਾਂ ਦੇ ਨਾਮ, ਵਾਹਨ ਅਤੇ ਰੋਜ਼ਮਰਾ ਦੇ ਕੰਮਕਾਜ ਦੀ ਜਾਣਕਾਰੀ ਵੀ ਸ਼ਾਮਲ ਹੁੰਦੀ ਹੈ।

ਐਡਮੰਟਨ ਦੇ ਕੈਵੈਨੈਗ ਨੇਬਰਹੁੱਡ ਵਿਚ ਹੋਈ ਸ਼ੂਟਿੰਗ ਵਾਲੇ ਸਥਾਨ 'ਤੇ ਮੌਜੂਦ ਪੁਲਿਸ ਅਧਿਕਾਰੀ।

ਐਡਮੰਟਨ ਦੇ ਕੈਵੈਨੈਗ ਨੇਬਰਹੁੱਡ ਵਿਚ ਹੋਈ ਸ਼ੂਟਿੰਗ ਵਾਲੇ ਸਥਾਨ 'ਤੇ ਮੌਜੂਦ ਪੁਲਿਸ ਅਧਿਕਾਰੀ।

ਤਸਵੀਰ: (Trevor Wilson/CBC)

ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਪੀੜਤ ਲੋਕਲ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕ ਹਨ। ਪੈਟਨ ਨੇ ਕਿਹਾ ਕਿ ਨਿਸ਼ਾਨਾ ਬਣਾਏ ਗਏ ਜ਼ਿਆਦਾਤਰ ਲੋਕ ਭਾਰਤੀ ਮੂਲ ਦੇ ਹਨ।

ਵਸੂਲੀ ਲਈ ਮੰਗੇ ਪੈਸੇ ਨਾ ਦੇਣ ‘ਤੇ ਨਵੇਂ ਬਣੇ ਘਰਾਂ ਜਾਂ ਹੋਰ ਸਬੰਧਤ ਸੰਪਤੀ ਨੂੰ ਅੱਗ ਲਾਕੇ ਨੁਕਸਾਨ ਪਹੁੰਚਾਇਆ ਗਿਆ ਹੈ। ਐਡਮੰਟਨ ਫ਼ਾਇਰ ਰੈਸਕਿਊ ਸਰਵਿਸੇਜ਼ ਅਨੁਸਾਰ 1 ਨਵੰਬਰ ਤੋਂ 2 ਜਨਵਰੀ ਵਿਚਕਾਰ ਨਵੇਂ ਜਾਂ ਉਸਾਰੀ ਅਧੀਨ ਘਰਾਂ ਵਿਚ ਅੱਗ ਲੱਗਣ ਦੀਆਂ 9 ਵਾਰਦਾਤਾਂ ਵਾਪਰੀਆਂ। 

ਜ਼ਿਆਦਾਤਰ ਘਟਨਾਵਾਂ ਸ਼ਹਿਰ ਦੇ ਸਬਅਰਬ ਇਲਾਕਿਆਂ ਜਿਵੇਂ ਐਸਟਰ, ਲੌਰੇਲ, ਵੂਡਹੇਵਨ ਐਜਮੌਂਟ ਅਤੇ ਸਾਈ ਬੈਕਰ ਕਮਿਊਨਿਟੀਜ਼ ਵਿਚ ਵਾਪਰੀਆਂ ਸਨ। ਇਸ ਤੋਂ ਇਲਾਵਾ ਕੁਝ ਅੱਗ ਦੀਆਂ ਘਟਨਾਵਾਂ ਕਿੰਗ ਐਡਵਰਡ ਪਾਰਕ ਨੇਬਰਹੁੱਡ ਅਤੇ ਯੂਨੀਵਰਸਿਟੀ ਇਲਾਕੇ ਲਾਗੇ ਵੀ ਵਾਪਰੀਆਂ ਸਨ।

ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਫ਼ਾਇਰ ਜਾਂਚ ਅਧਿਕਾਰੀ ਕਰਦੇ ਹਨ, ਪਰ ਜੇ ਮਾਮਲਾ ਅੱਗਜ਼ਨੀ ਯਾਨੀ ਜਾਣ ਬੁੱਝ ਕੇ ਅੱਗ ਲਾਉਣ ਦਾ ਹੋਵੇ ਤਾਂ ਪੁਲਿਸ ਵੱਲੋਂ ਜਾਂਚ ਦੀ ਅਗਵਾਈ ਕੀਤੀ ਜਾਂਦੀ ਹੈ।

ਪੱਸਲੀ ਨੇ ਫ਼ਿਰੌਤੀਆਂ ਅਤੇ ਜਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਪਿੱਛੇ ਭਾਰਤ ਦੇ ਇੱਕ ਅਪਰਾਧਿਕ ਨੈੱਟਵਰਕ ਸ਼ਾਮਲ ਹੋਣ ਦੀ ਗੱਲ ਆਖੀ ਸੀ ਅਤੇ ਪੁਲਿਸ ਨੇ ਛੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਨੂੰ ਚਾਰਜ ਕੀਤਾ ਸੀ I 

ਸਟਾਫ ਸਾਰਜੈਂਟ , ਡੇਵ ਪੈਟਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਨਵਰੀ ਮਹੀਨੇ ਵਿੱਚ ਦਿੱਤੇ ਅਪਡੇਟ ਤੋਂ ਬਾਅਦ ਜਬਰੀ ਵਸੂਲੀ ਜਾਂ ਅੱਗਜ਼ਨੀ ਦੀ ਕੋਈ ਨਵੀਂ ਘਟਨਾ ਸਾਹਮਣੇ ਨਹੀਂ ਆਈ ਹੈ I

ਬੁੱਧਵਾਰ ਨੂੰ, ਪੁਲਿਸ ਨੇ ਵੀਡੀਓਜ਼ ਦੀ ਇੱਕ ਲੜੀ ਜਾਰੀ ਕੀਤੀ ਜਿਸ ਵਿੱਚ ਬਹੁਤ ਸਾਰੇ ਵਿਅਕਤੀਆਂ ਅਤੇ ਵਾਹਨਾਂ ਨੂੰ ਦਿਖਾਇਆ ਗਿਆ ਹੈ ਜੋ ਜਬਰਨ ਵਸੂਲੀ ਨਾਲ ਜੁੜੇ ਹੋਏ ਮੰਨੇ ਜਾਂਦੇ ਹਨ , ਜਿਨ੍ਹਾਂ ਨੂੰ ਜਾਂਚਕਰਤਾ ਅਜੇ ਵੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।

ਇੱਕ ਵੀਡੀਓ ਵਿੱਚ 14 ਦਸੰਬਰ, 2023 ਨੂੰ ਦੋ ਲੋਕ ਇੱਕ ਘਰ ਵਿੱਚ ਦਾਖ਼ਲ ਹੁੰਦੇ ਹਨ। ਵੀਡੀਓ ਵਿੱਚ ਉਹ ਅੱਗ ਲਗਾਉਂਦੇ ਹੋਏ ਦਿਖਾਈ ਦਿੰਦੇ ਹਨ। 

ਪੈਟਨ ਦਾ ਕਹਿਣਾ ਹੈ ਕਿ ਦਸ ਜਾਂਚਕਰਤਾ ਅਤੇ ਦੋ ਵਿਸ਼ਲੇਸ਼ਕ ਜਾਂਚ 'ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਚੰਗੀ ਤਰੱਕੀ ਕੀਤੀ ਹੈ। ਪੈਟਨ ਮੁਤਾਬਿਕ ਉਹ ਭਾਰਤ ਵਿੱਚ ਪੁਲਿਸ ਨਾਲ ਕੰਮ ਨਹੀਂ ਕਰ ਰਹੇ ਪਰ ਉਹਨਾਂ ਦੇ ਸੰਪਰਕ ਵਿੱਚ ਜ਼ਰੂਰ ਹਨ I 

ਪੈਟਨ ਨੇ ਇਹ ਵੀ ਕਿਹਾ ਕਿ ਹਾਲ ਹੀ ਵਿੱਚ ਸ਼ਹਿਰ ਦੇ ਵਪਾਰੀ , ਬੂਟਾ ਸਿੰਘ ਗਿੱਲ ਦੀ ਇੱਕ ਉਸਾਰੀ ਸਾਈਟ 'ਤੇ ਹੋਈ ਹੱਤਿਆ ਦਾ ਜ਼ਬਰਦਸਤੀ ਵਸੂਲੀ ਦੀਆਂ ਘਟਨਾਵਾਂ ਨਾਲ ਕੋਈ ਸਬੰਧ ਨਹੀਂ ਹੈ। ਬੂਟਾ ਸਿੰਘ ਗਿੱਲ ਇੱਕ ਕੰਸਟਰਸ਼ਨ ਕੰਪਨੀ ਦਾ ਮਾਲਕ ਸੀ। 

ਪੇਜ ਪਾਰਸਨਜ਼ , ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ