1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਨਵੰਬਰ ਵਿੱਚ ਆਰਸੀਐਮਪੀ ਦੀ ਥਾਂ ਲਵੇਗੀ ਸਰੀ ਪੁਲਿਸ

ਸਰੀ ਦੀ ਮੌਜੂਦਾ ਮੇਅਰ ਬ੍ਰੈਂਡਾ ਲੌਕ ਤਬਦੀਲੀ ਦਾ ਕਰ ਰਹੇ ਹਨ ਵਿਰੋਧ

ਸਰੀ ਸ਼ਹਿਰ ਵਿੱਚ ਸਰੀ ਪੁਲਿਸ ਜਾਂ ਆਰਸੀਐਮਪੀ ਰੱਖਣ ਬਾਰੇ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਹੈ I

ਸਰੀ ਸ਼ਹਿਰ ਵਿੱਚ ਸਰੀ ਪੁਲਿਸ ਜਾਂ ਆਰਸੀਐਮਪੀ ਰੱਖਣ ਬਾਰੇ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਹੈ I

ਤਸਵੀਰ: (Ben Nelms/CBC, Darryl Dyck/Canadian Press)

RCI

ਸਰੀ ਪੁਲਿਸ ਸਰਵਿਸ 29 ਨਵੰਬਰ, 2024 ਨੂੰ ਅਧਿਕਾਰਤ ਤੌਰ 'ਤੇ ਆਰਸੀਐਮਪੀ ਦੀ ਥਾਂ ਲੈ ਲਵੇਗੀ।

ਇਸਦੀ ਘੋਸ਼ਣਾ ਬੀਸੀ ਦੇ ਸੌਲਿਸਟਰ ਜਨਰਲ ਮਾਈਕ ਫ਼ਾਰਨਵਰਥ ਵੱਲੋਂ ਕੀਤੀ ਗਈ ਹੈ I ਇਸ ਮੌਕੇ ਬੋਲਦਿਆਂ ਮਾਈਕ ਫ਼ਾਰਨਵਰਥ ਨੇ ਕਿਹਾ ਕਿ ਮਿਉਂਸਪਲ ਪੁਲਿਸ ਫੋਰਸ ਵਿੱਚ ਪਰਿਵਰਤਨ ਇੱਕ ਸਹਿਯੋਗੀ ਯੋਜਨਾ ਦੇ ਅਨੁਸਾਰ ਅੱਗੇ ਵਧੇਗਾ ਤੇ ਇਸ ਨਾਲ ਜਨਤਕ ਸੁਰੱਖਿਆ 'ਤੇ ਕੋਈ ਅਸਰ ਨਹੀਂ ਹੋਵੇਗਾ।

ਦੱਸਣਯੋਗ ਹੈ ਕਿ ਮੇਅਰ ਡਗ ਮਕੈਲਮ ਦੀ ਅਗਵਾਈ ਵਿਚ, ਸਰੀ ਦੀ ਸਾਬਕਾ ਸਿਟੀ ਕੌਂਸਲ ਨੇ ਸਰੀ ਵਿਚ ਆਰਸੀਐਮਪੀ ਨੂੰ ਹਟਾ ਕੇ ਸਰੀ ਦੀ ਨਵੀਂ ਪੁਲਿਸ ਫ਼ੋਰਸ ਤਿਆਰ ਕਰਨ ਦਾ ਫ਼ੈਸਲਾ ਲਿਆ ਸੀ।

ਪਰ ਸਰੀ ਦੀ ਮੌਜੂਦਾ ਮੇਅਰ ਬ੍ਰੈਂਡਾ ਲੌਕ ਦੀ ਮੌਜੂਦਾ ਕੌਂਸਲ ਨੇ ਇਸ ਤਬਦੀਲੀ ਨੂੰ ਰੋਕ ਦਿੱਤਾ ਸੀ ਅਤੇ ਸਰੀ ਵਿਚ ਆਰਸੀਐਮਪੀ ਨੂੰ ਬਰਕਰਾਰ ਰੱਖਣ ਦਾ ਆਪਣਾ ਪਲਾਨ ਸੂਬਾ ਸਰਕਾਰ ਨੂੰ ਭੇਜਿਆ ਸੀ।

ਫਾਰਨਵਰਥ ਨੇ ਕਿਹਾ ਅੱਜ ਅਸੀਂ ਇਸ ਪਰਿਵਰਤਨ ਯਾਤਰਾ ਵਿੱਚ ਇੱਕ ਵੱਡੇ ਮੀਲ ਪੱਥਰ 'ਤੇ ਪਹੁੰਚ ਗਏ ਹਾਂI ਮੈਂ ਜਾਣਦਾ ਹਾਂ ਕਿ ਇਹ ਤਬਦੀਲੀ ਚੁਣੌਤੀਪੂਰਨ ਰਹੀ ਹੈ I

ਦੋ ਹਫ਼ਤੇ ਪਹਿਲਾਂ, ਮੇਅਰ ਬ੍ਰੈਂਡਾ ਲੌਕ ਨੇ ਇਸ ਤਬਦੀਲੀ ਲਈ ਪ੍ਰੋਵਿੰਸ ਤੋਂ $250 ਮਿਲੀਅਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਪੇਸ਼ਕਸ਼ ਨੂੰ ਸਵੀਕਾਰ ਕਰਨਾ ਸਾਡੇ ਨਿਵਾਸੀਆਂ ਅਤੇ ਸਰੀ ਵਿੱਚ ਸਮੁੱਚੀ ਜਨਤਕ ਸੁਰੱਖਿਆ ਲਈ ਨੁਕਸਾਨਦੇਹ ਹੋਵੇਗਾ।

ਇਸ ਪੇਸ਼ਕਸ਼ ਤਹਿਤ ਅਗਲੇ ਪੰਜ ਸਾਲਾਂ ਵਿੱਚ ਤਬਦੀਲੀ ਲਈ $150 ਮਿਲੀਅਨ ਅਤੇ ਉਸ ਤੋਂ ਬਾਅਦ ਦੇ ਪੰਜ ਸਾਲਾਂ ਲਈ ਪ੍ਰਤੀ ਸਾਲ $20 ਮਿਲੀਅਨ ਤੱਕ ਸਰੀ ਪੁਲਿਸ ਅਤੇ ਆਰਸੀਐਮਪੀ ਅਫਸਰਾਂ ਦੀਆਂ ਤਨਖਾਹਾਂ ਵਿਚਲੇ ਅੰਤਰ ਨੂੰ ਪੂਰਾ ਕਰਨ ਲਈ ਦਿੱਤੇ ਜਾਣੇ ਸਨ।

ਮੇਅਰ ਬ੍ਰੈਂਡਾ ਲੌਕ ਨੇ ਆਰਸੀਐਮਪੀ ਨੂੰ ਰੱਖਣ ਦੇ ਮੁੱਦੇ 'ਤੇ ਚੋਣ ਲੜੀ ਸੀ ਅਤੇ ਜਿੱਤ ਹਾਸਿਲ ਕੀਤੀ ਸੀ I

ਪੁਲਿਸਿੰਗ ਬਾਬਤ ਅੰਤਮ ਅਧਿਕਾਰ ਸੂਬਾਈ ਸਰਕਾਰ ਦੇ ਕੋਲ ਹੁੰਦਾ ਹੈ, ਅਤੇ ਫਾਰਨਵਰਥ ਨੇ ਕਿਹਾ ਕਿ ਤਬਦੀਲੀ ਲਈ ਸਹਿਮਤੀ ਮੌਜੂਦਾ ਵਿਧਾਨਿਕ ਢਾਂਚੇ ਦੇ ਅੰਦਰ ਹੋ ਰਹੀ ਸੀ।

ਸਰੀ ਦੀ ਸਿਟੀ ਕੌਂਸਲਰ ਲਿੰਡਾ ਐਨੀਸ ਨੇ ਕਿਹਾ ਕਿ ਉਹ ਅਤੇ ਸਰੀ ਦੇ ਬਹੁਤ ਸਾਰੇ ਨਿਵਾਸੀ ਫਾਰਨਵਰਥ ਦੀ ਘੋਸ਼ਣਾ ਸੁਣ ਕੇ ਰਾਹਤ ਮਹਿਸੂਸ ਕਰ ਰਹੇ ਹਨ।

ਕੈਰਿਨ ਲਾਰਸਨ , ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ