1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਡਾਕਟਰਾਂ ਨੇ ਲਿਬਰਲ ਸਰਕਾਰ ਨੂੰ ਕੈਪਿਟਲ ਗੇਨਜ਼ ਟੈਕਸ ਤਬਦੀਲੀ ‘ਤੇ ਮੁੜ ਵਿਚਾਰ ਕਰਨ ਲਈ ਆਖਿਆ

ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਟੈਕਸ ਤਬਦੀਲੀ ਵਿਰੁੱਧ ਸਾਹਮਣੇ ਆਈ

ਇੱਕ ਡਾਕਟਰ

ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਨੇ ਫ਼ੈਡਰਲ ਸਰਕਾਰ ਨੂੰ ਪੂੰਜੀ ਲਾਭ ਟੈਕਸ (capital gains tax) ਵਿੱਚ ਪ੍ਰਸਤਾਵਿਤ ਤਬਦੀਲੀਆਂ 'ਤੇ ਮੁੜ ਵਿਚਾਰ ਕਰਨ ਲਈ ਆਖਿਆ ਹੈ।

ਤਸਵੀਰ: Associated Press / Jeff Roberson

RCI

ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਫ਼ੈਡਰਲ ਸਰਕਾਰ ਨੂੰ ਪੂੰਜੀ ਲਾਭ ਟੈਕਸ (capital gains tax) ਵਿੱਚ ਪ੍ਰਸਤਾਵਿਤ ਤਬਦੀਲੀਆਂ 'ਤੇ ਮੁੜ ਵਿਚਾਰ ਕਰਨ ਲਈ ਕਹਿ ਰਹੀ ਹੈ। ਇਸ ਦੀ ਦਲੀਲ ਹੈ ਕਿ ਇਸ ਤਬਦੀਲੀ ਨਾਲ ਡਾਕਟਰਾਂ ਦੀ ਰਿਟਾਇਰਮੈਂਟ ਬਚਤ ਪ੍ਰਭਾਵਿਤ ਹੋਵੇਗੀ।

ਐਸੋਸੀਏਸ਼ਨ ਦੀ ਪ੍ਰਧਾਨ ਕੈਥਲੀਨ ਰੌਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਡਾਕਟਰ ਕਾਰਪੋਰੇਸ਼ਨਾਂ ‘ਤੇ ਕੰਮ ਕਰਦੇ ਹਨ ਅਤੇ ਆਪਣੀਆਂ ਕਾਰਪੋਰੇਸ਼ਨਾਂ ਦੇ ਅੰਦਰ ਰਿਟਾਇਰਮੈਂਟ ਲਈ ਨਿਵੇਸ਼ ਕਰਦੇ ਹਨ।

ਪ੍ਰਸਤਾਵਿਤ ਤਬਦੀਲੀਆਂ ਉਨ੍ਹਾਂ ਨਿਵੇਸ਼ਾਂ 'ਤੇ ਟੈਕਸਾਂ ਨੂੰ ਵਧਾਏਗਾ, ਜਿਸ ਬਾਰੇ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਨਾਲ ਡਾਕਟਰਾਂ ਲਈ ਵਿੱਤੀ ਦਬਾਅ ਵਧੇਗਾ ਜਿਨ੍ਹਾਂ ਕੋਲ ਨਿਰਭਰ ਹੋਣ ਲਈ ਪੈਨਸ਼ਨ ਨਹੀਂ ਹੈ।

ਰੌਸ ਦੀ ਦਲੀਲ ਹੈ ਕਿ ਇਹ ਤਬਦੀਲੀ ਕੈਨੇਡਾ ਵਿੱਚ ਡਾਕਟਰਾਂ ਦੀ ਭਰਤੀ ਅਤੇ ਇਸ ਕਿੱਤੇ ਵਿਚ ਟਿਕੇ ਰਹਿਣ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

ਕੈਨੇਡੀਅਨ ਮੈਡੀਕਲ ਅਸੋਸੀਏਸ਼ਨ ਟੈਕਸ ਤਬਦੀਲੀ ਦੇ ਵਿਰੁੱਧ ਸਾਹਮਣੇ ਆਉਣ ਵਾਲਾ ਨਵੀਨਤਮ ਸਮੂਹ ਹੈ। ਕੈਪਿਟਲ ਗੇਨਜ਼ ਟੈਕਸ ਵਿਚ ਇਹ ਨਵੀਂ ਤਬਦੀਲੀ ਅਮੀਰ ਕੈਨੇਡੀਅਨਜ਼ ਅਤੇ ਕਾਰੋਬਾਰਾਂ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰ ਸਕਦੀ ਹੈ।

ਪਿਛਲੇ ਹਫ਼ਤੇ ਪੇਸ਼ ਕੀਤੇ ਗਏ ਫ਼ੈਡਰਲ ਬਜਟ ਵਿੱਚ ਪੂੰਜੀ ਲਾਭ ਦੇ ਅੱਧੇ ਹਿੱਸੇ ਜਾਂ ਜਾਇਦਾਦ ਦੀ ਵਿਕਰੀ 'ਤੇ ਹੋਏ ਮੁਨਾਫ਼ੇ ਦੀ ਬਜਾਏ ਦੋ ਤਿਹਾਈ ਟੈਕਸ ਲਗਾਉਣ ਦਾ ਪ੍ਰਸਤਾਵ ਸ਼ਾਮਲ ਹੈ।

ਇਹ ਵਾਧਾ ਵਿਅਕਤੀਆਂ ਲਈ $250,000 ਤੋਂ ਵੱਧ ਦੇ ਪੂੰਜੀ ਲਾਭਾਂ ਅਤੇ ਕਾਰਪੋਰੇਸ਼ਨਾਂ ਦੁਆਰਾ ਪ੍ਰਾਪਤ ਕੀਤੇ ਗਏ ਸਾਰੇ ਪੂੰਜੀ ਲਾਭਾਂ 'ਤੇ ਲਾਗੂ ਹੋਵੇਗਾ।

ਰੌਸ ਨੇ ਇੱਕ ਇੰਟਰਵਿਊ ਵਿੱਚ ਕਿਹਾ, ਅਸੀਂ ਦੇਖਿਆ ਹੈ ਕਿ ਇਹ ਵਾਧਾ ਸਰਕਾਰ ਦੁਆਰਾ ਸਰਿਆਂ ਲਈ ਟੈਕਸ ਨਿਰਪੱਖਤਾ ਵਜੋਂ ਦਰਸਾਇਆ ਗਿਆ ਹੈ। ਪਰ ਅਸਲ ਵਿੱਚ, ਆਬਾਦੀ ਦੇ ਕੁਝ ਹਿੱਸੇ ਹਨ ਜੋ ਵਧੇਰੇ ਪ੍ਰਭਾਵਿਤ ਹੋਣ ਜਾ ਰਹੇ ਹਨ

ਲਿਬਰਲ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਟੈਕਸ ਤਬਦੀਲੀ ਉਨ੍ਹਾਂ ਲੋਕਾਂ ਵਿਚਕਾਰ ਬਰਾਬਰਤਾ ਲਿਆਉਣ ਬਾਰੇ ਹੈ ਜੋ ਪੂੰਜੀ ਲਾਭ ਬਨਾਮ ਨੌਕਰੀ ਦੁਆਰਾ ਆਮਦਨ ਕਮਾਉਂਦੇ ਹਨ।

ਉਹਨਾਂ ਕਿਹਾ ਕਿ ਸਰਕਾਰ ਕੈਨੇਡੀਅਨਜ਼ ਲਈ ਰਿਹਾਇਸ਼ ਅਤੇ ਹੈਲਥ ਕੇਅਰ ਵਰਗੀਆਂ ਚੀਜ਼ਾਂ ਵਾਸਤੇ ਅਮੀਰਾਂ ਕੋੋਲੋਂ ਵਧੇਰੇ ਪੈਸੇ ਵਸੂਲਣ ਦੇ ਤਰੀਕੇ ਵੱਜੋਂ ਇਸ ਤਬਦੀਲੀ ਦੇ ਕਸੀਦੇ ਪੜ੍ਹ ਰਹੀ ਹੈ।

ਪਰ ਰੌਸ ਨੇ ਕਿਹਾ ਕਿ ਡਾਕਟਰ $250,000 ਦੀ ਛੋਟ ਲਈ ਯੋਗ ਨਹੀਂ ਹੋਣਗੇ, ਕਿਉਂਕਿ ਉਹ ਜੋ ਨਿਵੇਸ਼ ਕਰਦੇ ਹਨ ਉਹ ਜ਼ਿਆਦਾਤਰ ਕਾਰਪੋਰੇਸ਼ਨਾਂ ਦੇ ਅੰਦਰ ਹੁੰਦੇ ਹਨ।

ਡਾਕਟਰ ਵੀ ਇੱਕ ਰਜਿਸਟਰਡ ਰਿਟਾਇਰਮੈਂਟ ਸੇਵਿੰਗਜ਼ ਪਲਾਨ (RRSP) ਵਿੱਚ ਨਿਵੇਸ਼ ਕਰ ਸਕਦੇ ਹਨ - ਜੋ ਕਿ ਟੈਕਸ-ਬਚਤ ਹੈ - ਜੇਕਰ ਉਹ ਆਪਣੇ ਆਪ ਨੂੰ ਆਪਣੇ ਕਾਰਪੋਰੇਸ਼ਨ ਵਿੱਚੋਂ ਤਨਖ਼ਾਹ ਦਿੰਦੇ ਹਨ।

ਇੱਕ ਬਿਆਨ ਵਿੱਚ, ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦੀ ਇੱਕ ਬੁਲਾਰਨ ਨੇ ਕਿਹਾ ਕਿ ਫ਼ੈਡਰਲ ਸਰਕਾਰ ਪੂੰਜੀ ਲਾਭ ‘ਤੇ ਟੈਕਸ ਦੀ ਦਰ ਨੂੰ ਬਦਲ ਰਹੀ ਹੈ ਕਿਉਂਕਿ ਇਹ ਗ਼ਲਤ ਹੈ ਕਿ ਇੱਕ ਨਰਸ ਇੱਕ ਮਲਟੀ-ਮਿਲੀਅਨੇਅਰ ਵਿਅਕਤੀ ਨਾਲੋਂ ਵਧੇਰੇ ਸੀਮਾਂਤ ਟੈਕਸ ਦਰ ਅਦਾ ਕਰਦੀ ਹੈ

ਕੈਥਰੀਨ ਕਪਲਿੰਜ਼ਕਾਸ ਨੇ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਹੈਲਥ ਕੇਅਰ ਵਿੱਚ ਨਿਵੇਸ਼ ਅਤੇ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਡਾਕਟਰਾਂ ਅਤੇ ਨਰਸਾਂ ਲਈ ਵਿਦਿਆਰਥੀ ਕਰਜ਼ਿਆਂ ਦੀ ਮੁਆਫੀ ਲਈ 200 ਬਿਲੀਅਨ ਵੀ ਖ਼ਰਚ ਕਰ ਰਹੀ ਹੈ।

ਨੌਜੂਦ ਅਲ ਮੱਲੀਸ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ