1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਲਿਬਰਲਾਂ ਦੇ ਬਜਟ ਨੂੰ ਸਮਰਥਨ ਦੇਣ ਜਾਂ ਨਾ ਦੇਣ ਬਾਰੇ ਐਨਡੀਪੀ ਨੇ ਅਜੇ ਫ਼ੈਸਲਾ ਨਹੀਂ ਕੀਤਾ: ਜਗਮੀਤ ਸਿੰਘ

ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਕਿਹਾ ਕਿ ਉਨ੍ਹਾਂ ਨੇ ਲੰਘੇ ਵੀਕੈਂਡ ਐਨਡੀਪੀ ਦੇ ਫ਼ਾਈਨੈਂਸ ਕ੍ਰਿਟਿਕ ਨਾਲ ਗੱਲ ਕੀਤੀ ਹੈ

ਐਨਡੀਪੀ ਲੀਡਰ ਜਗਮੀਤ ਸਿੰਘ 16 ਅਪ੍ਰੈਲ 2024 ਨੂੰ ਫ਼ੈਡਰਲ ਬਜਟ ਪੇਸ਼ ਹੋਣ ਤੋਂ ਬਾਅਦ ਚੈਂਬਰ ਵਿਚ ਵਾਪਸ ਜਾਂਦੇ ਹੋਏ।

ਐਨਡੀਪੀ ਲੀਡਰ ਜਗਮੀਤ ਸਿੰਘ 16 ਅਪ੍ਰੈਲ 2024 ਨੂੰ ਫ਼ੈਡਰਲ ਬਜਟ ਪੇਸ਼ ਹੋਣ ਤੋਂ ਬਾਅਦ ਚੈਂਬਰ ਵਿਚ ਵਾਪਸ ਜਾਂਦੇ ਹੋਏ।

ਤਸਵੀਰ: (Justin Tang/The Canadian Press)

RCI

ਐਨਡੀਪੀ ਲੀਡਰ ਜਗਮੀਤ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਅਜੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਉਹ ਪਿਛਲੇ ਹਫ਼ਤੇ ਪੇਸ਼ ਕੀਤੇ ਗਏ ਫੈਡਰਲ ਬਜਟ ਦੇ ਹੱਕ ਵਿੱਚ ਵੋਟ ਦੇਵੇਗੀ ਜਾਂ ਨਹੀਂ।

ਐਨਡੀਪੀ ਨੇ ਆਪਣੀਆਂ ਕੁਝ ਤਰਜੀਹਾਂ ’ਤੇ ਕਾਰਵਾਈ ਦੇ ਬਦਲੇ ਭਰੋਸਗੀ ਅਤੇ ਬਜਟ ਦੀਆਂ ਵੋਟਾਂ ‘ਤੇ ਸੱਤਾਧਾਰੀ ਲਿਬਰਲ ਪਾਰਟੀ ਨੂੰ ਸਮਰਥਨ ਦੇਣ ਦਾ ਸਮਝੌਤਾ ਕੀਤਾ ਹੋਇਆ ਹੈ।

ਇਹ ਸਮਝੌਤਾ ਅਗਲੇ ਸਾਲ ਦੇ ਜੂਨ ਤੱਕ ਚੱਲੇਗਾ, ਪਰ ਜਗਮੀਤ ਸਿੰਘ ਨੇ ਫ਼ਿਲਹਾਲ ਇਸ ਮੁੱਦੇ ‘ਤੇ ਕੁਝ ਨਹੀਂ ਕਿਹਾ ਕਿ ਕੀ ਉਹ ਲਿਬਰਲਾਂ ਦੇ ਤਾਜ਼ਾ ਬਜਟ ਦਾ ਸਮਰਥਨ ਕਰਦੇ ਹਨ ਜਾਂ ਨਹੀਂ।

ਜਗਮੀਤ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, ਅਸੀਂ ਅਜੇ ਇਹ ਫੈਸਲਾ ਨਹੀਂ ਕੀਤਾ ਹੈ

ਬਜਟ ਵਿੱਚ ਉਹ ਚੀਜ਼ਾਂ ਸ਼ਾਮਲ ਹਨ ਜਿਨ੍ਹਾਂ ਦੀ ਐਨਡੀਪੀ ਦੁਆਰਾ ਮੰਗ ਕੀਤੀ ਜਾ ਰਹੀ ਸੀ। ਇਸ ਵਿਚ ਰਾਸ਼ਟਰੀ ਫਾਰਮਾਕੇਅਰ ਪ੍ਰੋਗਰਾਮ ਲਈ ਫੰਡਿੰਗ ਅਤੇ ਸਕੂਲ ਲੰਚ ਪ੍ਰੋਗਰਾਮ ਸ਼ਾਮਲ ਹਨ।

ਪਰ ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬਜਟ ਨੂੰ ਲੈ ਕੇ ਕਈ ਚਿੰਤਾਵਾਂ ਹਨ। ਉਹਨਾਂ ਨੇ ਰਾਸ਼ਟਰੀ ਅਪੰਗਤਾ ਲਾਭ (ਨੈਸ਼ਨਲ ਡਿਸਏਬਿਲਿਟੀ ਬੈਨਿਫ਼ਿਟ) ਲਈ ਫ਼ੰਡਿੰਗ ਨੂੰ ਨਾਕਾਫ਼ੀ ਆਖਿਆ ਹੈ।

ਅਸੀਂ ਕੋਈ ਫੈਸਲਾ ਲੈਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਅਤੇ ਲਿਬਰਲਾਂ ਤੋਂ ਇਹ ਸੁਣਨਾ ਹੈ ਕਿ ਸਾਡੀਆਂ ਚਿੰਤਾਵਾਂ ਪ੍ਰਤੀ ਉਨ੍ਹਾਂ ਦਾ ਕੀ ਜਵਾਬ ਹੈ

ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਕਿਹਾ ਕਿ ਉਨ੍ਹਾਂ ਨੇ ਲੰਘੇ ਵੀਕੈਂਡ ਐਨਡੀਪੀ ਦੇ ਫ਼ਾਈਨੈਂਸ ਕ੍ਰਿਟਿਕ ਨਾਲ ਗੱਲ ਕੀਤੀ ਹੈ।

ਫ੍ਰੀਲੈਂਡ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ਮੈਨੂੰ ਉਮੀਦ ਹੈ ਕਿ ਹਰ ਇੱਕ ਪਾਰਟੀ ਦੇ ਐਮਪੀ ਬਜਟ ਵਿੱਚ ਜ਼ਰੂਰੀ ਨਿਵੇਸ਼ਾਂ ਦਾ ਸਮਰਥਨ ਕਰਨਗੇ

ਕੰਜ਼ਰਵੇਟਿਵਜ਼, ਬਲੌਕ ਕਿਊਬੈਕਵਾ ਅਤੇ ਗ੍ਰੀਨ ਪਾਰਟੀ ਕਹਿ ਚੁੱਕੇ ਹਨ ਕਿ ਉਹ ਬਜਟ ਦਾ ਸਮਰਥਨ ਨਹੀਂ ਕਰਨਗੇ।

ਡੈਰਨ ਮੇਜਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ