1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਹਥਿਆਰਬੰਦ ਵਿਵਾਦ

ਗਾਜ਼ਾ ਦੇ ਹਸਤਪਾਲ ਵਿੱਖੇ ਇੱਕ ਸਮੂਹਿਕ ਕਬਰ ਚੋਂ ਮਿਲੀਆਂ ਕਰੀਬ 300 ਲਾਸ਼ਾਂ

ਨਾਸੇਰ ਹਸਪਤਾਲ ਦੇ ਮਲਬੇ ਚੋਂ ਮਿਲੀਆਂ ਹਨ ਘੱਟੋ ਘੱਟ 3 ਸਮੂਹਿਕ ਕਬਰਾਂ

ਇਜ਼ਰਾਈਲ ਦੇ ਫੌਜੀ ਹਮਲੇ ਦੌਰਾਨ ਦੱਖਣੀ ਗਾਜ਼ਾ ਪੱਟੀ ਦੇ ਖ਼ਾਨ ਯੂਨਿਸ ਦੇ ਨਾਸੇਰ ਹਸਪਤਾਲ ਵਿੱਚ ਮਾਰੇ ਅਤੇ ਦਫ਼ਨਾਏ ਗਏ ਫ਼ਲਸਤੀਨੀਆਂ ਦੀਆਂ ਲਾਸ਼ਾਂ ਕੱਢਣ ਦਾ ਕੰਮ ਕਰਦੇ ਵਰਕਰ।

ਇਜ਼ਰਾਈਲ ਦੇ ਫੌਜੀ ਹਮਲੇ ਦੌਰਾਨ ਦੱਖਣੀ ਗਾਜ਼ਾ ਪੱਟੀ ਦੇ ਖ਼ਾਨ ਯੂਨਿਸ ਦੇ ਨਾਸੇਰ ਹਸਪਤਾਲ ਵਿੱਚ ਮਾਰੇ ਅਤੇ ਦਫ਼ਨਾਏ ਗਏ ਫ਼ਲਸਤੀਨੀਆਂ ਦੀਆਂ ਲਾਸ਼ਾਂ ਕੱਢਣ ਦਾ ਕੰਮ ਕਰਦੇ ਵਰਕਰ।

ਤਸਵੀਰ: Reuters / Ramadan Abed

RCI

ਗਾਜ਼ਾ ਦੇ ਸਿਵਿਲ ਡਿਫ਼ੈਂਸ ਵਰਕਰਾਂ ਨੇ ਖ਼ਾਨ ਯੂਨਿਸ ਇਲਾਕੇ ਦੇ ਮੁੱਖ ਹਸਪਤਾਲ ਦੇ ਅਹਾਤੇ ਚੋਂ ਸਮੂਹਿਕ ਕਬਰਾਂ ਲੱਭੀਆਂ ਹਨ, ਜਿਨ੍ਹਾਂ ਚੋਂ ਪਿਛਲੇ ਇੱਕ ਹਫ਼ਤੇ ਦੌਰਾਨ 283 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

ਪਿਛਲੇ ਇੱਕ ਦਿਨ ਵਿਚ ਹੀ ਨਾਸੇਰ ਹਸਪਤਾਲ ਦੇ ਮਲਬੇ ਚੋਂ 73 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਰੋਏਟਰਜ਼ ਨੇ ਐਮਰਜੈਂਸੀ ਦਸਤੇ ਨੂੰ ਜ਼ਮੀਨ ਖੋਦਣ ਵਾਲੇ ਉਪਕਰਨਾਂ ਨਾਲ ਲਾਸ਼ਾਂ ਬਰਾਮਦ ਕਰਦਿਆਂ ਦੇਖਿਆ ਹੈ।

ਇਜ਼ਰਾਈਲ ਦਾ ਕਹਿਣਾ ਹੈ ਕਿ ਉਸਨੂੰ ਮਜਬੂਰਨ ਹਸਪਤਾਲਾਂ ਦੇ ਅੰਦਰ ਵੜਨਾ ਪਿਆ ਸੀ ਕਿਉਂਕਿ ਹਮਾਸ ਦੇ ਲੜਾਕੇ ਉੱਥੋਂ ਕੰਮ ਰਹੇ ਸਨ, ਹਾਲਾਂਕਿ ਮੈਡੀਕਲ ਸਟਾਫ ਅਤੇ ਹਮਾਸ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕਰਦੇ ਰਹੇ ਹਨ।

ਗਾਜ਼ਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਬਰਾਮਦ ਕੀਤੀਆਂ ਗਈਆਂ ਲਾਸ਼ਾਂ ਘੱਟੋ-ਘੱਟ ਤਿੰਨ ਸਮੂਹਿਕ ਕਬਰਾਂ ਵਿੱਚੋਂ ਸਿਰਫ਼ ਇੱਕ ਦੀਆਂ ਹਨ।

ਗਾਜ਼ਾ ਦੇ ਹਮਾਸ ਨਿਯੰਤਰਿਤ ਸਰਕਾਰੀ ਮੀਡੀਆ ਦਫ਼ਤਰ ਦੇ ਡਾਇਰੈਕਟਰ, ਇਸਮਾਈਲ ਅਲ-ਜ਼ਾਵਾਬਤਾ ਨੇ ਕਿਹਾ, ਅਸੀਂ ਆਉਣ ਵਾਲੇ ਦੋ ਦਿਨਾਂ ਵਿੱਚ ਉਸੇ ਸਮੂਹਿਕ ਕਬਰ ਵਿੱਚ 200 ਹੋਰ ਲਾਸ਼ਾਂ ਮਿਲਣ ਦੀ ਉਮੀਦ ਕਰ ਰਹੇ ਹਾਂ। ਇਸ ਤੋਂ ਬਾਅਦ ਅਸੀਂ ਦੋ ਹੋਰ ਸਾਈਟਾਂ ‘ਤੇ ਕੰਮ ਕਰਨਾ ਸ਼ੁਰੂ ਕਰਾਂਗੇ

ਗਾਜ਼ਾ ਵੱਲੋਂ ਇਜ਼ਰਾਈਲ ‘ਤੇ ਕਲਤੇਆਮ ਦਾ ਦੋਸ਼; ਇਜ਼ਰਾਈਲ ਮੁਨਕਰ

ਇਸਮਾਈਲ ਨੇ ਇਜ਼ਰਾਈਲ 'ਤੇ ਹਸਪਤਾਲ ਵਿੱਚ ਕਤਲੇਆਮ ਕਰਨ ਅਤੇ ਬੁਲਡੋਜ਼ਰ ਨਾਲ ਲਾਸ਼ਾਂ ਨੂੰ ਦਫਨ ਕਰ ਕੇ ਆਪਣੇ ਅਪਰਾਧਾਂ 'ਤੇ ਪਰਦਾ ਪਾਉਣ ਦਾ ਦੋਸ਼ ਲਗਾਇਆ ਹੈ। ਇਜ਼ਰਾਈਲ ਨੇ ਪੁਰਜ਼ੋਰ ਤਰੀਕੇ ਨਾਲ ਇਹਨਾਂ ਕਤਲਾਂ ਨੂੰ ਅੰਜਾਮ ਦੇਣ ਤੋਂ ਇਨਕਾਰ ਕੀਤਾ ਹੈ।

ਗਾਜ਼ਾ ਦੇ ਸਿਹਤ ਮੰਤਰਾਲੇ ਅਨੁਸਾਰ 7 ਅਕਤੂਬਰ ਦੀਆਂ ਕਾਰਵਾਈਆਂ ਤੋਂ ਬਾਅਦ ਗਾਜ਼ਾ ‘ਤੇ ਹੋਏ ਇਜ਼ਰਾਈਲੀ ਹਮਲਿਆਂ ਵਿਚ ਘੱਟੋ ਘੱਟ 34,151 ਫ਼ਲਸਤੀਨੀ ਮਾਰੇ ਜਾ ਚੁੱਕੇ ਹਨ ਅਤੇ 77,084 ਜ਼ਖ਼ਮੀ ਹੋ ਚੁੱਕੇ ਹਨ। ਗਾਜ਼ਾ ਦੇ ਮੰਤਰਾਲੇ ਨੇ ਲੜਾਕਿਆਂ ਅਤੇ ਆਮ ਲੋਕਾਂ ਦੀ ਗਿਣਤੀ ਵਿਚ ਫ਼ਰਕ ਨਹੀਂ ਦੱਸਿਆ, ਪਰ ਉਸਦਾ ਕਹਿਣਾ ਹੈ ਕਿ ਮ੍ਰਿਤਕਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ।

ਥੌਮਸਨ ਰੋਏਟਰਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ