1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਇਮੀਗ੍ਰੇਸ਼ਨ ‘ਤੇ ‘ਰਾਜਨੀਤਕ’ ਬਹਿਸ ਨੌਕਰੀਆਂ ਦਾ ਕਰੇਗੀ ਨੁਕਸਾਨ, ਕਿਊਬੈਕ ਦੇ ਰੁਜ਼ਗਾਰਦਾਤਾ ਚਿੰਤਤ

ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਇਸ ਮੁੱਦੇ 'ਤੇ ਰਾਏਸ਼ੁਮਾਰੀ ਦੀ ਧਮਕੀ ਦਿੱਤੀ ਹੈ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ 15 ਮਾਰਚ ਨੂੰ ਮੌਂਟਰੀਅਲ ਵਿੱਚ ਕਿਊਬੈਕ ਦੇ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨਾਲ ਇੱਕ ਦੁਵੱਲੀ ਮੀਟਿੰਗ ਵਿੱਚ ਸ਼ਾਮਲ ਹੁੰਦੇ ਹੋਏ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ 15 ਮਾਰਚ ਨੂੰ ਮੌਂਟਰੀਅਲ ਵਿੱਚ ਕਿਊਬੈਕ ਦੇ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨਾਲ ਇੱਕ ਦੁਵੱਲੀ ਮੀਟਿੰਗ ਵਿੱਚ ਸ਼ਾਮਲ ਹੁੰਦੇ ਹੋਏ।

ਤਸਵੀਰ: (Christinne Muschi/The Canadian Press

RCI

ਕਿਊਬੈਕ ਦੇ ਇੱਕ ਪ੍ਰਮੁੱਖ ਰੁਜ਼ਗਾਰਦਾਤਾ ਸਮੂਹ ਦੇ ਮੁਖੀ ਦਾ ਕਹਿਣਾ ਹੈ ਕਿ ਕਿਊਬੈਕ ਅਤੇ ਕੈਨੇਡਾ ਸਰਕਾਰ ਵਿਚਕਾਰ ਇਮੀਗ੍ਰੇਸ਼ਨ ਨੂੰ ਲੈ ਕੇ ਤਾਜ਼ਾ ਵਿਵਾਦ ਲੇਬਰ ਮਾਰਕੀਟ ਦੀ ਅਸਲੀਅਤ 'ਤੇ ਨਹੀਂ ਸਗੋਂ ਰਾਜਨੀਤੀ 'ਤੇ ਅਧਾਰਤ ਹੈ।

ਕੌਂਸਿਲ ਡੂ ਪੈਟਰੋਨੈਟ ਡੂ ਕਿਊਬੈਕ (Conseil du patronat du Québec) ਦੇ ਪ੍ਰੈਜ਼ੀਡੈਂਟ ਅਤੇ ਸੀਈਓ, ਕਾਰਲ ਬਲੈਕਬਰਨ ਨੇ ਕਿਹਾ, ਕੁਝ ਪੱਖਾਂ ਤੋਂ, ਇਹ ਦੁਖਦਾਈ ਹੈ

ਉਨ੍ਹਾਂ ਦੀਆਂ ਟਿੱਪਣੀਆਂ ਉਦੋਂ ਆਈਆਂ ਹਨ ਜਦੋਂ ਕਿਊਬੈਕ ਦੇ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਧਮਕੀ ਦਿੱਤੀ ਹੈ ਕਿ ਜੇਕਰ ਫ਼ੈਡਰਲ ਸਰਕਾਰ ਟੈਂਪੋਰੈਰੀ ਰੈਜ਼ੀਡੈਂਟਸ,ਜਿਹਨਾਂ ਵਿੱਚ ਵਿਦੇਸ਼ੀ ਕਾਮੇ, ਅੰਤਰਰਾਸ਼ਟਰੀ ਵਿਦਿਆਰਥੀ ਅਤੇ ਸ਼ਰਨਾਰਥੀ ਦਾਅਵੇਦਾਰ ਸ਼ਾਮਲ ਹਨ, ਦੀ ਵੱਧ ਰਹੀ ਗਿਣਤੀ ਨੂੰ ਰੋਕਣ ਲਈ ਤੇਜ਼ੀ ਨਾਲ ਕਾਰਵਾਈ ਨਹੀਂ ਕਰਦੀ, ਤਾਂ ਉਹ ਇਮੀਗ੍ਰੇਸ਼ਨ 'ਤੇ ਰੈਫਰੈਂਡਮ ਯਾਨੀ ਰਾਏਸ਼ੁਮਾਰੀ ਕਰਵਾਉਣਗੇ।

ਲਿਗੋਅ ਨੇ ਪਿਛਲੇ ਹਫਤੇ ਕਿਹਾ ਸੀ, ਬਹੁਤ ਸਾਰੇ ਕਿਊਬੈਕਰ ਸੋਚਦੇ ਹਨ ਕਿ 560,000 ਅਸਥਾਈ ਪ੍ਰਵਾਸੀ ਬਹੁਤ ਜ਼ਿਆਦਾ ਹਨ। ਇਹ ਸਾਡੇ ਹੈਲਥ ਕੇਅਰ ਸਿਸਟਮ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਸਾਡੇ ਕੋਲ ਲੋੜੀਂਦੇ ਅਧਿਆਪਕ ਨਹੀਂ ਹਨ, ਸਾਡੇ ਕੋਲ ਲੋੜੀਂਦੇ ਘਰ ਨਹੀਂ ਹਨ

ਸੂਬਾਈ ਇਮੀਗ੍ਰੇਸ਼ਨ ਮੰਤਰੀ ਕ੍ਰਿਸਟੀਨ ਫ਼੍ਰੈਸ਼ੇਟ ਨੇ ਕਿਹਾ ਕਿ ਸੂਬੇ ਦੀਆਂ ਮੰਗਾਂ ਵਿੱਚ ਫ਼ੈਡਰਲ ਸਰਕਾਰ ਦੁਆਰਾ ਪ੍ਰਬੰਧਿਤ ਇਮੀਗ੍ਰੇਸ਼ਨ ਪ੍ਰੋਗਰਾਮਾਂ ਵਿੱਚ ਫ੍ਰੈਂਚ ਭਾਸ਼ਾ ਦੀਆਂ ਮਜ਼ਬੂਤ ​​ਲੋੜਾਂ ਅਤੇ ਸ਼ਰਣ ਮੰਗਣ ਵਾਲਿਆਂ ਅਤੇ ਅਸਥਾਈ ਕਮਾਿਆਂ ਦੀ ਗਿਣਤੀ ਵਿੱਚ ਕਮੀ ਸ਼ਾਮਲ ਹੈ।

ਹਾਲਾਂਕਿ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਇਮੀਗ੍ਰੇਸ਼ਨ 'ਤੇ ਪੂਰਨ ਅਧਿਕਾਰ ਲਈ ਸੂਬੇ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ - ਜੋ ਕਿ ਵਰਤਮਾਨ ਵਿੱਚ ਇੱਕ ਸਾਂਝੀ ਜ਼ਿੰਮੇਵਾਰੀ ਹੈ - ਲਿਗੋਅ ਨੇ ਮਾਰਚ ਵਿੱਚ ਕਿਹਾ ਸੀ ਕਿ ਉਹਨਾਂ ਦੇ ਫ਼ੈਡਰਲ ਹਮਰੁਤਬਾ ਨੇ ਸੂਬੇ ਦੀਆਂ ਕੁਝ ਮੰਗਾਂ ਪ੍ਰਤੀ ਖੁੱਲ੍ਹਦਿਲੀ ਦਿਖਾਈ ਹੈ, ਅਤੇ ਅਸਥਾਈ ਪ੍ਰਵਾਸੀਆਂ ਨੂੰ ਘਟਾਉਣ ਦੀ ਜ਼ਰੂਰਤ 'ਤੇ ਉਹਨਾਂ ਨਾਲ ਸਹਿਮਤੀ ਪ੍ਰਗਟਾਈ ਹੈ।

ਲਿਗੋਅ ਨੇ ਧਮਕੀ ਦਿਤੀ ਹੈ ਕਿ ਜੇਕਰ ਕੈਨੇਡਾ ਸਰਕਾਰ ਅਸਥਾਈ ਪ੍ਰਵਾਸੀਆਂ ਦੀ ਵੱਧ ਰਹੀ ਗਿਣਤੀ ਨੂੰ ਰੋਕਣ ਲਈ ਤੇਜ਼ੀ ਨਾਲ ਕਾਰਵਾਈ ਨਹੀਂ ਕਰਦੀ ਤਾਂ ਉਹ ਇਸ ਬਾਰੇ ਰਾਏਸ਼ੁਮਾਰੀ ਕਰਵਾਉਣਗੇ।

ਲਿਗੋਅ ਨੇ ਧਮਕੀ ਦਿਤੀ ਹੈ ਕਿ ਜੇਕਰ ਕੈਨੇਡਾ ਸਰਕਾਰ ਅਸਥਾਈ ਪ੍ਰਵਾਸੀਆਂ ਦੀ ਵੱਧ ਰਹੀ ਗਿਣਤੀ ਨੂੰ ਰੋਕਣ ਲਈ ਤੇਜ਼ੀ ਨਾਲ ਕਾਰਵਾਈ ਨਹੀਂ ਕਰਦੀ ਤਾਂ ਉਹ ਇਸ ਬਾਰੇ ਰਾਏਸ਼ੁਮਾਰੀ ਕਰਵਾਉਣਗੇ।

ਤਸਵੀਰ: Getty Images / Olga Ryazanseva

ਵੀਜ਼ਾ ਕਟੌਤੀਆਂ ਕਰਕੇ ਕਾਰੋਬਾਰ ਪ੍ਰਭਾਵਿਤ

ਪਰ ਬਲੈਕਬਰਨ ਇਸ ਗੱਲ ਨਾਲ ਅਸਹਿਮਤ ਹਨ ਕਿ ਅਸਥਾਈ ਕਾਮਿਆਂ ਦੀ ਤਾਦਾਦ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਇਹ ਕਾਮੇ ਸਾਡੇ ਕਾਰੋਬਾਰਾਂ ਵਿੱਚ ਵਸਤੂਆਂ ਅਤੇ ਸੇਵਾਵਾਂ ਪੈਦਾ ਕਰਨ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਮਿਆਂ ਦੀ ਗਿਣਤੀ ਲੇਬਰ ਮਾਰਕੀਟ ਅਤੇ ਇੱਕ ਬੁੱਢੀ ਹੁੰਦੀ ਆਬਾਦੀ ਵਾਲੇ ਸਮਾਜ ਦੀਆਂ ਜ਼ਰੂਰਤਾਂ ਨੂੰ ਦਰਸਾਉਂਦੀ ਹੈ।

ਉਹਨਾਂ ਕਿਹਾ ਕਿ ਉਹ ਸੂਬੇ ਵਿੱਚ ਸ਼ਰਣ ਮੰਗਣ ਵਾਲਿਆਂ ਦੀ ਗਿਣਤੀ ਨੂੰ ਘਟਾਉਣ ਲਈ ਲਿਗੋਅ ਸਰਕਾਰ ਦੇ ਸੱਦੇ ਦਾ ਸਮਰਥਨ ਕਰਦੇ ਹਨ ਕਿਉਂਕਿ ਕਿਊਬੈਕ ਵਿਚ ਹਾਲ ਹੀ ਦੇ ਸਾਲਾਂ ਵਿਚ ਇਸ ਵਿਚ ਅਸੰਤੁਲਿਤ ਵਾਧਾ ਹੋਇਆ ਹੈ। ਪਰ ਉਹਨਾਂ ਕੁਝ ਮਹੀਨੇ ਪਹਿਲਾਂ ਮੈਕਸੀਕਨ ਨਾਗਰਿਕਾਂ 'ਤੇ ਅਚਾਨਕ ਵੀਜ਼ਾ ਦੁਬਾਰਾ ਲਾਗੂ ਕਰਨ ਦੇ ਫ਼ੈਡਰਲ ਸਰਕਾਰ ਦੇ ਫੈਸਲੇ ਦੀ ਨਿੰਦਾ ਕੀਤੀ। ਇਹ ਉਪਾਅ ਕਿਊਬੈਕ ਸਰਕਾਰ ਨੇ ਸ਼ਰਣ ਦੇ ਦਾਅਵਿਆਂ ਨੂੰ ਘਟਾਉਣ ਦੇ ਇੱਕ ਤਰੀਕੇ ਵਜੋਂ ਪੇਸ਼ ਕੀਤਾ ਸੀ।

ਬਲੈਕਬਰਨ ਨੇ ਕਿਹਾ ਕਿ ਇਹ ਫ਼ੈਸਲਾ ਕਾਮਿਆਂ ਨੂੰ ਲਿਆਉਣ ਦੀ ਯੋਗਤਾ ਨੂੰ ਸੀਮਤ ਕਰਕੇ ਕਾਰੋਬਾਰਾਂ 'ਤੇ ਸਿੱਧਾ ਪ੍ਰਭਾਵ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਥਾਈ ਕਾਮਿਆਂ ਦੀ ਗਿਣਤੀ ਨੂੰ ਘਟਾਉਣ ਲਈ ਕੋਈ ਵੀ ਉਪਾਅ ਕਿਊਬੈਕ ਦੀ ਆਰਥਿਕਤਾ ਦੇ ਨਾਲ-ਨਾਲ ਖਪਤਕਾਰਾਂ ਨੂੰ ਵੀ ਨੁਕਸਾਨ ਪਹੁੰਚਾਏਗਾ ਕਿਉਂਕਿ ਉਨ੍ਹਾਂ ਕੋਲ ਹੁਣ ਵਰਗੀਆਂ ਵਸਤੂਆਂ ਅਤੇ ਸੇਵਾਵਾਂ ਤੱਕ ਪਹੁੰਚ ਨਹੀਂ ਹੋਵੇਗੀ।

ਬਲੈਕਬਰਨ ਨੇ ਕਿਹਾ, ਇਹ ਇਸ ਤਰ੍ਹਾਂ ਹੈ ਜਿਵੇਂ ਸਾਡੀਆਂ ਸਰਕਾਰਾਂ ਜਾਣਬੁੱਝ ਕੇ ਰਾਜਨੀਤਿਕ ਕਾਰਨਾਂ ਕਰਕੇ ਕੰਪਨੀਆਂ ਦੇ ਕਾਂਟਰੈਕਟਾਂ ਦੇ ਨੁਕਸਾਨ ਲਈ ਸਹਿਮਤ ਹੋ ਗਈਆਂ ਹੋਣ, ਜੋ ਕਿ ਆਰਥਿਕ ਵਿਕਾਸ 'ਤੇ ਅਧਾਰਤ ਨਹੀਂ ਹੈ ਅਤੇ ਇੱਕ ਤਰ੍ਹਾਂ ਨਾਲ ਬੇਤੁਕੀ ਗੱਲ ਹੈ

ਕੌਂਸਿਲ ਡੂ ਪੈਟਰੋਨੈਟ ਡੂ ਕਿਊਬੇਕ ਦੇ ਪ੍ਰਧਾਨ ਅਤੇ ਸੀਈਓ, ਕਾਰਲ ਬਲੈਕਬਰਨ

ਕੌਂਸਿਲ ਡੂ ਪੈਟਰੋਨੈਟ ਡੂ ਕਿਊਬੇਕ ਦੇ ਪ੍ਰਧਾਨ ਅਤੇ ਸੀਈਓ, ਕਾਰਲ ਬਲੈਕਬਰਨ ਨੇ ਕਿਹਾ ਕਿ ਫ਼ੈਡਰਲ ਸਰਕਾਰ ਦਾ ਕੁਝ ਮੈਕਸੀਕਨ ਨਾਗਰਿਕਾਂ 'ਤੇ ਵੀਜ਼ਾ ਮੁੜ ਲਾਗੂ ਕਰਨ ਦਾ ਫੈਸਲਾ ਕਿਊਬੈਕ ਦੇ ਕਾਰੋਬਾਰਾਂ ਨੂੰ ਪ੍ਰਭਾਵਤ ਕਰ ਰਿਹਾ ਹੈ।

ਤਸਵੀਰ: Radio-Canada / Lisa-Marie Fleurent

ਉਨ੍ਹਾਂ ਕਿਹਾ ਕਿ ਸਿਆਸਤਦਾਨ ਹਾਊਸਿੰਗ, ਡੇ-ਕੇਅਰ ਸਪੇਸ ਅਤੇ ਅਧਿਆਪਕਾਂ ਦੀ ਘਾਟ ਲਈ ਪਰਵਾਸੀਆਂ ਨੂੰ ਗਲਤ ਢੰਗ ਨਾਲ ਜ਼ਿੰਮੇਵਾਰ ਠਹਿਰਾ ਰਹੇ ਹਨ, ਜਦ ਕਿ ਅਸਲ ਸਮੱਸਿਆ ਇਨ੍ਹਾਂ ਖੇਤਰਾਂ ਵਿੱਚ ਨਿਵੇਸ਼ ਕਰਨ ਵਿੱਚ ਸਰਕਾਰ ਦੀ ਅਸਫਲਤਾ ਹੈ।

ਕਿਊਬੈਕ ਅਤੇ ਫ਼ੈਡਰਲ ਸਰਕਾਰ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀ ਬਹਿਸ ਹਾਲ ਦੇ ਮਹੀਨਿਆਂ ਵਿੱਚ ਭੜਕ ਗਈ ਹੈ। ਇਸ ਸਾਲ ਦੇ ਸ਼ੁਰੂ ਵਿੱਚ, ਪ੍ਰੀਮੀਅਰ ਨੇ ਟ੍ਰੂਡੋ ਨੂੰ ਕਿਊਬੈਕ ਵਿੱਚ ਪਨਾਹ ਮੰਗਣ ਵਾਲਿਆਂ ਦੀ ਆਮਦ ਘਟਾਉਣ ਬਾਰੇ ਧਿਆਨ ਦੇਣ ਲਈ ਲਿਖਿਆ ਸੀ। ਪਿਛਲੇ ਸਾਲ ਕੈਨੇਡਾ ਵਿੱਚ ਆਉਣ ਵਾਲੇ 144,000 ਸ਼ਰਨਾਰਥੀਆਂ ਵਿੱਚੋਂ 65,000 ਤੋਂ ਵੱਧ ਕਿਊਬੈਕ ਵਿਚ ਪਹੁੰਚੇ ਸਨ।

ਕਿਊਬੈਕ ਸਰਕਾਰ ਦਾ ਕਹਿਣਾ ਹੈ ਕਿ ਵਧਦੇ ਪਨਾਹਗੀਰਾਂ ਨੂੰ ਸਵੀਕਾਰਨ ਅਤੇ ਉਹਨਾਂ ਦਾ ਬੰਦੋਬਸਤ ਕਰਨ ਲਈ ਉਸਦੇ 1 ਬਿਲੀਅਨ ਡਾਲਰ ਖ਼ਰਚ ਹੋਏ ਹਨ ਅਤੇ ਫ਼ੈਡਰਲ ਸਰਕਾਰ ਇਸ ਰਕਮ ਦੀ ਅਦਾਇਗੀ ਕਰੇ।

ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਪਿਛਲੇ ਹਫਤੇ ਕਿਹਾ ਸੀ ਕਿ ਕੋਈ ਵੀ ਦੇਸ਼ ਕਦੇ ਵੀ ਇਮੀਗ੍ਰੇਸ਼ਨ 'ਤੇ ਪੂਰਾ ਕੰਟਰੋਲ ਨਹੀਂ ਛੱਡ ਸਕਦਾ। ਪਰ ਉਹਨਾਂ ਕਿਹਾ ਕਿ ਉਹ ਅਤੇ ਉਹਨਾਂ ਦੇ ਸੂਬਾਈ ਹਮਰੁਤਬਾ ਚੰਗੀ ਗੱਲਬਾਤ ਕਰ ਰਹੇ ਹਨ ਅਤੇ ਮੈਕਸੀਕਨਾਂ ਨੂੰ ਵੀਜ਼ਾ ਸੀਮਤ ਕਰਨ ਅਤੇ ਫ੍ਰੈਂਚ ਭਾਸ਼ਾ ਦੀ ਸੁਰੱਖਿਆ ਸਮੇਤ ਕਈ ਮਾਮਲਿਆਂ 'ਤੇ ਸਹਿਮਤ ਹਨ।

ਜਿੱਥੇ ਲਿਗੋਅ ਨੇ ਨਵੇਂ ਆਉਣ ਵਾਲਿਆਂ ਦੀ ਵਿਸਫ਼ੋਟਕ ਤਾਦਾਦ ਲਈ ਫ਼ੈਡਰਲ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ, ਇੱਕ ਖੋਜ ਸੰਸਥਾ ਦੇ ਨਿਰਦੇਸ਼ਕ ਅਤੇ ਅਸਥਾਈ ਪ੍ਰਵਾਸੀਆਂ ਬਾਰੇ ਇੱਕ ਤਾਜ਼ਾ ਅਧਿਐਨ ਦੇ ਸਹਿ-ਲੇਖਕ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਅਤੇ ਕਿਊਬੈਕ ਦੋਵਾਂ ਨੇ ਹਾਲ ਹੀ ਦੇ ਸਾਲਾਂ ਵਿੱਚ ਵਧੇਰੇ ਪਰਵਾਸੀਆਂ ਦੇ ਆਉਣ ਦੀ ਸਹੂਲਤ ਲਈ ਉਪਾਅ ਕੀਤੇ ਹਨ।

ਇਮੀਗ੍ਰੇਸ਼ਨ ਵਿਚ ਵਾਧੇ ਦੇ ਕਈ ਕਾਰਨ

ਐਮਨਾ ਬ੍ਰੈਹਮ ਦਾ ਕਹਿਣਾ ਹੈ ਕਿ ਅਸਥਾਈ ਪ੍ਰਵਾਸੀਆਂ ਵਿੱਚ ਵਾਧਾ ਕੁਝ ਕਾਰਕਾਂ ਦੇ ਸੁਮੇਲ ਕਾਰਨ ਹੈ ਜਿਹਨਾਂ ਵਿੱਚ ਇੱਕ ਤੰਗ ਲੇਬਰ ਮਾਰਕੀਟ, ਪੋਸਟ-ਸੈਕੰਡਰੀ ਸੰਸਥਾਵਾਂ ਵਿਚ ਅੰਤਰਰਾਸ਼ਟਰੀ ਦਾਖ਼ਲੇ, ਅਤੇ ਕੈਨੇਡਾ ਸਰਕਾਰ ਅਤੇ ਕਿਊਬੈਕ ਦੋਵਾਂ ਦੁਆਰਾ ਕੰਪਨੀਆਂ ਨੂੰ ਹੋਰ ਕਾਮਿਆਂ ਨੂੰ ਲਿਆਉਣ ਦੀ ਆਗਿਆ ਦੇਣ ਲਈ ਪ੍ਰੋਗਰਾਮ ਸ਼ਾਮਲ ਹਨ।

ਉਹਨਾਂ ਕਿਹਾ ਕਿ ਤਾਦਾਦ ਹੁਣ ਦੋਵੇਂ ਸਰਕਾਰਾਂ ਦੀ ਉਮੀਦ ਨਾਲੋਂ ਵੱਧ ਗਈ ਹੈ, ਸੰਭਾਵਤ ਤੌਰ 'ਤੇ ਕਿਉਂਕਿ ਅਸਥਾਈ ਇਮੀਗ੍ਰੇਸ਼ਨ ਦਾ ਪ੍ਰਬੰਧਨ ਕਈ ਪ੍ਰੋਗਰਾਮਾਂ ਰਾਹੀਂ ਕੀਤਾ ਜਾਂਦਾ ਹੈ ਜੋ ਇੱਕ ਦੂਸਰੇ ਤੋਂ ਵੱਖਰੇ ਹਨ।

ਇੱਕ ਫ਼ੋਨ ਇੰਟਰਵਿਊ ਵਿਚ ਐਮਨਾ ਨੇ ਕਿਹਾ ਕਿ ਕਈ ਉਪਾਅ ਅਜਿਹੇ ਸਨ ਜਿਹੜੇ ਇਕਹਿਰੇ ਤੌਰ ‘ਤੇ ਤਾਂ ਵਾਜਬ ਠਹਿਰਾਏ ਜਾ ਸਕਦੇ ਸਨ, ਪਰ ਸਮੁੱਚੇ ਤੌਰ ‘ਤੇ ਉਨ੍ਹਾਂ ਦਾ ਪਰਵਾਸੀਆਂ ਦੀ ਆਮਦ ਦੇ ਕੀ ਪ੍ਰਭਾਵ ਪਵੇਗਾ, ਇਸ ਦਾ ਅੰਦਾਜ਼ਾ ਨ੍ਹੀਂ ਸੀ।

ਕਿਊਬੈਕ ਕਹਿੰਦਾ ਹੈ ਕਿ ਅਸਥਾਈ ਕਾਮਿਆਂ ਦੀ ਗਿਣਤੀ ਨੂੰ ਘਟਾਉਣ ਦਾ ਇੱਕ ਤਰੀਕਾ ਟੈਕਨੋਲੌਜੀ ਵਿੱਚ ਨਿਵੇਸ਼ ਕਰਨਾ ਹੈ।

ਫ਼੍ਰੈਸ਼ੇਟ ਨੇ ਸੋਮਵਾਰ ਨੂੰ ਇੱਕ ਬਿਆਨ ਵਿਚ ਕਿਹਾ, ਜਿਵੇਂ ਕਿ ਅਸੀਂ ਜਾਣਦੇ ਹਾਂ, ਕਿਊਬੈਕ ਬਿਜ਼ਨਸ ਰੋਬੋਟਾਈਜ਼ੇਸ਼ਨ ਅਤੇ ਆਟੋਮੇਸ਼ਨ ਦੇ ਮਾਮਲੇ ਵਿੱਚ ਪਛੜ ਗਿਆ ਹੈ। ਟੈਕਨੋਲੌਜੀ ਵਿੱਚ ਨਿਵੇਸ਼ ਕਰਕੇ, ਕਾਰੋਬਾਰ ਅਸਥਾਈ ਕਾਮਿਆਂ 'ਤੇ ਘੱਟ ਨਿਰਭਰ ਕਰਦੇ ਹੋਏ ਆਪਣੀ ਉਤਪਾਦਕਤਾ ਵਧਾਉਣ ਦੇ ਯੋਗ ਹੋਣਗੇ

ਐਮਨਾ ਅਤੇ ਬਲੈਕਬਰਨ ਦੋਵਾਂ ਦਾ ਕਹਿਣਾ ਹੈ ਕਿ ਕਿਊਬੈਕ ਵਿੱਚ ਅਸਥਾਈ ਕਾਮਿਆਂ ਦੀ ਵੱਧ ਗਿਣਤੀ ਦਾ ਇੱਕ ਕਾਰਨ ਸੂਬੇ ਦੇ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਨੂੰ ਹਰ ਸਾਲ 50,000 ਦੇ ਆਸ-ਪਾਸ ਸਵੀਕਾਰ ਕਰਨ ਦੇ ਫੈਸਲੇ ਦਾ ਵੀ ਨਤੀਜਾ ਹੈ।

ਬਲੈਕਬਰਨ ਨੇ ਕਿਹਾ, ਜੇਕਰ ਕਿਊਬੈਕ ਦੀ ਸਰਕਾਰ ਨੇ ਲੇਬਰ ਮਾਰਕੀਟ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਪਣੇ ਪੱਧਰ 'ਤੇ ਥ੍ਰੈਸ਼ਹੋਲਡ ਨਿਰਧਾਰਤ ਕੀਤਾ ਹੁੰਦਾ, ਤਾਂ ਅਸੀਂ ਇਸ ਸਥਿਤੀ ਵਿੱਚ ਨਹੀਂ ਹੁੰਦੇ ਜਿੱਥੇ ਅਸਥਾਈ ਕਾਮਿਆਂ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੁੰਦਾ ਹੈ

ਐਮਨਾ ਨੇ ਕਿਹਾ ਕਿ ਇਹ ਸਮਾਂ ਸੂਬਿਆਂ ਅਤੇ ਫ਼ੈਡਰਲ ਸਰਕਾਰ ਲਈ ਇਮੀਗ੍ਰੇਸ਼ਨ ‘ਤੇ ਇੱਕ ਤਾਲਮੇਲ ਵਾਲੀ ਪਹੁੰਚ ਵਿਕਸਤ ਕਰਨ ਅਤੇ ਇੱਕ ਲੰਬੇ ਤੇ ਛੋਟੇ ਸਮੇਂ ਦੀਆਂ ਲੋੜਾਂ ਪੂਰੀਆਂ ਕਰਨ ਵਾਲੀ ਪ੍ਰਣਾਲੀ ਯਕੀਨੀ ਬਣਾਉਣ ਲਈ ਸਹੀ ਸਮਾਂ ਹੈ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ