1. ਮੁੱਖ ਪੰਨਾ
  2. ਸਮਾਜ
  3. ਮੂਲਨਿਵਾਸੀ

ਕੈਨੇਡਾ ‘ਚ ਮਨਾਇਆ ਜਾ ਰਿਹੈ ‘ਨੈਸ਼ਨਲ ਰਿਬਨ ਸਕਰਟ ਡੇ’

ਮੂਲਨਿਵਾਸੀ ਸੱਭਿਆਚਾਰ ਵਿਚ ਰਿਬਨ ਸਕਰਟ ਨੂੰ ਖ਼ਾਸ ਸਮਾਗਮਾਂ ਵਿਚ ਪਹਿਨਿਆ ਜਾਂਦਾ ਹੈ

ਪ੍ਰਿੰਸ ਐਡਵਰਡ ਆਇਲੈਂਡ ਦੇ ਲੈਨੌਕਸ ਫ਼ਸਟ ਨੇਸ਼ਨ ਵਿੱਖੇ ਇੱਕ ਸੱਭਿਆਚਾਰਕ ਕੇਂਦਰ ਵਿਚ ਕੁਝ ਬੱਚੇ ਰਵਾਇਤੀ ਰਿਬਨ ਸਕਰਟ ਪਹਿਨਕੇ ਮਿਕਮੌ ਨਾਂ ਦਾ ਮੂਲਨਿਵਾਸੀ ਨ੍ਰਿਤ ਕਰਦੇ ਹੋਏ। 4 ਜਨਵਰੀ ਕੈਨੇਡਾ ਵਿਚ ਨੈਸ਼ਨਲ ਰਿਬਨ ਸਕਰਟ ਡੇ ਹੁੰਦਾ ਹੈ।

ਪ੍ਰਿੰਸ ਐਡਵਰਡ ਆਇਲੈਂਡ ਦੇ ਲੈਨੌਕਸ ਫ਼ਸਟ ਨੇਸ਼ਨ ਵਿੱਖੇ ਇੱਕ ਸੱਭਿਆਚਾਰਕ ਕੇਂਦਰ ਵਿਚ ਕੁਝ ਬੱਚੇ ਰਵਾਇਤੀ ਰਿਬਨ ਸਕਰਟ ਪਹਿਨਕੇ ਮਿਕਮੌ ਨਾਂ ਦਾ ਮੂਲਨਿਵਾਸੀ ਨ੍ਰਿਤ ਕਰਦੇ ਹੋਏ।

ਤਸਵੀਰ: (Nicola MacLeod/CBC)

RCI

4 ਜਨਵਰੀ ਨੂੰ ਕੈਨੇਡਾ ਦਾ ਦੂਸਰਾ ਨੈਸ਼ਨਲ ਰਿਬਨ ਸਕਰਟ ਡੇ (National Ribbon Skirt Day) ਮਨਾਇਆ ਜਾ ਰਿਹਾ ਹੈ।

ਇਹ ਦਿਨ ਇਜ਼ਾਬੈਲਾ ਕੁਲਕ ਨਾਮ ਦੀ 10 ਸਾਲ ਦੀ ਇੱਕ ਮੂਲਨਿਵਾਸੀ ਬੱਚੀ ਤੋਂ ਪ੍ਰੇਰਿਤ ਹੈ। ਦਸੰਬਰ 2020 ਵਿਚ ਸਸਕੈਚਵਨ ਦੀ ਇਸ ਬੱਚੀ ਨੂੰ ਸਕੂਲ ਵਿਚ ਆਪਣੀ ਰਿਬਨ ਸਕਰਟ ਪਹਿਨਣ ਲਈ ਸ਼ਰਮਸਾਰ ਕੀਤਾ ਗਿਆ ਸੀ।

ਮੂਲਨਿਵਾਸੀ ਸੱਭਿਆਚਾਰ ਵਿਚ ਰਿਬਨ ਸਕਰਟ ਨੂੰ ਖ਼ਾਸ ਸਮਾਗਮਾਂ ਅਤੇ ਸਮਾਰੋਹਾਂ ਵਿਚ ਪਹਿਨਿਆ ਜਾਂਦਾ ਹੈ। ਸਕੂਲ ਦੇ ਇੱਕ ਰਸਮੀ ਸਮਾਗਮ ਦੌਰਾਨ ਇਜ਼ਾਬੈਲਾ ਨੇ ਆਪਣੀ ਰਿਬਨ ਸਕਰਟ ਪਹਿਨੀ ਸੀ ਅਤੇ ਸਕੂਲ ਦੇ ਇੱਕ ਸਟਾਫ਼ ਮੈਂਬਰ ਨੇ ਬੱਚੀ ਦੇ ਪਰਿਵਾਰ ਨੂੰ ਕਿਹਾ ਸੀ ਕਿ ਉਸਦਾ ਰੰਗ-ਬਰੰਗਾ ਲਿਬਾਸ ਰਸਮੀ ਨਹੀਂ ਹੈ।

ਸਕੂਲ ਡਿਵੀਜ਼ਨ ਨੇ ਮੁਆਫ਼ੀ ਮੰਗ ਲਈ ਸੀ, ਪਰ ਇਸ ਖ਼ਬਰ ਨੇ ਇੱਕ ਔਨਲਾਈਨ ਲਹਿਰ ਸ਼ੁਰੂ ਕਰ ਦਿੱਤੀ ਸੀ, ਜਿਸ ਵਿਚ ਮੂਲਨਿਵਾਸੀ ਔਰਤਾਂ ਆਪਣੀ ਸ਼ਨਾਖ਼ਤ ਉੱਤੇ ਮਾਣ ਦੇ ਪ੍ਰਗਟਾਵੇ ਵੱਜੋਂ ਰਿਬਨ ਸਕਰਟਾਂ ਪਹਿਨ ਕੇ ਆਪਣੀਆਂ ਫ਼ੋਟੋਆਂ ਸਾਂਝੀਆਂ ਕਰਦੀਆਂ ਹਨ।

ਮੈਨੀਟੋਬਾ ਦੀ ਸੈਨੇਟਰ ਜੇਨ ਮਕੈਲਮ ਨੇ ਜਨਵਰੀ ਦੀ 4 ਤਾਰੀਖ਼ ਨੂੰ ਇਸ ਦਿਨ ਵੱਜੋਂ ਮਨਾਉਣ ਦਾ ਬਿਲ ਪੇਸ਼ ਕੀਤਾ ਸੀ, ਜਿਸਨੂੰ 2022 ਵਿਚ ਪਾਰਲੀਮੈਂਟ ਨੇ ਪਾਸ ਕਰ ਦਿੱਤਾ ਸੀ। ਪਿਛਲੇ ਸਾਲ ਕੈਨੇਡਾ ਦਾ ਪਹਿਲਾ ਨੈਸ਼ਨਲ ਰਿਬਨ ਸਕਰਟ ਡੇ ਮਨਾਇਆ ਗਿਆ ਸੀ।

ਅੱਜ ਦੇ ਇਸ ਵਿਸ਼ੇਸ਼ ਦਿਵਸ ਦੇ ਸਬੰਧ ਵਿਚ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਜਦੋਂ ਇਜ਼ਾਬੈਲਾ ਕੁਲਕ ਨੂੰ ਸਕੂਲ ਵਿੱਚ ਆਪਣੇ ਹੱਥ ਨਾਲ ਬਣੇ ਰਿਬਨ ਸਕਰਟ ਨੂੰ ਮਾਣ ਨਾਲ ਪਹਿਨਣ ਲਈ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ, ਤਾਂ ਉਸ ਨੇ ਇੱਕ ਨੈਸ਼ਨਲ ਰਿਬਨ ਸਕਰਟ ਦਿਵਸ ਨੂੰ ਪ੍ਰੇਰਿਤ ਕੀਤਾ ਸੀ। ਹਰ 4 ਜਨਵਰੀ ਨੂੰ, ਅਸੀਂ ਮੂਲਨਿਵਾਸੀ ਸਮਰੱਥਾ, ਮੂਲਨਿਵਾਸੀ ਸਭਿਆਚਾਰਾਂ ਅਤੇ ਪਰੰਪਰਾਵਾਂ ਨੂੰ ਮਨਾਉਂਦੇ ਹਾਂ

ਸੀਬੀਸੀ ਨਿਊਜ਼, ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ