1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਟੈਂਪੋਰੇਰੀ ਵੀਜ਼ਿਆਂ ਚ ਕਟੌਤੀ ਵਿਚਾਰਨ ਲਈ ਸੂਬਾਈ ਹਮਰੁਤਬਿਆਂ ਨਾਲ ਬੈਠਕ ਕਰਨਗੇ ਫ਼ੈਡਰਲ ਇਮੀਗ੍ਰੇਸ਼ਨ ਮੰਤਰੀ

2018 ਵਿੱਚ 337,460 ਅਸਥਾਈ ਵਰਕ ਵੀਜ਼ਾ ਧਾਰਕ ਸਨ ਅਤੇ 2022 ਤੱਕ, ਇਹ ਗਿਣਤੀ ਵਧ ਕੇ 605,851 ਹੋ ਗਈ ਸੀ

ਫ਼ੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ

ਫ਼ੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ

ਤਸਵੀਰ: (Spencer Colby/The Canadian Press)

RCI

ਟੈਂਪੋਰੇਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ‘ਤੇ ਵਿਚਾਰ ਕਰਨ ਲਈ ਅੱਜ ਫ਼ੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਸੂਬਾਈ ਮੰਤਰੀਆਂ ਨਾਲ ਮੁਲਾਕਾਤ ਕਰ ਰਹੇ ਹਨ।

ਟੈਂਪੋਰੇਰੀ ਰੈਜ਼ੀਡੈਂਟਸ ਦੀ ਤਾਦਾਦ ਘੱਟ ਕਰਨ ਦੇ ਐਲਾਨ ਤੋਂ ਬਾਅਦ ਇਹ ਪਹਿਲੀ ਵਾਰੀ ਹੈ ਜਦੋਂ ਉਹ ਵਿਅਕਤੀਗਤ ਤੌਰ ‘ਤੇ ਸੂਬਾਈ ਇਮੀਗ੍ਰੇਸ਼ਨ ਮੰਤਰੀਆਂ ਨੂੰ ਮਿਲਣਗੇ।

ਮਾਰਕ ਮਿਲਰ ਨੇ ਮਾਰਚ ਵਿਚ ਕਿਹਾ ਸੀ ਕਿ 2023 ਵਿਚ ਕੈਨੇਡਾ ਦੀ ਕੁਲ ਆਬਾਦੀ ਵਿਚ ਟੈਂਪੋਰੇਰੀ ਰੈਜ਼ੀਡੈਂਟਸ ਦੀ ਹਿੱਸੇਦਾਰੀ 6.2% ਹੈ, ਅਤੇ ਸਰਕਾਰ 2027 ਤੱਕ ਇਸ ਹਿੱਸੇਦਾਰੀ ਨੂੰ ਘਟਾ ਕੇ 5% ‘ਤੇ ਲਿਆਉਣ ‘ਤੇ ਕੰਮ ਕਰ ਰਹੀ ਹੈ।

ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਗੱਲ ਰੱਖਣ ਦਾ ਮੌਕਾ ਮਿਲਣ ਤੋਂ ਬਾਅਦ, ਗਰਮੀਆਂ ਵਿੱਚ ਨਵੇਂ ਟੀਚਿਆਂ ਬਣਾਏ ਜਾਣਗੇ, ਪਰ ਵਾਟਰਲੂ ਯੂਨੀਵਰਸਿਟੀ ਦੇ ਅਰਥਸ਼ਾਸਤਰੀ ਮਿਕੈਲ ਸਕੂਟਰਡ ਨੇ ਕਿਹਾ ਕਿ ਉਨ੍ਹਾਂ ਨੂੰ ਅਲੱਗ-ਥਲੱਗ ਵਿੱਚ ਨਹੀਂ ਵਿਚਾਰਿਆ ਜਾਣਾ ਚਾਹੀਦਾ ਹੈ।

ਮਿਕੈਲ ਉਨ੍ਹਾਂ ਸ਼ੁਰੂਆਤੀ ਲੋਕਾਂ ਵਿਚ ਹਨ ਜਿਨ੍ਹਾਂ ਨੇ ਟੈਂਪੋਰੇਰੀ ਰੈਜ਼ੀਡੈਂਟਸ ਦੀ ਗਿਣਤੀ ਵਿਚ ਹੋ ਰਹੇ ਵਾਧੇ ਬਾਰੇ ਸਰਕਾਰ ਨੂੰ ਆਗਾਹ ਕੀਤਾ ਸੀ।

ਮਿਲਰ ਨੇ ਜਨਵਰੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੇ ਮੱਦੇਨਜ਼ਰ ਨਵੇਂ ਦਾਖ਼ਲਿਆਂ ’ਤੇ ਰੋਕ ਲਗਾਉਣ ਦੀ ਯੋਜਨਾ ਵੀ ਐਲਾਨੀ ਸੀ।

ਸਰਕਾਰ ਸ਼ਰਣ ਦੇ ਦਾਅਵਿਆਂ 'ਤੇ ਕਾਰਵਾਈ ਕਰਨ ਲਈ ਲੱਗਣ ਵਾਲੇ ਸਮੇਂ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ ਅਤੇ ਉਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤੇ ਜਾਣ 'ਤੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਤਾਜ਼ਾ ਫੈਡਰਲ ਬਜਟ ਵਿੱਚ ਵਿਧਾਨਕ ਉਪਾਅ ਸ਼ਾਮਲ ਕੀਤੇ ਗਏ ਹਨ।

ਅੰਤਮ ਅਤੇ ਸਭ ਤੋਂ ਵੱਡੀ ਸ਼੍ਰੇਣੀ ਜਿਸ ਬਾਰੇ ਅਜੇ ਕੋਈ ਕਾਰਵਾਈ ਹੋਣੀ ਬਾਕੀ ਹੈ, ਉਹ ਹਨ ਅਸਥਾਈ ਵਰਕ ਪਰਮਿਟ ਧਾਰਕ। ਮਿਲਰ ਨੇ ਕਿਹਾ ਹੈ ਕਿ ਇਹ ਅਜਿਹੀ ਵਰਕਫ਼ੋਰਸ ਹੈ ਜਿਸਦੀ ਲੇਬਰ ਮਾਰਕੀਟ ਹਾਲ ਹੀ ਦੇ ਸਾਲਾਂ ਵਿੱਚ ਆਦੀ ਹੋ ਗਈ ਹੈ।

2018 ਵਿੱਚ, 337,460 ਅਸਥਾਈ ਵਰਕ ਵੀਜ਼ਾ ਧਾਰਕ ਸਨ। 2022 ਤੱਕ, ਇਹ ਗਿਣਤੀ ਵਧ ਕੇ 605,851 ਹੋ ਗਈ ਸੀ।

ਮੰਤਰੀਆਂ ਦੀ ਗੱਲਬਾਤ ਦਾ ਮੁੱਖ ਫ਼ੋਕਸ ਇਹ ਹੋਵੇਗਾ ਕਿ ਕਿਵੇਂ ਘੱਟ ਅਸਥਾਈ ਵੀਜ਼ੇ ਅਲਾਟ ਕੀਤੇ ਜਾਣ, ਜਿਨ੍ਹਾਂ 'ਤੇ ਰੁਜ਼ਗਾਰਦਾਤਾ ਭਰੋਸਾ ਕਰ ਰਹੇ ਹਨ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸੇ ਵੀ ਤਰ੍ਹਾਂ ਦਾ ਨਿਯੰਤਰਣ ਕੁਝ ਪੇਚੀਦਗੀ ਜ਼ਰੂਰ ਲਿਆਵੇਗਾ।

ਸੀਆਈਬੀਸੀ ਦੇ ਅਰਥਸ਼ਾਸਤਰੀ, ਐਂਡਰੂ ਗ੍ਰੈਂਥਮ ਅਨੁਸਾਰ ਟੈਂਪੋਰੈਰੀ ਵੀਜ਼ਿਆਂ ਦੇ ਨਵੇਂ ਟੀਚੇ ਆਬਾਦੀ ਦੀ ਵਿਕਾਸ ਦਰ ਨੂੰ ਭਾਵੇਂ ਘਟਾ ਦੇਣਗੇ ਅਤੇ ਹਾਊਸਿੰਗ ਸੰਕਟ ਤੇ ਕਿਫ਼ਾਇਤੀਪਣ ਦਾ ਬੋਝ ਕੁਝ ਘਟ ਹੋ ਸਕਦਾ ਹੈ, ਪਰ ਇਸ ਨਾਲ ਕਾਮਿਆਂ ਦੀ ਘਾਟ ਦਰਪੇਸ਼ ਹੋ ਸਕਦੀ ਹੈ।

ਸ਼ੁੱਕਰਵਾਰ ਦੀ ਮੁਲਾਕਾਤ ਵਿਚ ਹਰੇਕ ਸੂਬੇ ਦੀਆਂ ਵੱਖੋ ਵੱਖਰੀਆਂ ਲੇਬਰ ਜ਼ਰੂਰਤਾਂ ਬਾਰੇ ਵਿਚਾਰ ਕੀਤਾ ਜਾਣਾ ਹੈ। ਫ਼ੌਲ ਸੀਜ਼ਨ ਵਿਚ ਸਰਕਾਰ ਟੈਂਪੋਰੈਰੀ ਵੀਜ਼ਿਆਂ ਦੇ ਨਵੇਂ ਟੀਚੇ ਐਲਾਨ ਕਰੇਗੀ।

ਲੌਰਾ ਓਸਮਾਨ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ