1. ਮੁੱਖ ਪੰਨਾ
  2. ਸਮਾਜ
  3. ਸੰਗਠਿਤ ਅਪਰਾਧ

ਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਚ ਇੱਕ ਹੋਰ ਸ਼ੱਕੀ ਗ੍ਰਿਫ਼ਤਾਰ

ਭਾਰਤ ਤੋਂ ਆਈ ਫ਼ਲਾਈਟ ਵਿਚ ਟੋਰੌਂਟੋ ਪਹੁੰਚਿਆ 36 ਸਾਲ ਦਾ ਅਰਚਿਤ ਗਰੋਵਰ ਏਅਰਪੋਰਟ ਤੋਂ ਕਾਬੂ ਕੀਤਾ

ਪੀਲ ਪੁਲਿਸ ਨੇ ਬ੍ਰੈਂਪਟਨ ਦੇ 36 ਸਾਲਾ ਅਰਚਿਤ ਗਰੋਵਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੀਲ ਪੁਲਿਸ ਨੇ ਬ੍ਰੈਂਪਟਨ ਦੇ 36 ਸਾਲਾ ਅਰਚਿਤ ਗਰੋਵਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਤਸਵੀਰ: Peel Regional Police

RCI

ਟੋਰੌਂਟੋ ਦੇ ਪੀਅਰਸਨ ਏਅਰਪੋਰਟ ਤੋਂ ਪਿਛਲੇ ਸਾਲ ਹੋਈ $20 ਮਿਲੀਅਨ ਦੇ ਸੋਨੇ ਅਤੇ $2.5 ਮਿਲੀਅਨ ਦੀ ਵਿਦੇਸ਼ੀ ਕਰੰਸੀ ਦੀ ਚੋਰੀ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਹੋਰ ਗ੍ਰਿਫ਼ਤਾਰੀ ਕੀਤੀ ਹੈ।

ਪੀਲ ਪੁਲਿਸ ਨੇ ਵੀਰਵਾਰ ਨੂੰ ਇੱਕ ਮੀਡੀਆ ਰਿਲੀਜ਼ ਵਿਚ ਦੱਸਿਆ ਕਿ 36 ਸਾਲ ਦੇ ਅਰਚਿਤ ਗਰੋਵਰ ਨੂੰ 6 ਮਈ, 2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਿਸ ਅਨੁਸਾਰ ਅਰਚਿਤ ਨੂੰ ਪੀਅਰਸਨ ਏਅਰਪੋਰਟ ਤੋਂ ਹਿਰਾਸਤ ਵਿਚ ਲਿਆ ਗਿਆ ਸੀ, ਜਿੱਥੇ ਉਹ ਭਾਰਤ ਤੋਂ ਆਈ ਫ਼ਲਾਈਟ ਵਿਚ ਟੋਰੌਂਟੋ ਪਹੁੰਚਿਆ ਸੀ।

ਅਰਚਿਤ ਉੱਪਰ $5000 ਤੋਂ ਵੱਧ ਦੀ ਚੋਰੀ ਕਰਨ ਅਤੇ ਸੰਗੀਨ ਅਪਰਾਧ ਦੀ ਸਾਜ਼ਿਸ਼ ਰਚਣ ਦੇ ਦੋਸ਼ ਆਇਦ ਕੀਤੇ ਗਏ ਹਨ।

17 ਅਪ੍ਰੈਲ 2023 ਨੂੰ ਏਅਰ ਕੈਨੇਡਾ ਦੇ ਕਾਰਗੋ ਕੰਪਾਊਂਡ ਚੋਂ 20 ਮਿਲੀਅਨ ਡਾਲਰ ਦੀਆਂ ਸ਼ੁੱਧ ਸੋਨੇ ਦੀਆਂ 6,600 ਇੱਟਾਂ ਅਤੇ 2.5 ਮਿਲੀਅਨ ਡਾਲਰ ਦੀ ਵਿਦੇਸ਼ੀ ਕਰੰਸੀ ਚੋਰੀ ਹੋ ਗਈ ਸੀ। ਇਹ ਸਮਾਨ ਜ਼ਿਊਰਿਕ ਤੋਂ ਇੱਕ ਫ਼ਲਾਈਟ ਵਿਚ ਟੋਰੌਂਟੋ ਪਹੁੰਚਿਆ ਸੀ।

ਪੰਜ ਟਨ ਵਾਲਾ ਡਲਿਵਰੀ ਟਰੱਕ ਚਲਾ ਰਿਹਾ ਇੱਕ ਆਦਮੀ ਕੰਪਾਊਂਡ ਤੱਕ ਪਹੁੰਚਿਆ ਅਤੇ ਇੱਕ ਜਾਇਜ਼ ਏਅਰਵੇਅ ਬਿੱਲ ਪੇਸ਼ ਕਰਕੇ ਗੋਦਾਮ ਵਿੱਚ ਦਾਖ਼ਲ ਹੋ ਗਿਆ। ਏਅਰਵੇਅ ਬਿੱਲ ਆਮ ਤੌਰ 'ਤੇ ਸਮਾਨ ਦੇ ਵੇਰਵਿਆਂ ਦੇ ਨਾਲ ਏਅਰਲਾਈਨ ਦੁਆਰਾ ਜਾਰੀ ਕੀਤਾ ਜਾਂਦਾ ਹੈ। ਫਿਰ ਸੋਨਾ ਅਤੇ ਨਕਦੀ ਟਰੱਕ 'ਤੇ ਲੱਦ ਦਿੱਤੀ ਗਈ ਅਤੇ ਡਰਾਈਵਰ ਕਾਰਗੋ ਕੰਪਾਊਂਡ ਤੋਂ ਬਾਹਰ ਨਿਕਲ ਗਿਆ।

ਪੁਲਿਸ ਨੇ ਬਾਅਦ ਵਿੱਚ ਪਾਇਆ ਕਿ ਏਅਰਵੇਅ ਬਿੱਲ ਅਸਲ ਵਿੱਚ ਇੱਕ ਦਿਨ ਪਹਿਲਾਂ ਡਿਲੀਵਰ ਕੀਤੇ ਭੋਜਨ ਦੀ ਇੱਕ ਸ਼ਿਪਮੈਂਟ ਦਸਤਾਵੇਜ਼ ਦਾ ਡੁਪਲੀਕੇਟ ਸੀ। ਉਹਨਾਂ ਕਿਹਾ ਕਿ ਇਹ ਏਅਰ ਕੈਨੇਡਾ ਦੀ ਕਾਰਗੋ ਫ਼ੈਸਿਲਟੀ ਵਿਚ ਛਾਪਿਆ ਗਿਆ ਸੀ।

ਪੁਲਿਸ ਨੇ ਦੱਸਿਆ ਸੀ ਕਿ ਇਸ ਵਾਰਦਾਤ ਵਿਚ ਏਅਰ ਕੈਨੇਡਾ ਦੇ ਦੋ ਸਾਬਕਾ ਮੁਲਾਜ਼ਮ ਵੀ ਸ਼ਾਮਲ ਹਨ। ਏਅਰ ਕੈਨੇਡਾ ਦੇ ਵੇਅਰਹਾਊਸ ਵਿਚ ਕੰਮ ਕਰਨ ਵਾਲੇ 54 ਸਾਲ ਦੇ ਪਰਮਪਾਲ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੂਸਰਾ ਏਅਰ ਕੈਨੇਡਾ ਦਾ ਮੁਲਾਜ਼ਮ, 31 ਸਾਲਾ ਦਾ ਸਿਮਰਨਪ੍ਰੀਤ ਪਨੇਸਰ, ਉਸ ਫ਼ੈਸਿਲਟੀ ਦਾ ਮੈਨੇਜਰ ਸੀ, ਜਿੱਥੇ ਚੋਰੀ ਕੀਤੀ ਗਈ ਸੀ।

ਪੁਲਿਸ ਨੇ ਇਸ ਘਟਨਾ ਨੂੰ ਕੈਨੇਡੀਅਨ ਇਤਿਹਾਸ ਵਿਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੱਸਿਆ ਸੀ ।

ਪੁਲਿਸ ਇਸ ਮਾਮਲੇ ਵਿਚ 10 ਲੋਕਾਂ ਨੂੰ ਚਾਰਜ ਜਾਂ ਉਨ੍ਹਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਕੱਢ ਚੁੱਕੀ ਹੈ ਅਤੇ 21 ਦੋਸ਼ ਆਇਦ ਕੀਤੇ ਜਾ ਚੁੱਕੇ ਹਨ।

ਪੁਲਿਸ ਰਿਲੀਜ਼ ਅਨੁਸਾਰ ਅਰਚਿਤ ਗਰੋਵਰ ਉੱਪਰ ਅਮਰੀਕਾ ਵਿਚ ਵੀ ਹਥਿਆਰਾਂ ਨਾਲ ਸਬੰਧਤ ਦੋਸ਼ ਆਇਦ ਕੀਤੇ ਗਏ ਹਨ।

31 ਸਾਲ ਦੇ ਬ੍ਰੈਂਪਟਨ ਨਿਵਾਸੀ ਸਿਮਰਨਪ੍ਰੀਤ ਪਨੇਸਰ ਅਤੇ 42 ਸਾਲ ਦੇ ਅਰਸਲਾਨ ਚੌਧਰੀ ਦੀ ਭਾਲ ਅਜੇ ਵੀ ਰਹੀ ਹੈ। ਅਰਸਲਾਨ ਚੌਧਰੀ ਦਾ ਕੋਈ ਪੱਕਾ ਟਿਕਾਣਾ ਨਹੀਂ ਹੈ।

ਇਸ ਤੋਂ ਇਲਾਵਾ ਇਸ ਮਾਮਲੇ ਦਾ ਇੱਕ ਮਸ਼ਕੂਕ, ਬ੍ਰੈਂਪਟਨ ਦਾ 25 ਸਾਲਾ ਵਿਅਕਤੀ ਡੁਰੈਂਟੇ ਕਿੰਗ-ਮੈਕਲੀਨ ਅਮਰੀਕੀ ਹਿਰਾਸਤ ਵਿਚ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਹ ਉਸਦੇ ਵਕੀਲ ਦੇ ਸੰਪਰਕ ਵਿਚ ਹਨ।

ਪੀਲ ਪੁਲਿਸ ਮੀਡੀਆ ਰਿਲੀਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

CBC News ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ