1. ਮੁੱਖ ਪੰਨਾ
  2. ਰਾਜਨੀਤੀ
  3. ਇਮੀਗ੍ਰੇਸ਼ਨ

ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲਿਆਂ ਅਤੇ ਜੌਬ ਮਾਰਕੀਟ ਦੀਆਂ ਲੋੜਾਂ ਚ ਬਹੁਤਾ ਮੇਲ ਨਹੀਂ: ਅੰਕੜੇ

ਕਰੀਬ 8 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬਿਜ਼ਨਸ ਪ੍ਰੋਗਰਾਮਾਂ ਚ ਮਿਲੀਆ ਦਾਖ਼ਲਾ, ਜੋਕਿ ਹੈਲਥ ਕੇਅਰ ਦੇ ਮੁਕਾਬਲੇ ਕਿਤੇ ਵੱਧ ਹੈ

ਓਨਟੇਰਿਓ ਦੇ ਇੱਕ ਕਾਲਜ ਦੀ ਤਸਵੀਰ।

ਓਨਟੇਰਿਓ ਦੇ ਇੱਕ ਕਾਲਜ ਦੀ ਤਸਵੀਰ।

ਤਸਵੀਰ: (Colin Butler/CBC News)

RCI

ਸੀਬੀਸੀ ਨਿਊਜ਼ ਵੱਲੋਂ ਫ਼ੈਡਰਲ ਅੰਕੜਿਆਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲਿਆਂ ਦਾ ਮੁੱਖ ਝੁਕਾਅ ਬਿਜ਼ਨਸ ਕੋਰਸਾਂ ਵਿਚ ਹੈ, ਜਿਸ ਕਰਕੇ ਇਹ ਵਰਤਾਰਾ ਹੈਲਥ ਕੇਅਰ ਅਤੇ ਸਕਿੱਲਡ ਟ੍ਰੇਡ ਵਿਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਕੁਝ ਖ਼ਾਸ ਨਹੀਂ ਕਰ ਰਿਹਾ।

ਸੀਬੀਸੀ ਨਿਊਜ਼ ਨੇ ਇਮੀਗ੍ਰੇਸ਼ਨ, ਰਿਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਤੋਂ ਇਸ ਬਾਰੇ ਅੰਕੜੇ ਪ੍ਰਾਪਤ ਕੀਤੇ ਕਿ ਸਾਲ 2018 ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕਿਸ ਸਿੱਖਿਆ ਖੇਤਰ ਵਿਚ ਦਾਖ਼ਲਾ ਲਿਆ ਹੈ।

ਮਾਹਰਾਂ ਅਨੁਸਾਰ ਅੰਕੜੇ ਦਰਸਾਉਂਦੇ ਹਨ ਕਿ ਨਾ ਤਾਂ ਫ਼ੈਡਰਲ ਅਤੇ ਸੂਬਾ ਸਰਕਾਰਾਂ ਅਤੇ ਨਾ ਹੀ ਕੈਨੇਡੀਅਨ ਕਾਲਜ ‘ਤੇ ਯੂਨੀਵਰਸਿਟੀਆਂ, ਕਾਮਿਆਂ ਦੀ ਘਾਟ ਦੇ ਮੱਦੇਨਜ਼ਰ ਵਿਦਿਆਰਥੀਆਂ ਦੇ ਦਾਖ਼ਲੇ ਵਿਚ ਸੰਤੁਲਨ ਬਣਾ ਰਹੀਆਂ ਹਨ।

ਅੰਕੜੇ, ਜੋ ਪਹਿਲਾਂ ਜਨਤਕ ਨਹੀਂ ਕੀਤੇ ਗਏ ਸਨ, ਇਹ ਦਰਸਾਉਂਦੇ ਹਨ 2018 ਤੋਂ 2013 ਤੱਕ ਸਾਰੇ ਪ੍ਰਵਾਨਿਤ ਸਟਡੀ ਪਰਮਿਟਾਂ ਵਿਚੋਂ 27% ਪਰਮਿਟ ਬਿਜ਼ਨਸ ਨਾਲ ਸਬੰਧਤ ਪ੍ਰੋਗਰਾਮਾਂ ਲਈ ਸਨ, ਜੋ ਕਿ ਕਿਸੇ ਵੀ ਹੋਰ ਖੇਤਰ ਨਾਲੋਂ ਵੱਧ ਹੈ।

ਇਸੇ ਸਮੇਂ ਦੌਰਾਨ, ਸਿਹਤ ਵਿਗਿਆਨ, ਦਵਾਈ ਜਾਂ ਜੀਵ-ਵਿਗਿਆਨਕ ਅਤੇ ਬਾਇਓਮੈਡੀਕਲ ਵਿਗਿਆਨ ਪ੍ਰੋਗਰਾਮਾਂ ਲਈ ਸਾਰੇ ਪਰਮਿਟਾਂ ਵਿੱਚੋਂ ਸਿਰਫ ਛੇ ਪ੍ਰਤੀਸ਼ਤ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਗਏ, ਜਦ ਕਿ ਵਪਾਰ ਅਤੇ ਕਿੱਤਾਮੁਖੀ ਸਿਖਲਾਈ ਪ੍ਰੋਗਰਾਮਾਂ ਵਿੱਚ 1.25 ਪ੍ਰਤੀਸ਼ਤ ਦਾਖ਼ਲੇ ਹੋਏ।

2018 ਤੋਂ 2023 ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਟੱਡੀ ਦਾ ਖੇਤਰਤਸਵੀਰ ਵੱਡੀ ਕਰੋ (ਨਵੀਂ ਵਿੰਡੋ)

2018 ਤੋਂ 2023 ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਟੱਡੀ ਦਾ ਖੇਤਰ

ਤਸਵੀਰ: CBC

ਦਾਖ਼ਲੇ ਜੌਬ ਮਾਰਕੀਟ ਦੇ ਅਨੁਸਾਰ ਨਹੀਂ

ਟੋਰੌਂਟੋ ਮੈਟਰੋਪੌਲੀਟਨ ਯੂਨੀਵਟਰਸਿਟੀ ਵਿਚ ਅਸੋਸੀਏਟ ਪ੍ਰੋਫ਼ੈਸਰ, ਰੂਪਾ ਬੈਨਰਜੀ ਦਾ ਕਹਿਣਾ ਹੈ ਕਿ ਅੰਕੜੇ ਫੈਡਰਲ ਅਤੇ ਸੂਬਾ ਸਰਕਾਰਾਂ ਦੇ ਇਹ ਯਕੀਨੀ ਬਣਾਉਣ ਵਿੱਚ ਅਸਫਲ ਹੋਣ ਵੱਲ ਇਸ਼ਾਰਾ ਕਰਦੇ ਹਨ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲੇ ਕੈਨੇਡਾ ਦੀ ਹੁਨਰਮੰਦ ਕਾਮਿਆਂ ਦੀ ਲੋੜ ਦੇ ਅਨੁਸਾਰ ਹੋਣ।

ਰੂਪਾ ਨੇ ਕਿਹਾ, ਵਿਦਿਆਰਥੀ ਉਹਨਾਂ ਪ੍ਰੋਗਰਾਮਾਂ ਤੋਂ ਗ੍ਰੈਜੂਏਟ ਹੋ ਰਹੇ ਹਨ ਜੋ ਕਿ ਲੇਬਰ ਮਾਰਕੀਟ ਵਿੱਚ ਖਾਸ ਮਹੱਤਵਪੂਰਣ ਨਹੀਂ ਹਨ, ਜੋ ਉਹਨਾਂ ਨੂੰ ਨੌਕਰੀਆਂ ਪ੍ਰਾਪਤ ਕਰਨ ਦੀ ਇਜਾਜ਼ਤ ਨਹੀਂ ਦੇ ਰਹੇ, ਜੋ ਕਿ ਉਹਨਾਂ ਨੂੰ ਕੈਨੇਡਾ ਵਿਚ ਬਿਹਤਰ ਤਰੀਕੇ ਨਾਲ ਵੱਸਣ ਅਤੇ ਸਾਰਥਕ ਪਰਮਾਨੈਂਟ ਰੈਜ਼ੀਡੈਂਟ ਬਣਨ ਵਿਚ ਮਦਦ ਕਰਦਾ

ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ, ਕੋਵਿਡ-19 ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਨਿਰਮਾਣ, ਹੈਲਥ ਕੇਅਰ ਅਤੇ ਅਕੋਮੋਡੇਸ਼ਨ (ਹੋਟਲ ਆਦਿ) ਅਤੇ ਭੋਜਨ ਸੇਵਾਵਾਂ, 2018 ਤੋਂ ਹੀ ਸਭ ਤੋਂ ਵੱਧ ਨੌਕਰੀਆਂ ਦੀਆਂ ਖਾਲੀ ਅਸਾਮੀਆਂ ਅਤੇ ਸਭ ਤੋਂ ਵੱਧ ਨੌਕਰੀਆਂ ਵਾਲੇ ਸੈਕਟਰ ਰਹੇ ਹਨ।

ਇਸ ਦੇ ਬਾਵਜੂਦ 2018 ਤੋਂ 2023 ਤੱਕ, ਬਿਜ਼ਨਸ ਪ੍ਰੋਗਰਾਮਾਂ ਲਈ ਕੈਨੇਡਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਿਸੇ ਵੀ ਪੋਸਟ-ਸੈਕੰਡਰੀ ਖੇਤਰ ਵਿੱਚ ਵਾਧੇ ਨਾਲੋਂ ਕਿਤੇ ਵੱਧ ਹੈ।

2018 ਤੋਂ 2013 ਦਰਮਿਆਨ ਬਿਜ਼ਨਸ ਮੈਨੇਜਮੈਂਟ, ਮਾਰਕੀਟਿੰਗ ਅਤੇ ਸਬੰਧਤ ਕੋਰਸਾਂ ਲਈ ਦਿੱਤੇ ਗਏ ਸਟਡੀ ਪਰਮਿਟਾਂ ਦੀ ਗਿਣਤੀ 5 ਗੁਣਾ ਵਧੀ ਹੈ। ਹੋਰ ਕਿਸੇ ਖੇਤਰ ਵਿਚ ਇੰਨਾ ਵਾਧਾ ਦਰਜ ਨਹੀਂ ਹੋਇਆ।

ਬਿਜ਼ਨਸ ਤੋਂ ਵੱਖਰੇ ਖੇਤਰਾਂ ਵਿਚ ਇਸੇ ਸਮੇਂ ਦੌਰਾਨ ਔਸਤ ਸਟਡੀ ਪਰਮਿਟ ਵਾਧਾ 1.7 ਗੁਣਾ ਰਿਹਾ। ਸਿਹਤ ਵਿਗਿਆਨ ਵਿਚ 2.6 ਗੁਣਾ ਅਤੇ IT ਵਿਚ 2.4 ਗੁਣਾ ਵਾਧਾ ਹੋਇਆ।

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੀ 30 ਜਨਵਰੀ 2024 ਦੀ ਹਾਊਸ ਔਫ਼ ਕੌਮਨਜ਼ ਵਿਚ ਬੋਲਦਿਆਂ ਦੀ ਤਸਵੀਰ।

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੀ 30 ਜਨਵਰੀ 2024 ਦੀ ਹਾਊਸ ਔਫ਼ ਕੌਮਨਜ਼ ਵਿਚ ਬੋਲਦਿਆਂ ਦੀ ਤਸਵੀਰ।

ਤਸਵੀਰ: THE CANADIAN PRESS/Adrian Wyld

ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਿਰ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਆਪਣੀ ਸੂਬਾਈ ਅਤੇ ਪ੍ਰਦੇਸ਼ੀ ਹਮਰੁਤਬਿਆਂ ਨਾਲ ਮੁਲਾਕਾਤ ਦੌਰਾਨ ਉਹ ਇਹ ਮੁੱਦਾ ਚੁੱਕਣਗੇ।

ਮਿਲਰ ਨੇ ਮੰਗਲਵਾਰ ਨੂੰ ਪਾਰਲੀਮੈਂਟ ਹਿੱਲ ਵਿੱਖੇ ਕਿਹਾ ਸੀ, ਇਸ ਵਿੱਚ ਸੂਬਿਆਂ ਦੀ ਜ਼ਿੰਮੇਵਾਰੀ ਹੈ ... ਇਹ ਯਕੀਨੀ ਬਣਾਉਣ ਲਈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ [ਕਾਲਜਾਂ ਅਤੇ ਯੂਨੀਵਰਸਿਟੀਆਂ] ਜੋ ਪ੍ਰੋਗਰਾਮ ਪੇਸ਼ ਕਰ ਰਹੇ ਹਨ, ਉਹ ਉਹ ਹੋਣ ਜੋ ਜੌਬ ਮਾਰਕੀਟ ਦੇ ਅਨੁਕੂਲ ਹੋਣ

ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡੀਅਨਜ਼ ਨਾਲੋਂ ਕਾਫ਼ੀ ਜ਼ਿਆਦਾ ਟਿਊਸ਼ਨ ਫੀਸ ਅਦਾ ਕਰਦੇ ਹਨ ਅਤੇ ਦੇਸ਼ ਦੇ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਅਰਬਾਂ ਡਾਲਰ ਪਾਉਂਦੇ ਹਨ। ਸੀਬੀਸੀ ਨਿਊਜ਼ ਨੇ ਇਸ ਸਾਲ ਦੇ ਸ਼ੁਰੂ ਵਿੱਚ ਖੁਲਾਸਾ ਕੀਤਾ ਸੀ ਕਿ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਤੇਜ਼ੀ ਨਾਲ ਵਾਧੇ ਦੇ ਸਭ ਤੋਂ ਵੱਡੇ ਕਾਰਕ ਪਬਲਿਕ ਕਾਲਜ ਸਨ, ਜਿਹਨਾਂ ਵਿਚੋਂ ਜ਼ਿਆਦਾਤਰ ਕਾਲਜ ਓਨਟੇਰਿਓ ਦੇ ਹਨ।

ਉਸ ਸਮੇਂ, ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਾਲੇ ਕਈ ਕਾਲਜਾਂ ਦੇ ਅਧਿਕਾਰੀਆਂ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਦੇਸ਼ ਦੀ ਹੁਨਰਮੰਦ ਕਾਮਿਆਂ ਦੀ ਲੋੜ ਨੂੰ ਪੂਰਾ ਕਰਨ ਲਈ - ਫ਼ੈਡਰਲ ਅਤੇ ਸੂਬਾਈ ਸਰਕਾਰਾਂ ਦੋਵਾਂ ਦੀ ਅਪੀਲ 'ਤੇ - ਆਪਣੇ ਅੰਤਰਰਾਸ਼ਟਰੀ ਦਾਖ਼ਲਿਆਂ ਨੂੰ ਵਧਾ ਦਿੱਤਾ ਹੈ।

ਸਰਕਾਰ ਨੂੰ ਕੀਤਾ ਗਿਆ ਸੀ ਆਗਾਹ

ਟ੍ਰੂਡੋ ਸਰਕਾਰ ਨੂੰ ਅੰਤਰਰਾਸ਼ਟਰੀ ਵਿਦਿਆਰਥੀ ਦੀ ਗਿਣਤੀ ਸੀਮਤ ਕਰਨ ਤੋਂ ਇੱਕ ਸਾਲ ਤੋਂ ਵੱਧ ਸਮੇਂ ਤੋਂ ਪਹਿਲਾਂ ਇਸ ਅਸੰਤੁਲਨ ਬਾਰੇ ਚੇਤਾਵਨੀ ਦਿੱਤੀ ਗਈ ਸੀ।

RBC ਦੀ ਇੱਕ ਸਤੰਬਰ 2022 ਦੀ ਰਿਪੋਰਟ (ਨਵੀਂ ਵਿੰਡੋ) ਨੇ ਸਵਾਲ ਪਾਇਆ ਸੀ ਕਿ ਕੀ ਕੈਨੇਡਾ ਕਾਮਿਆਂ ਦੀ ਲੋੜ ਦੇ ਹਿਸਾਬ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲੇ ਨੂੰ ਪੂਰਾ ਕਰਨ ਲਈ ਬਣਦੇ ਕਦਮ ਚੁੱਕ ਰਿਹਾ ਹੈ।

ਰਿਪੋਰਟ ਵਿੱਚ ਲੇਬਰ ਮਾਰਕੀਟ ਦੀਆਂ ਲੋੜਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਅਪਣਾਏ ਗਏ ਸਟਡੀ ਪ੍ਰੋਗਰਾਮਾਂ ਵਿੱਚ ਗਲਤ ਮੇਲ-ਜੋਲ ਦਰਸਾਇਆ ਗਿਆ ਹੈ ਅਤੇ ਹੈਲਥ ਕੇਅਰ, ਕੁਝ ਟ੍ਰੇਡ ਅਤੇ ਸੇਵਾਵਾਂ ਅਤੇ ਸਿੱਖਿਆ ਖੇਤਰ ਵਿੱਚ ਸੰਖਿਆ ਵਧਾਉਣ ਦੀ ਮੰਗ ਕੀਤੀ ਗਈ ਹੈ।

ਸੀ ਡੀ ਹੋਵ ਇੰਸਟੀਟਿਊਟ ਵਿੱਖੇ ਸੀਨੀਅਰ ਪੌਲਿਸੀ ਵਿਸ਼ਲੇਸ਼ਕ, ਪਾਰਿਸ ਮਹਿਬੂਬੀ ਨੇ ਕਿਹਾ, ਮੈਨੂੰ ਨਹੀਂ ਲੱਗਦਾ ਕਿ ਦਾਖ਼ਲਿਆਂ ਨੂੰ ਲੇਬਰ ਮਾਰਕੀਟ ਦੀਆਂ ਲੋੜਾਂ ਨਾਲ ਜੋੜਨ ਲਈ ਕੋਈ ਕੋਸ਼ਿਸ਼ ਜਾਂ ਯੋਜਨਾ ਸੀ

IRCC ਨੇ ਡੇਟਾ ਦੁਆਰਾ ਕਵਰ ਕੀਤੇ ਛੇ ਸਾਲਾਂ ਦੀ ਸਮਾਂ ਸੀਮਾ ਦੌਰਾਨ ਵਿਦਿਆਰਥੀਆਂ ਨੂੰ ਬਿਜ਼ਨਸ/ਕਾਮਰਸ ਜਾਂ ਬਿਜ਼ਨਸ ਮੈਨੇਜਮੈਂਟ, ਮਾਰਕੀਟਿੰਗ ਅਤੇ ਸੰਬੰਧਿਤ ਸਹਾਇਤਾ ਸੇਵਾਵਾਂ ਸ਼੍ਰੇਣੀ ਵਾਲੇ ਪ੍ਰੋਗਰਾਮਾਂ ਵਿੱਚ ਦਾਖਲਾ ਲੈਣ ਲਈ 776,000 ਤੋਂ ਵੱਧ ਪਰਮਿਟਾਂ ਨੂੰ ਮਨਜ਼ੂਰੀ ਦਿੱਤੀ ਸੀ।

ਇਸਦੇ ਉਲਟ, ਲਗਭਗ 143,000 ਸਟੱਡੀ ਪਰਮਿਟ ਉਸੇ ਸਮੇਂ ਦੌਰਾਨ ਸਿਹਤ ਵਿਗਿਆਨ ਵਰਗੀ ਸ਼੍ਰੇਣੀ ਦੇ ਪ੍ਰੋਗਰਾਮਾਂ ਲਈ, 36,000 ਵਪਾਰ ਅਤੇ ਕਿੱਤਾਮੁਖੀ ਪ੍ਰੋਗਰਾਮਾਂ ਲਈ ਅਤੇ 6,300 ਦਵਾਈਆਂ ਲਈ ਜਾਰੀ ਕੀਤੇ ਗਏ ਸਨ।

ਮਾਹਰਾਂ ਦਾ ਕਹਿਣਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਗ਼ਲਤ ਸੈਕਟਰ ਦੇ ਕੋਰਸਾਂ ਵਿਚ ਦਾਖ਼ਲੇ ਦਿੱਤੇ ਜਾ ਰਹੇ ਹਨ।

ਅਕਾਸ਼ ਸਿੰਘ ਭਾਰਤ ਤੋਂ ਦੋ ਸਾਲ ਦੇ ਬਿਜ਼ਨਸ ਪ੍ਰੋਗਰਾਮ ਵਿਚ ਦਾਖ਼ਲਾ ਲੈ ਕੈ ਕੈਨੇਡਾ ਆਇਆ ਸੀ।

ਅਕਾਸ਼ ਸਿੰਘ ਭਾਰਤ ਤੋਂ ਦੋ ਸਾਲ ਦੇ ਬਿਜ਼ਨਸ ਪ੍ਰੋਗਰਾਮ ਵਿਚ ਦਾਖ਼ਲਾ ਲੈ ਕੈ ਕੈਨੇਡਾ ਆਇਆ ਸੀ।

ਤਸਵੀਰ: (Aloysius Wong/CBC)

ਭਾਰਤ ਦੇ ਅਕਾਸ਼ ਸਿੰਘ ਨੇ 34,000 ਡਾਲਰ ਭਰ ਕੇ ਓਨਟੇਰਿਓ ਦੇ ਸੇਂਟ ਕਲੇਅਰ ਕਾਲਜ ਵਿਚ 2 ਸਾਲ ਦੇ ਬਿਜ਼ਨਸ ਪ੍ਰੋਗਰਾਮ ਵਿਚ ਦਾਖ਼ਲਾ ਲਿਆ ਸੀ। 

2021 ਵਿਚ ਆਪਣਾ ਡਿਪਲੋਮਾ ਲੈਣ ਤੋਂ ਬਾਅਦ ਅਕਾਸ਼ ਨੂੰ ਮੈਕਡੌਨਲਡ ਵਿਚ ਸਿਕਿਓਰਟੀ ਗਾਰਡ ਦੀ ਨੌਕਰੀ ਮਿਲੀ।

ਅਕਾਸ਼ ਨੇ ਕਿਹਾ, ਮੈਨੂੰ ਲੱਗਦਾ ਸੀ ਕਿ ਜੇ ਮੈਂ ਇੱਥੋਂ ਕੋਈ ਕੋਰਸ ਕਰੂੰਗਾ ਅਤੇ ਚੰਗੇ ਅੰਕ ਲਵਾਂਗਾ, ਤਾਂ ਮੈਨੂੰ ਇੱਕ ਚੰਗੀ ਨੌਕਰੀ ਮਿਲ ਸਕੇਗੀ।ਇੱਥੇ ਬਿਜ਼ਨਸ ਦੇ ਸਟੂਡੈਂਟਾਂ ਲਈ ਕੋਈ ਨੌਕਰੀ ਨਹੀਂ ਹੈ

ਉਸਨੇ ਦੱਸਿਆ ਕਿ ਉਸਦੇ ਨਾਲ ਦੇ ਕਿਸੇ ਵੀ ਬਿਜ਼ਨਸ ਪ੍ਰੋਗਰਾਮ ਦੇ ਸਟੂਡੈਂਟ ਨੂੰ ਬਿਜ਼ਨਸ ਨਾਲ ਸਬੰਧਤ ਖੇਤਰ ਵਿਚ ਕੰਮ ਨਹੀਂ ਮਿਲਿਆ।

ਹਾਇਰ ਐਜੂਕੈਸ਼ਨ ਸਟ੍ਰੈਟਜੀਜ਼ ਅਸੋਸੀਏਟਸ ਦੇ ਪ੍ਰੈਜ਼ੀਡੈਂਟ, ਐਲਕਸ ਅਸ਼ਰ ਅਨੁਸਾਰ ਸੂਬਾ ਸਰਕਾਰ ਵੱਲੋਂ ਘੱਟ ਫ਼ੰਡਿੰਗ ਹੋਣ ਕਰਕੇ ਓਨਟੇਰਿਓ ਦੇ ਕਾਲਜਾਂ ਨੇ ਦਾਖ਼ਲਿਆਂ ਵਿਚ ਤੇਜ਼ੀ ਲਿਆ ਦਿੱਤੀ ਹੈ। ਦੂਸਰੇ ਪਾਸੇ ਬਿਜ਼ਨਸ ਪ੍ਰੋਗਰਾਮਾਂ ਨੂੰ ਚਲਾਉਣ ਦ ਲਾਗਤ ਵੀ ਕਲੀਨਿਕਲ ਜਾਂ ਟੈਕਨੀਕਲ ਕੋਰਸਾਂ ਦੇ ਮੁਕਾਬਲੇ ਘੱਟ ਹੁੰਦੀ ਹੈ।

ਹਾਲਾਂਕਿ ਓਨਟੇਰਿਓ ਮੰਤਰਾਲੇ ਦੁਆਰਾ ਸਮੀਖਿਆ ਕੀਤੇ ਜਾਣ ਤੱਕ ਹੁਣ ਇੱਕ ਸਾਲ ਵਾਲੇ ਬਿਜ਼ਨਸ ਪ੍ਰੋਗਰਾਮਾਂ ਵਿਚ ਦਾਖ਼ਲਿਆਂ ਨੂੰ ਰੋਕ ਰਿਹਾ ਹੈ।

ਮਾਈਕ ਕ੍ਰੌਲੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ