1. ਮੁੱਖ ਪੰਨਾ
  2. ਕਲਾ
  3. ਸੱਭਿਆਚਾਰ

ਭਾਰਤੀ ਕਲਾਸੀਕਲ ਡਾਂਸ ਦੇ ਸਲਾਨਾ ਫ਼ੈਸਟੀਵਲ ਮੌਂਟਰੀਅਲ ਨਾਟਯੰਜਿਲੀ ਦਾ ਆਯੋਜਨ 30 ਮਾਰਚ ਨੂੰ ਹੋਵੇਗਾ

ਇਸ 8ਵੇਂ ਆਯੋਜਨ ਵਿਚ ਪਹਿਲੀ ਵਾਰੀ ਅਮਰੀਕਾ ਤੋਂ ਆਏ ਕਲਾਕਾਰ ਵੀ ਸ਼ਾਮਲ ਹੋ ਰਹੇ ਹਨ

ਭਾਰਤੀ ਕਲਾਸੀਕਲ ਡਾਂਸ ਫ਼ੈਸਟੀਵਲ ਮੌਂਟਰੀਅਲ ਨਾਟਯੰਜਿਲੀ ਦੌਰਾਨ ਨ੍ਰਿਤ ਪੇਸ਼ ਕਰਦੇ ਕਲਾਕਾਰ।

ਭਾਰਤੀ ਕਲਾਸੀਕਲ ਡਾਂਸ ਫ਼ੈਸਟੀਵਲ ਮੌਂਟਰੀਅਲ ਨਾਟਯੰਜਿਲੀ ਦੌਰਾਨ ਨ੍ਰਿਤ ਪੇਸ਼ ਕਰਦੇ ਕਲਾਕਾਰ। ਇਸ ਫ਼ੈਸਟੀਵਲ ਦਾ 8ਵਾਂ ਐਡੀਸ਼ਨ 30 ਮਾਰਚ ਨੂੰ ਮੌਂਟਰੀਅਲ ਦੇ ਕਾਲਜ ਅਹੰਟਸਿਕ ਵਿਚ ਆਯੋਜਿਤ ਹੋ ਰਿਹਾ ਹੈ।

ਤਸਵੀਰ: Montreal Natyanjali Media release

RCI

ਤਾਲ, ਸਰੀਰਕ ਮੁਦਰਾਵਾਂ, ਅਤੇ ਭਾਰਤੀ ਪਰੰਪਰਾ ਨੂੰ ਪ੍ਰਗਟ ਕਰਦਾ ਭਾਰਤੀ ਕਲਾਸੀਕਲ ਡਾਂਸ ਦਾ ਮਸ਼ਹੂਰ ਫ਼ੈਸਟੀਵਲ ਮੌਂਟਰੀਅਲ ਨਾਟਯੰਜਿਲੀ 30 ਮਾਰਚ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।

ਇਸ ਸਾਲ ਇਸ ਫ਼ੈਸਟੀਵਲ ਦਾ ਅੱਠਵਾਂ ਐਡੀਸ਼ਨ ਹੈ। ਪਰਮ ਡੇਸ ਆਰਟਸ ਦੁਆਰਾ ਪੇਸ਼ ਕੀਤਾ ਜਾ ਰਿਹਾ ਇਹ ਫ਼ੈਸਟੀਵਲ ਸ਼ਨੀਵਾਰ, 30 ਮਾਰਚ ਨੂੰ ਮੌਂਟਰੀਅਲ ਦੇ ਕਾਲਜ ਅਹੰਟਸਿਕ ਵਿਖੇ ਆਯੋਜਿਤ ਹੋ ਰਿਹਾ ਹੈ।

ਭਾਰਤੀ ਕਲਾਸੀਕਲ ਡਾਂਸ ਦੇ ਇਸ ਫ਼ੈਸਟੀਵਲ ਵਿਚ ਸ਼ਾਮਲ ਹੋਣ ਲਈ ਦਾਖਲਾ ਮੁਫ਼ਤ ਰੱਖਿਆ ਗਿਆ ਹੈ, ਪਰ ਦਰਸ਼ਕ ਇਸ ਆਯੋਜਨ ਵਿਚ ਡੋਨੇਸ਼ਨਾਂ ਦੇ ਸਕਦੇ ਹਨ।

ਇਸ ਸਾਲ ਦੇ ਫ਼ੈਸਟੀਵਲ ਵਿਚ ਭਾਰਤੀ ਡਾਂਸ ਦੇ ਸੱਭਿਆਚਾਰਕ ਪਹਿਲੂ ਨੂੰ ਮਹਿਫੂਜ਼ ਕਰਨ ਦੇ ਨਾਲ ਨਾਲ ਇਸ ਦੇ ਵਿਕਾਸ ਨੂੰ ਦਰਸਾਇਆ ਜਾਵੇਗਾ।

ਫੈਸਟੀਵਲ ਦੌਰਾਨ ਕਥਾਕਲੀ, ਓਡੀਸੀ, ਕੱਥਕ, ਪੰਚਾਰੀ ਮੇਲਮ ਵਰਗੇ ਕਈ ਭਾਰਤੀ ਕਲਾਸੀਕਲ ਨਾਚ ਪੇਸ਼ ਕੀਤੇ ਜਾਣਗੇ। ਇਸ ਫ਼ੈਸਟੀਵਲ ਵਿਚ ਨਾ ਸਿਰਫ਼ ਕੈਨੇਡਾ ਦੇ ਵੱਖ ਵੱਖ ਸੂਬਿਆਂ ਤੋਂ ਸਗੋਂ ਅਮਰੀਕਾ ਤੋਂ ਵੀ ਡਾਂਸ ਸਮੂਹ ਅਤੇ ਸੋਲੋ ਕਲਾਕਾਰ ਹਿੱਸਾ ਲੈਣਗੇ। ਇਸ ਤੋਂ ਇਲਾਵਾ ਭਾਰਤੀ ਕਲਾਸੀਕਲ ਸਾਜ਼ ਜਿਵੇਂ ਨਾਦਸਵਰਮ ਅਤੇ ਮਾਥਲਮ ਦੀਆਂ ਵੀ ਵਿਸ਼ੇਸ਼ ਪਰਫ਼ਾਰਮੈਂਸਾਂ ਹੋਣਗੀਆਂ।

ਮੌਂਟਰੀਅਲ ਨਾਟਯੰਜਿਲੀ ਦੀ ਡਾਇਰੈਕਟਰ ਇਨਾਮ-ਜੇਤੂ ਡਾਂਸਰ, ਦੀਪਾ ਨਲੱਪਨ

ਮੌਂਟਰੀਅਲ ਨਾਟਯੰਜਿਲੀ ਦੀ ਡਾਇਰੈਕਟਰ ਇਨਾਮ-ਜੇਤੂ ਡਾਂਸਰ, ਦੀਪਾ ਨਲੱਪਨ

ਤਸਵੀਰ:  Montreal Natyanjali Media release

ਮੌਂਟਰੀਅਲ ਨਾਟਯੰਜਿਲੀ ਦੀ ਡਾਇਰੈਕਟਰ ਇਨਾਮ-ਜੇਤੂ ਡਾਂਸਰ, ਦੀਪਾ ਨਲੱਪਨ ਹਨ। ਫ਼ੈਸਟੀਵਲ ਦੇ ਮੀਡੀਆ ਰਿਲੀਜ਼ ਵਿਚ ਉਨ੍ਹਾਂ ਕਿਹਾ, ਮੈਂ ਇਸ ਫ਼ੈਸਟੀਵਲ ਨੂੰ ਇੱਕ ਬਹੁਪੱਖੀ ਯਤਨ ਵੱਜੋਂ ਦੇਖਦੀ ਹਾਂ ਜਿਸ ਵਿੱਚ ਕਲਾਤਮਕ ਪ੍ਰਦਰਸ਼ਨੀ, ਸੱਭਿਆਚਾਰਕ ਸਰਪ੍ਰਸਤੀ, ਭਾਈਚਾਰੇ ਦੀ ਸ਼ਮੂਲੀਅਤ ਅਤੇ ਅੰਤਰ-ਸੱਭਿਆਚਾਰਕ ਸੰਵਾਦ ਅਤੇ ਸਮਝ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਇਹ ਫ਼ੈਸਟੀਵਲ ਭਾਰਤੀ ਕਲਾਸੀਕਲ ਡਾਂਸ ਦੀ ਸੁੰਦਰਤਾ, ਪੇਚੀਦਗੀ ਅਤੇ ਸਮੇਂ ਰਹਿਤਤਾ ਨੂੰ ਮਨਾਉਣ ਦੇ ਨਾਲ ਨਾਲ ਸਰੱਹਦਾਂ ਤੋਂ ਪਾਰ ਰਹਿੰਦੇ ਭਾਈਚਾਰਿਆਂ ਨਾਲ ਇੱਕ ਸਾਂਝ ਨੂੰ ਹੁਲਾਰਾ ਦੇਣ ਦਾ ਵੀ ਮੰਚ ਹੈ

ਮੌਂਟਰੀਅਲ ਦੇ ਲੋਕਲ ਕਲਾਕਾਰਾਂ ਤੋਂ ਇਲਾਵਾ ਇਸ ਵਾਰੀ ਹੋਰ ਸੂਬਿਆਂ ਤੋਂ ਵੀ ਕਲਾਕਾਰ ਮੌਂਟਰੀਅਲ ਨਾਟਯੰਜਿਲੀ ਦੇ ਮੰਚ ‘ਤੇ ਨਜ਼ਰ ਆਉਣਗੇ। ਇੰਨਾ ਹੀ ਨਹੀਂ, ਇਸ ਸਾਲ ਦੇ ਫ਼ੈਸਟੀਵਲ ਵਿਚ ਪਹਿਲੀ ਵਾਰੀ ਅਮਰੀਕਾ ਤੋਂ ਵੀ ਕਲਾਕਾਰਾਂ ਨੂੰ ਸੱਦਿਆ ਗਿਆ ਹੈ।

ਮੌਂਟਰੀਅਲ ਨਾਟਯੰਜਿਲੀ ਦੌਰਾਨ ਨ੍ਰਿਤ ਪੇਸ਼ ਕਰਦੇ ਕਲਾਕਾਰ।

ਮੌਂਟਰੀਅਲ ਨਾਟਯੰਜਿਲੀ ਦੌਰਾਨ ਨ੍ਰਿਤ ਪੇਸ਼ ਕਰਦੇ ਕਲਾਕਾਰ।

ਤਸਵੀਰ: Montreal Natyanjali Media release

ਕਿਸੇ ਵੇਲੇ ਇਸ ਫ਼ੈਸਟੀਵਲ ਦੀ ਦਰਸ਼ਕ ਰਹੀ ਅਤੇ ਫਿਰ ਪਰਫ਼ਾਰਮਰ ਤੋਂ ਬਾਅਦ ਹੁਣ ਆਯੋਜਕਾਂ ਵਿਚ ਸ਼ਾਮਲ, ਭਾਰਤਨਾਟਿਅਮ ਡਾਂਸਰ, ਦੀਕਸ਼ਾ ਆਰਿਆ ਨੇ ਕਿਹਾ, ਇਹ ਫ਼ੈਸਟੀਵਲ ਡਾਂਸ ਨਾਲ ਮੇਰੀ ਸਾਲਾਨਾ ਯਾਤਰਾ ਦਾ ਅਨਿੱਖੜਵਾਂ ਹਿੱਸਾ ਬਣ ਗਿਆ ਹੈ। ਇਸ ਨਾਲ ਮੈਨੂੰ ਹੋਰ ਸਾਥੀ ਡਾਂਸਰਾਂ ਨਾਲ ਜੁੜਨ ਅਤੇ ਜਸ਼ਨ ਮਨਾਉਣ ਦਾ ਮੌਕਾ ਮਿਲਿਆ ਹੈ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਂ ਇੱਕ ਪ੍ਰਤੀਬੱਧ ਟੀਮ ਦੇ ਨਾਲ ਕੰਮ ਕਰ ਰਹੀ ਹਾਂ ਅਤੇ ਸ਼ਾਨਦਾਰ ਕਲਾਕਾਰਾਂ ਦੀ ਮੇਜ਼ਬਾਨੀ ਕਰਾਂਗੀ

ਪਰਮ ਡੇਸ ਆਰਟਸ ਇੱਕ ਗਤੀਸ਼ੀਲ ਅਤੇ ਅਗਾਂਹਵਧੂ ਸੋਚ ਵਾਲੀ ਨੌਟ-ਫ਼ੌਰ-ਪ੍ਰੌਫ਼ਿਟ ਕਲਾ ਸੰਸਥਾ ਹੈ ਜੋ ਕਲਾਤਮਕ ਪ੍ਰਤਿਭਾ ਨੂੰ ੁਹੁਲਾਰਾ ਦੇਣ, ਸੱਭਿਆਚਾਰਕ ਵਿਚਾਰ-ਵਟਾਂਦਰੇ ਨੂੰ ਉਤਸ਼ਾਹਿਤ ਕਰਨ, ਅਤੇ ਸਮਾਜਿਕ ਤਬਦੀਲੀ ਲਈ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।

ਇਹ ਫ਼ੈਸਟੀਵਲ ਉਹਨਾਂ ਸਾਰਿਆਂ ਦਾ ਸੁਆਗਤ ਕਰਦਾ ਹੈ ਜੋ ਭਾਰਤੀ ਕਲਾਸੀਕਲ ਡਾਂਸ ਦੀ ਵਿਭਿੰਨਤਾ ਅਤੇ ਮਨਮੋਹਕ ਪ੍ਰਦਰਸ਼ਨ ਦਾ ਅਨੁਭਵ ਕਰਨਾ ਚਾਹੁੰਦੇ ਹਨ।

ਮੌਂਟਰੀਅਲ ਨਾਟਯੰਜਿਲੀ - 2024, 30 ਮਾਰਚ ਨੂੰ ਦੁਪਹਿਰ 2:30 ਵਜੇ ਮੌਂਟਰੀਅਲ ਦੇ ਕਾਲਜ ਅਹੰਟਸਿਕ ਵਿੱਖੇ ਸ਼ੁਰੂ ਹੋਵੇਗਾ।

ਜਾਣਕਾਰੀ - ਮੌਂਟਰੀਅਲ ਨਾਟਯੰਜਿਲੀ ਮੀਡੀਆ ਰਿਲੀਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ