1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਵਾਧੇ ਦਾ ਦੋਸ਼ ਪ੍ਰਾਈਵੇਟ ਕਾਲਜਾਂ ’ਤੇ ਲੱਗਾ। ਪਰ ਅਸਲ ਵਿਚ ਹੋਇਆ ਇਹ !

ਸੀਬੀਸੀ ਨਿਊਜ਼ ਦੁਆਰਾ ਪ੍ਰਾਪਤ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕਿਹੜੇ ਕਾਲਜਾਂ, ਯੂਨੀਵਰਸਿਟੀਆਂ ਨੇ ਇਸ ਵਾਧੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ

ਸੀਬੀਸੀ ਨਿਊਜ਼ ਨੂੰ ਪ੍ਰਾਪਤ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿਚ ਹੋਇਆ ਵਿਸਫ਼ੋਟਕ ਵਾਧਾ ਕੁਝ ਕੁ ਕਾਲਜਾਂ ਕਰਕੇ ਹੋਇਆ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਓਨਟੇਰਿਓ ਵਿਚ ਸਥਿਤ ਪਬਲਿਕ ਕਾਲਜ ਹਨ।

ਸੀਬੀਸੀ ਨਿਊਜ਼ ਨੂੰ ਪ੍ਰਾਪਤ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿਚ ਹੋਇਆ ਵਿਸਫ਼ੋਟਕ ਵਾਧਾ ਕੁਝ ਕੁ ਕਾਲਜਾਂ ਕਰਕੇ ਹੋਇਆ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਓਨਟੇਰਿਓ ਵਿਚ ਸਥਿਤ ਪਬਲਿਕ ਕਾਲਜ ਹਨ।

ਤਸਵੀਰ: (Ben Nelms/CBC)

RCI

ਸੀਬੀਸੀ ਨਿਊਜ਼ ਦੁਆਰਾ ਪ੍ਰਾਪਤ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕਿਹੜੇ ਕਾਲਜਾਂ, ਯੂਨੀਵਰਸਿਟੀਆਂ ਨੇ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਬੇਤਹਾਸ਼ਾ ਵਾਧੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ ਅਤੇ ਸਟਡੀ ਪਰਮਿਟਾਂ ਦੇ ਸੀਮਤ ਹੋਣ ‘ਤੇ ਕਿਹੜੇ ਅਦਾਰੇ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ।

ਸੂਚਨਾ-ਤੱਕ-ਪਹੁੰਚ ਦੀ ਬੇਨਤੀ ਰਾਹੀਂ ਇਮੀਗ੍ਰੇਸ਼ਨ ਵਿਭਾਗ ਤੋਂ ਪ੍ਰਾਪਤ ਅੰਕੜੇ ਦੇਸ਼ ਭਰ ਵਿੱਚ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਦਾਖ਼ਲਿਆਂ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 2018 ਤੋਂ ਹੁਣ ਤੱਕ ਹਰ ਸਾਲ ਦਿੱਤੇ ਗਏ ਸਟਡੀ ਪਰਮਿਟਾਂ ਦੀ ਸੰਖਿਆ ਦਰਸਾਉਂਦੇ ਹਨ।

ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿਚ ਬੇਪਨਾਹ ਵਾਧਾ- ਜਿਸਨੇ ਫ਼ੈਡਰਲ ਸਰਕਾਰ ਨੂੰ ਤੁਰੰਤ ਦੋ ਸਾਲਾਂ ਦੀ ਸੀਮਾ ਲਗਾਉਣ ਲਈ ਪ੍ਰੇਰਿਤ ਕੀਤਾ - ਦਰਅਸਲ ਮੁੱਠੀ ਭਰ ਸਕੂਲਾਂ ਨਾਲ ਜੁੜਿਆ ਹੈ, ਜਿਹਨਾਂ ਵਿੱਚੋਂ ਵੱਡੀ ਗਿਣਤੀ ਵਿਚ ਪਬਲਿਕ ਅਦਾਰੇ ਹਨ ਜਿਹੜੇ ਮੁੱਖ ਤੌਰ 'ਤੇ ਓਨਟੇਰਿਓ ਵਿਚ ਸਥਿਤ ਹਨ।

  • 30 ਕੈਨੇਡੀਅਨ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਜਿਨ੍ਹਾਂ ਨੂੰ ਸਭ ਤੋਂ ਵੱਧ ਸਟਡੀ ਪਰਮਿਟ ਦਿੱਤੇ ਗਏ ਸਨ, ਉਹਨਾਂ ਚੋਂ ਇੱਕ ਨੂੰ ਛੱਡ ਕੇ ਸਾਰੇ ਪਬਲਿਕ ਅਦਾਰੇ ਹਨ।
  • ਪਿਛਲੇ ਤਿੰਨ ਸਾਲਾਂ ਵਿੱਚ ਪੂਰੇ ਦੇਸ਼ ਵਿੱਚ ਜਾਰੀ ਕੀਤੇ ਗਏ ਸਾਰੇ ਸਟਡੀ ਪਰਮਿਟਾਂ ਵਿੱਚੋਂ ਓਨਟੇਰਿਓ ਦੇ ਹੀ 10 ਪਬਲਿਕ ਕਾਲਜਾਂ ਦੀ ਹਿੱਸੇਦਾਰੀ ਲਗਭਗ 30 ਪ੍ਰਤੀਸ਼ਤ ਹੈ।
  • ਓਨਟੇਰਿਓ ਦੇ 12 ਪਬਲਿਕ ਕਾਲਜਾਂ ਨੇ 2018 ਤੋਂ ਆਪਣੇ ਸਾਲਾਨਾ ਪਰਮਿਟ ਨੰਬਰਾਂ ਵਿੱਚ ਘੱਟੋ-ਘੱਟ ਤਿੰਨ ਗੁਣਾ ਵਾਧਾ ਕੀਤਾ ਹੈ।
2023 ਵਿਚ ਜਾਰੀ ਹੋਏ ਸਟਡੀ ਪਰਮਿਟਾਂ ਦੀ ਤਾਦਾਦ ਦੀ ਸੂਚੀਤਸਵੀਰ ਵੱਡੀ ਕਰੋ (ਨਵੀਂ ਵਿੰਡੋ)

2023 ਵਿਚ ਜਾਰੀ ਹੋਏ ਸਟਡੀ ਪਰਮਿਟਾਂ ਦੀ ਤਾਦਾਦ ਦੀ ਸੂਚੀ

ਤਸਵੀਰ: CBC

ਇਹ ਅੰਕੜੇ ਇਸ ਗੱਲ 'ਤੇ ਵੀ ਚਾਨਣਾ ਪਾਉਂਦੇ ਹਨ ਜੋ ਮਾਹਰ ਕਹਿੰਦੇ ਹਨ ਕਿ ਅਸਲ ਵਿੱਚ ਅੰਤਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਕੈਨੇਡਾ ਵਿੱਚ ਨਾਟਕੀ ਵਾਧਾ ਕਿਉਂ ਹੋਇਆ ਸੀ: ਸਰਕਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਾਮਿਆਂ ਦੀ ਘਾਟ ਪੂਰੀ ਕਰਨ ਲਈ ਅਤੇ ਘੱਟ ਫੰਡ ਵਾਲੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਮੋਟੀ ਆਮਦਨ ਲਿਆਉਣ ਲਈ ਸਰਗਰਮੀ ਨਾਲ ਸਵੀਕਾਰ ਕਰ ਰਹੀਆਂ ਹਨ, ਅਤੇ ਇਸ ਰੁਝਾਨ ਨਾਲ ਸਬੰਧਤ ਰਿਹਾਇਸ਼ ਦੀ ਅਗਾਮੀ ਮੰਗ ਵੱਲ ਬਹੁਤਾ ਧਿਆਨ ਹੈ ਹੀ ਨਹੀਂ।

ਕਈ ਬਿਲੀਅਨ ਡਾਲਰ ਲਿਆਂਦੇ ਹਨ ਅੰਤਰਰਾਸ਼ਟਰੀ ਵਿਦਿਆਰਥੀ

ਇਮੀਗ੍ਰੇਸ਼ਨ ਵਕੀਲ ਰਿਚਰਡ ਕਰਲੈਂਡ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਸੋਨਾ ਦਾ ਅੰਡਾ ਦੇਣ ਵਾਲੀ ਮੁਰਗੀ ਸਮਝਿਆ ਜਾ ਰਿਹੈ। ਹਰੇਕ ਵਿਦਿਆਰਥੀ ਕਾਲਜ ਨੂੰ ਘੱਟੋ ਘੱਟ 20,000 ਡਾਲਰ ਦਿੰਦਾ ਹੈ, ਅਤੇ ਜਦ ਗੱਲ ਲੱਖਾਂ ਵਿਦਿਆਰਥੀਆਂ ਦੀ ਹੋਵੇ ਤਾਂ ਤੁਸੀਂ ਆਪ ਹਿਸਾਬ ਲਗਾ ਸਕਦੇ ਹੋ।

ਅੰਕੜਿਆਂ ਦੁਆਰਾ ਕਵਰ ਕੀਤੇ ਗਏ ਛੇ ਸਾਲਾਂ ਦੀ ਮਿਆਦ ਵਿੱਚ, ਵਿਦਿਆਰਥੀਆਂ ਨੂੰ ਲਗਭਗ 1,300 ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਜਾਣ ਲਈ 1.5 ਮਿਲੀਅਨ ਤੋਂ ਵੱਧ ਸਟਡੀ ਪਰਮਿਟ ਜਾਰੀ ਕੀਤੇ ਗਏ।

ਇਸ ਦਾ ਮਤਲਬ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕੈਨੇਡਾ ਦੇ ਪੋਸਟ-ਸੈਕੰਡਰੀ ਸਿੱਖਿਆ ਸੈਕਟਰ ਵਿਚ ਕਈ ਬਿਲੀਅਨ ਡਾਲਰ ਦਾ ਭੁਗਤਾਨ ਕੀਤਾ - ਅਜਿਹੇ ਸਮੇਂ ਵਿਚ ਜਦੋਂ ਸੂਬਾ ਸਰਕਾਰਾਂ ਪਬਲਿਕ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਦਿੱਤੇ ਜਾਣ ਵਾਲੇ ਫ਼ੰਡ ਵਿਚ ਕਟੌਤੀ ਕਰ ਰਹੀਆਂ ਸਨ।

ਡੇਟਾ ਦਰਸਾਉਂਦਾ ਹੈ ਕਿ ਓਨਟੇਰਿਓ ਵਿਚ ਪ੍ਰੀਮੀਅਰ ਡੱਗ ਫੋਰਡ ਦੇ ਅਹੁਦਾ ਸੰਭਾਲਣ ਮਗਰੋਂ, 2018 ਤੋਂ ਬਾਅਦ, ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਵਿੱਚ ਕਾਫ਼ੀ ਵਾਧਾ ਹੋਇਆ ਹੈ।

2019 ਵਿਚ ਫੋਰਡ ਸਰਕਾਰ ਨੇ ਪੋਸਟ-ਸੈਕੰਡਰੀ ਫੰਡਿੰਗ ਵਿਚ ਕਮੀ ਲਿਆਂਦੀ, ਘਰੇਲੂ ਟਿਊਸ਼ਨਾਂ ਵਿੱਚ 10 ਪ੍ਰਤੀਸ਼ਤ ਦੀ ਕਟੌਤੀ ਕੀਤੀ ਅਤੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ (ਨਵੀਂ ਵਿੰਡੋ) ਜੋ ਸਪੱਸ਼ਟ ਤੌਰ 'ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਅਤੇ ਉਹਨਾਂ ਦੀਆਂ ਮੋਟੀਆਂ ਟਿਊਸ਼ਨ ਫੀਸਾਂ ਨੂੰ ਪਬਲਿਕ ਕਾਲਜਾਂ ਵੱਲ ਖਿੱਚਣ ਲਈ ਤਿਆਰ ਕੀਤਾ ਗਿਆ ਸੀ।

2023 ਵਿੱਚ ਦੇਸ਼ ਭਰ ਵਿੱਚ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਜਾਰੀ ਕੀਤੇ ਗਏ 435,000 ਸਟੱਡੀ ਪਰਮਿਟਾਂ ਵਿੱਚੋਂ ਇੱਕਲੇ ਓਨਟੇਰਿਓ ਦੇ ਪਬਲਿਕ ਕਾਲਜਾਂ ਦੀ ਹਿੱਸੇਦਾਰੀ 40 ਪ੍ਰਤੀਸ਼ਤ ਤੋਂ ਵੱਧ ਸੀ।

ਪ੍ਰਾਈਵੇਟ ਨਹੀਂ ਪਬਲਿਕ ਕਾਲਜ ਹਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੁੱਖ ਮੰਜ਼ਿਲ

ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਤੇਜ਼ੀ ਨਾਲ ਹੋਏ ਵਾਧੇ ਅਤੇ ਉਹਨਾਂ ਦੀ ਗਿਣਤੀ ਦੇ ਹਾਊਸਿੰਗ ਉੱਤੇ ਦਬਾਅ, ਖਾਸ ਕਰਕੇ ਦੱਖਣੀ ਓਨਟੇਰਿਓ ਅਤੇ ਬੀ ਸੀ ਦੇ ਲੋਅਰ ਮੇਨਲੈਂਡ ਵਿੱਚ, ਨੇ ਫ਼ੈਡਰਲ ਸਰਕਾਰ ਨੂੰ ਅਗਲੇ ਦੋ ਸਾਲਾਂ ਲਈ ਸਟੱਡੀ ਪਰਮਿਟ ਅਰਜ਼ੀਆਂ 'ਤੇ ਕੈਪ ਲਗਾਉਣ ਲਈ ਮਜਬੂਰ ਕੀਤਾ।

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਤੇ ਓਨਟੇਰਿਓ ਦੇ ਪ੍ਰੀਮੀਅਰ ਦੋਵਾਂ ਨੇ ਉਦੋਂ ਤੋਂ ਹੀ ਪ੍ਰਾਈਵੇਟ ਕਾਲਜਾਂ 'ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਹੈ, ਹਾਲਾਂਕਿ ਅੰਕੜੇ ਸਪੱਸ਼ਟ ਤੌਰ 'ਤੇ ਦਰਸਾਉਂਦੇ ਹਨ ਕਿ ਪਬਲਿਕ ਕਾਲਜ ਅਤੇ ਯੂਨੀਵਰਸਿਟੀਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੁੱਖ ਮੰਜ਼ਿਲ ਹਨ।

ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਜਨਵਰੀ ਵਿੱਚ ਕਿਹਾ ਸੀ ਕਿ ਕੈਨੇਡਾ ਵਿੱਚ ਕੁਝ ਪ੍ਰਾਈਵੇਟ ਕਾਲਜ ਮੁਨਾਫ਼ਾਖੋਰ ਫ਼ੈਕਟਰੀਆਂ ਵਾਂਗ ਹਨ, ਪਰ ਉਨ੍ਹਾਂ ਨੇ ਨਾਮ ਨਹੀਂ ਸੀ ਦੱਸਿਆ।

ਮੰਗਲਵਾਰ ਨੂੰ ਵੀ ਮਿਲਰ ਨੇ ਕਿਹਾ ਕਿ ਪ੍ਰਾਈਵੇਟ ਕਾਲਜਾਂ ਵਿਚ ਕੁਝ ਮਾੜੇ ਅਦਾਰੇ ਹਨ ਜਿਨ੍ਹਾਂ ਨੂੰ ਬੰਦ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਓਨਟੇਰਿਓ ਨੂੰ ਆਪਣੀ ਜ਼ਿੰਮੇਵਾਰੀ ਚੁੱਕਣ ਦੀ ਜ਼ਰੂਰਤ ਹੈ।

ਪਿਛਲੇ ਹਫ਼ਤੇ ਇੱਕ ਨਿਊਜ਼ ਕਾਨਫਰੰਸ ਵਿੱਚ, ਫੋਰਡ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਉਹਨਾਂ ਦੀ ਸਰਕਾਰ ਦੀਆਂ ਯੋਜਨਾਵਾਂ ਬਾਰੇ ਪੁੱਛਿਆ ਗਿਆ ਸੀ।

ਫ਼ੋਰਡ ਨੇ ਕਿਹਾ ਸੀ, ਪ੍ਰਾਈਵੇਟ ਸੈਕਟਰ ਦੇ ਕਾਲਜਾਂ ਵਿੱਚ ਕੁਝ ਮਾੜੇ ਅੰਸਰ ਹਨ। ਮੈਂ ਮੰਤਰਾਲੇ ਦੇ ਅੰਦਰ ਕੰਮ ਕਰਨ ਵਿੱਚ ਵਿਸ਼ਵਾਸ ਰੱਖਦਾ ਹਾਂ ਤਾਂ ਜੋ ਬੁਰੇ ਅੰਸਰਾਂ ਨੂੰ ਬਾਹਰ ਕੱਢਿਆ ਜਾ ਸਕੇ ਅਤੇ ਚੰਗੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਜਾ ਸਕੇ

ਸੀਬੀਸੀ ਨਿਊਜ਼ ਨੇ ਮੰਗਲਵਾਰ ਸਵੇਰੇ ਫੋਰਡ ਦੇ ਦਫਤਰ ਨੂੰ ਟਿੱਪਣੀ ਲਈ ਕਿਹਾ ਅਤੇ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।

ਪੀ ਆਰ ਲਈ ਸੌਖਾ ਰਸਤਾ

2010 ਦੇ ਦਹਾਕੇ ਦੌਰਾਨ ਫੈਡਰਲ ਇਮੀਗ੍ਰੇਸ਼ਨ ਨਿਯਮਾਂ ਵਿੱਚ ਕਈ ਤਬਦੀਲੀਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਕਿਸੇ ਵੀ ਪੋਸਟ-ਸੈਕੰਡਰੀ ਪ੍ਰੋਗਰਾਮ ਨੂੰ ਪੂਰਾ ਕਰਨ ਲਈ ਤਿੰਨ ਸਾਲਾਂ ਦੇ ਵਰਕ ਪਰਮਿਟ ਦਿੱਤੇ, ਅਤੇ ਨਾਗਰਿਕਤਾ ਲਈ ਇੱਕ ਆਸਾਨ ਰਸਤਾ ਪ੍ਰਦਾਨ ਦਿੱਤਾ।

ਇਮੀਗ੍ਰੇਸ਼ਨ ਮਾਹਰ ਅਰਲ ਬਲੇਨੀ ਨੇ ਕਿਹਾ ਕਿ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਵਿਦਿਆਰਥੀ ਵੀਜ਼ੇ ਨੂੰ ਅਧਾਰ ਬਣਾਕੇ ਕੈਨੇਡਾ ਵਿਚ ਪਰਮਾਨੈਂਟ ਰੈਜ਼ੀਡੈਂਟ ਬਣਨ ਦੇ ਚਾਹਵਾਨ ਵਿਦਿਆਰਥੀਆਂ ਦੀ ਤਾਦਾਦ ਵਿਚ ਵਾਧਾ ਹੋਵੇਗਾ।

ਬਲੇਨੀ ਨੇ ਕਿਹਾ, ਜਿਸ ਗੱਲ ਦਾ ਅੰਦਾਜ਼ਾ ਨਹੀਂ ਸੀ ਉਹ ਇਹ ਹੈ ਕਿ ਸਰਕਾਰ ਇਸ ਬਾਰੇ ਕੁਝ ਨਹੀਂ ਕਰੇਗੀ, ਇਸ ਤੱਥ ਦੇ ਬਾਵਜੂਦ ਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਅਜਿਹਾ ਹੋ ਰਿਹਾ ਹੈ

ਸਟਡੀ ਪਰਮਿਟ ‘ਤੇ ਕੈਪ ਲਾਉਣ ਦਾ ਮਤਲਬ ਹੈ ਕਾਲਜਾਂ ਵਿਚ ਦਾਖ਼ਲਿਆਂ ਵਿਚ ਕਮੀ।

ਜਦੋਂ ਇਮੀਗ੍ਰੇਸ਼ਨ ਮੰਤਰੀ ਨੇ ਕੈਪ ਦੀ ਘੋਸ਼ਣਾ ਕੀਤੀ ਸੀ, ਉਹਨਾਂ ਨੇ ਕਿਹਾ ਸੀ ਕਿ ਰਾਸ਼ਟਰੀ ਪੱਧਰ 'ਤੇ ਦਿੱਤੇ ਜਾਣ ਵਾਲੇ ਸਟਡੀ ਪਰਮਿਟਾਂ ਵਿਚ 35 ਪ੍ਰਤੀਸ਼ਤ ਤੱਕ ਕਟੌਤੀ ਹੋਵੇਗੀ, ਪਰ ਇਸ ਕੈਪ ਦਾ ਸੇਕ ਕੁਝ ਸੂਬੇ ਵਧੇਰੇ ਤੀਬਰਤਾ ਨਾਲ ਮਹਿਸੂਸ ਕਰਨਗੇ, ਕਿਉਂਕਿ ਕੈਨੇਡਾ ਦੇ ਸੂਬਿਆਂ ਵਿਚਕਾਰ ਵਿਦਿਆਰਥੀਆਂ ਦੀ ਗਿਣਤੀ ਵਿਚ ਇਕਸਾਰਤਾ ਨਹੀਂ ਹੈ।

ਸੋਮਵਾਰ ਨੂੰ ਫੋਰਡ ਸਰਕਾਰ ਨੇ ਅਗਲੇ ਤਿੰਨ ਸਾਲਾਂ ਵਿੱਚ ਪੋਸਟ-ਸੈਕੰਡਰੀ ਫੰਡਿੰਗ ਲਈ $1.3 ਬਿਲੀਅਨ ਦੇ ਵਾਧੇ ਦਾ ਐਲਾਨ ਕੀਤਾ।

ਸੋਮਵਾਰ ਨੂੰ ਫੋਰਡ ਸਰਕਾਰ ਨੇ ਅਗਲੇ ਤਿੰਨ ਸਾਲਾਂ ਵਿੱਚ ਪੋਸਟ-ਸੈਕੰਡਰੀ ਫੰਡਿੰਗ ਲਈ $1.3 ਬਿਲੀਅਨ ਦੇ ਵਾਧੇ ਦਾ ਐਲਾਨ ਕੀਤਾ।

ਤਸਵੀਰ: (Evan Mitsui/CBC)

ਓਨਟੇਰਓ ਨੂੰ ਪਰਮਿਟਾਂ ਵਿੱਚ 50 ਪ੍ਰਤੀਸ਼ਤ ਦੀ ਗਿਰਾਵਟ ਦੀ ਉਮੀਦ ਹੈ। ਇਸਦਾ ਮਤਲਬ ਇਹ ਹੋ ਸਕਦਾ ਹੈ ਕਿ 2023 ਦੇ ਮੁਕਾਬਲੇ ਇਸ ਸਾਲ ਲਗਭਗ 100,000 ਘੱਟ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸੂਬੇ ਵਿੱਚ ਪੜ੍ਹਨ ਦੀ ਇਜਾਜ਼ਤ ਮਿਲੇ।

ਕਾਲਜ ਪ੍ਰੋਗਰਾਮਾਂ ਲਈ ਹਰ ਸਾਲ ਘੱਟੋ-ਘੱਟ $15,000 ਦਾ ਭੁਗਤਾਨ ਕਰਨ ਵਾਲੇ ਅਤੇ ਯੂਨੀਵਰਸਿਟੀ ਡਿਗਰੀਆਂ ਲਈ ਦੁੱਗਣੇ ਤੋਂ ਵੀ ਵੱਧ ਫ਼ੀਸ ਦੇਣ ਵਾਲੇ ਵਿਦਿਆਰਥੀਆਂ ਵਿਚ ਕਮੀ ਬਾਰੇ ਮੋਟਾ ਮੋਟਾ ਹਿਸਾਬ ਸੁਝਾਅ ਦਿੰਦਾ ਹੈ ਕਿ ਓਨਟੇਰਿਓ ਨੂੰ $1.5 ਬਿਲੀਅਨ ਤੋਂ ਵੱਧ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ।

ਓਨਟੇਰਿਓ ਨੇ ਅਜੇ ਇਹ ਸਪੱਸ਼ਟ ਕਰਨਾ ਹੈ ਕਿ ਉਹ ਆਪਣੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਟਡੀ ਪਰਮਿਟਾਂ ਨੂੰ ਕਿਵੇਂ ਵੰਡੇਗਾ, ਜਾਂ ਇਹ ਮਾਲੀਏ ਵਿੱਚ ਹੋ ਰਹੇ ਘਾਟੇ ਨੂੰ ਕਿਵੇਂ ਪੂਰਾ ਕਰੇਗਾ।

ਸੋਮਵਾਰ ਨੂੰ, ਫੋਰਡ ਸਰਕਾਰ ਨੇ ਅਗਲੇ ਤਿੰਨ ਸਾਲਾਂ ਵਿੱਚ ਪੋਸਟ-ਸੈਕੰਡਰੀ ਫੰਡਿੰਗ ਲਈ $1.3 ਬਿਲੀਅਨ ਦੇ ਵਾਧੇ ਦਾ ਐਲਾਨ ਕੀਤਾ। ਇਹ ਰਾਸ਼ੀ ਨਵੰਬਰ ਵਿੱਚ ਸਰਕਾਰ ਦੇ ਆਪਣੇ ਮਾਹਰਾਂ ਦੇ ਪੈਨਲ ਦੁਆਰਾ ਉਸੇ ਸਮਾਂ-ਸੀਮਾ ਲਈ ਸਿਫਾਰਸ਼ ਕੀਤੇ $2.5 ਬਿਲੀਅਨ ਵਾਧੇ ਤੋਂ ਬਹੁਤ ਘੱਟ ਹੈ।

ਪੱਤਰਕਾਰਾਂ ਨੇ ਓਨਟੇਰਿਓ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਮੰਤਰੀ, ਜਿਲ ਡਨਲੌਪ ਨੂੰ ਇਸ ਬਾਰੇ ਪੁੱਛਿਆ ਕਿ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮੀ ਕਰਕੇ ਹੋਣ ਵਾਲੇ ਮਾਲੀਏ ਦੇ ਨੁਕਸਾਨ ਦੀ ਭਰਪਾਈ ਕਿਵੇਂ ਕਰਨਾ ਚਾਹੁੰਦੀ ਹੈ, ਪਰ ਉਹਨਾਂ ਨੇ ਵਾਰ-ਵਾਰ ਸਿੱਧਾ ਜਵਾਬ ਦੇਣ ਤੋਂ ਇਨਕਾਰ ਕੀਤਾ।

ਓਨਟੇਰਿਓ ਦੇ ਕਿਚਨਰ ਵਿੱਚ ਕੋਨੇਸਟੋਗਾ ਕਾਲਜ ਨੂੰ 2023 ਵਿੱਚ 30,000 ਤੋਂ ਵੱਧ ਸਟੱਡੀ ਪਰਮਿਟ ਦਿੱਤੇ ਗਏ ਸਨ, ਅਤੇ ਸੌਲਟ ਕਾਲਜ ਨੂੰ 2023 ਵਿੱਚ ਲਗਭਗ 3,500 ਪਰਮਿਟ ਦਿੱਤੇ ਗਏ ਸਨ ਜਿਸ ਵਿਚ ਜ਼ਿਆਦਾਤਰ ਬਿਨੈਕਾਰ ਇਹਨਾਂ ਅਦਾਰਿਆਂ ਦੇ ਟੋਰੌਂਟੋ ਅਤੇ ਬਰੈਂਪਟਨ ਵਿੱਚ ਸਥਿਤ ਸੈਟੇਲਾਈਟ ਕੈਂਪਸਾਂ ਵਿੱਚ ਜਾਣ ਵਾਲੇ ਵਿਦਿਆਰਥੀਆਂ ਸਨ।

ਕੋਨੇਸਟੋਗਾ ਕਾਲਜ ਪਿਛਲੇ ਪੰਜ ਸਾਲਾਂ ਵਿੱਚੋਂ ਚਾਰ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਸਟਡੀ ਪਰਮਿਟਾਂ ਲਈ ਕੈਨੇਡੀਅਨ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਸੂਚੀ ਵਿੱਚ ਸਭ ਤੋਂ ਉੱਤੇ ਹੈ।

ਸੀਬੀਸੀ ਨਿਊਜ਼ ਨੇ ਕੈਨੇਡਾ ਭਰ ਦੀੇ 10 ਅਦਾਰਿਆਂ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ 2018 ਤੋਂ 2023 ਤੱਕ ਸਟੱਡੀ ਪਰਮਿਟਾਂ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਹੈ।

ਟਿੱਪਣੀ ਦੇਣ ਵਾਲਿਆਂ ਦੇ ਜਵਾਬਾਂ ਵਿੱਚ ਇੱਕ ਨੁਕਤਾ ਸਮਾਨ ਸੀ: ਸਕੂਲ ਸਿਰਫ਼ ਉਹੀ ਕਰ ਰਹੇ ਸਨ ਜੋ ਫ਼ੈਡਰਲ ਅਤੇ ਸੂਬਾਈ ਸਰਕਾਰਾਂ ਉਹਨਾਂ ਤੋਂ ਕਰਵਾਉਣਾ ਚਾਹੁੰਦੀਆਂ ਸਨ।

ਸਡਬਰੀ ਦੇ ਕੈਂਬਰੀਅਨ ਕਾਲਜ ਦੇ ਕਮਿਊਨੀਕੇਸ਼ਨਜ਼ ਮੈਨੇਜਰ, ਡੇਨੀਅਲ ਲੈਸਾਰਡ ਨੇ ਕਿਹਾ, ਸਰਕਾਰ ਦੇ ਸੀਨੀਅਰ ਪੱਧਰਾਂ - ਫੈਡਰਲ ਅਤੇ ਸੂਬਾਈ- ਦੋਵਾਂ ਨੇ ਕਈ ਵਾਰ ਜਨਤਕ ਤੌਰ 'ਤੇ ਹੁਨਰਮੰਦ ਕਾਮਿਆਂ ਦੀ ਘਾਟ ਅਤੇ ਭਵਿੱਖ ਵਿੱਚ ਇਸਦੇ ਅਨੁਮਾਨ ਬਾਰੇ ਗੱਲ ਕੀਤੀ ਹੈ ਕਿ ਕਿਵੇਂ ਇਮੀਗ੍ਰੇਸ਼ਨ ਉਹਨਾਂ ਘਾਟਾਂ ਨੂੰ ਪੂਰਾ ਕਰਨ ਲਈ ਬੇਹੱਦ ਜ਼ਰੂਰੀ ਹੈ

IRCC ਤੋਂ ਪ੍ਰਾਪਤ ਕੀਤੇ ਅੰਕੜਿਆਂ ਵਿੱਚ ਮੁੱਖ ਖੋਜਾਂ ਸੁਝਾਅ ਦਿੰਦੀਆਂ ਹਨ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਡੂੰਘੀ ਕਟੌਤੀ ਤੋਂ ਖਾਸ ਤੌਰ 'ਤੇ ਓਨਟੇਰਿਓ ਦੇ ਪਬਲਿਕ ਕਾਲਜਾਂ ਨੇ ਬਹੁਤ ਕੁਝ ਗੁਆਉਣਾ ਹੈ:

  • 2023 ਵਿੱਚ, ਓਨਟੇਰਿਓ ਦੇ ਪਬਲਿਕ ਕਾਲਜਾਂ ਵਿੱਚ ਪੜ੍ਹਨ ਲਈ 175,000 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਰਮਿਟ ਜਾਰੀ ਕੀਤੇ ਗਏ ਸਨ, ਜੋ ਕਿ ਸੂਬੇ ਦੀਆਂ ਯੂਨੀਵਰਸਿਟੀਆਂ ਲਈ ਜਾਰੀ ਕੀਤੀ ਗਈ ਸੰਖਿਆ ਤੋਂ ਚਾਰ ਗੁਣਾ ਵੱਧ ਹਨ।
  • ਪਿਛਲੇ ਤਿੰਨ ਸਾਲਾਂ ਵਿੱਚੋਂ ਹਰੇਕ ਸਾਲ, ਸਭ ਤੋਂ ਵੱਧ ਅੰਤਰਰਾਸ਼ਟਰੀ ਸਟਡੀ ਪਰਮਿਟਾਂ ਵਾਲੇ ਕੈਨੇਡਾ ਦੇ 10 ਅਦਾਰਿਆਂ ਵਿਚੋਂ 8 ਪਬਲਿਕ ਕਾਲਜ ਓਨਟੇਰਿਓ ਦੇ ਹਨ।
  • 2021 ਤੋਂ ਬਾਅਦ ਜਾਰੀ ਕੀਤੇ ਗਏ ਸਭ ਤੋਂ ਵੱਧ ਪਰਮਿਟਾਂ ਵਾਲੇ 25 ਕੈਨੇਡੀਅਨ ਅਦਾਰਿਆਂ ਵਿੱਚੋਂ 19 ਓਨਟੇਰਿਓ ਦੇ ਪਬਲਿਕ ਕਾਲਜ ਹਨ।

ਪੂਰੀ ਰਿਪੋਰਟ ਇੱਥੇ ਪੜ੍ਹੋ (ਨਵੀਂ ਵਿੰਡੋ)

ਵਲੇਰੀ ਊਲੈਟ, ਮਾਈਕ ਕ੍ਰੌਲੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ