1. ਮੁੱਖ ਪੰਨਾ
  2. ਸਮਾਜ
  3. ਮੂਲਨਿਵਾਸੀ

ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ ਕੈਨੇਡੀਅਨਜ਼ ਵਿਚ ਜਾਗਰੂਕਤਾ ਵਧੀ: ਰਿਪੋਰਟ

ਮੂਲਨਿਵਾਸੀ ਅਤੇ ਗ਼ੈਰ-ਮੂਲਨਿਵਾਸੀ ਲੋਕਾਂ ਦਾ ਸਰੇਵਖਣ

30 ਸਤੰਬਰ 2022 ਨੂੰ ਨੈਸ਼ਨਲ ਡੇਅ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਮੌਕੇ ਬੀਸੀ ਦੇ ਮਿਸ਼ਨ ਸ਼ਹਿਰ ਵਿਚ ਸਥਿਤ ਸਾਬਕਾ ਸੇਂਟ ਮੈਰੀ ਰੈਜ਼ੀਡੈਂਸ਼ੀਅਲ ਸਕੂਲ ਵਿੱਖੇ ਇੱਕ ਸਮਾਗਮ ਦੀ ਤਸਵੀਰ।

30 ਸਤੰਬਰ 2022 ਨੂੰ ਨੈਸ਼ਨਲ ਡੇਅ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਮੌਕੇ ਬੀਸੀ ਦੇ ਮਿਸ਼ਨ ਸ਼ਹਿਰ ਵਿਚ ਸਥਿਤ ਸਾਬਕਾ ਸੇਂਟ ਮੈਰੀ ਰੈਜ਼ੀਡੈਂਸ਼ੀਅਲ ਸਕੂਲ ਵਿੱਖੇ ਇੱਕ ਸਮਾਗਮ ਦੀ ਤਸਵੀਰ।

ਤਸਵੀਰ: THE CANADIAN PRESS/Darryl Dyck

RCI

ਇੱਕ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਹਕੀਕਤ ਬਾਰੇ ਲੋਕਾਂ ਵਿਚ ਜਾਗਰੂਕਤਾ ਵਧੀ ਹੈ, ਪਰ ਇਹਨਾਂ ਸਕੂਲਾਂ ਦੇ ਪ੍ਰਭਾਵਾਂ ਬਾਰੇ ਕੈਨੇਡੀਅਨਜ਼ ਨੂੰ ਅਜੇ ਹੋਰ ਸਿੱਖਿਅਤ ਕੀਤੇ ਜਾਣ ਦੀ ਜ਼ਰੂਰਤ ਹੈ।

ਬੁੱਧਵਾਰ ਨੂੰ ਜਾਰੀ ਇਹ ਰਿਪੋਰਟ, ਯੂਨੀਵਰਸਿਟੀ ਔਫ਼ ਮੈਨੀਟੋਬਾ, ਯੂਨੀਵਰਸਿਟੀ ਔਫ਼ ਵਿਕਟੋਰੀਆ ਅਤੇ ਟੋਰੌਂਟੋ ਮੈਟਰੋਪੌਲੀਟਨ ਯੂਨੀਵਰਸਿਟੀ ਦੇ ਰਿਸਰਚਰਾਂ ਵੱਲੋਂ ਨੈਸ਼ਨਲ ਸੈਂਟਰ ਫ਼ੌਰ ਟ੍ਰੁੱਥ ਐਂਡ ਰੀਨਕਸੀਲੀਏਸ਼ਨ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਇਸ ਰਿਪੋਰਟ ਵਿਚ ਗ਼ੈਰ-ਮੂਲਨਿਵਾਸੀ ਲੋਕਾਂ ਅਤੇ ਮੂਲਨਿਵਾਸੀ ਲੋਕਾਂ ਵਿਚ ਸਾਲ 2022 ਦੌਰਾਨ ਸੁਲ੍ਹਾ ਦੇ ਯਤਨਾਂ ਪ੍ਰਤੀ ਪ੍ਰਗਤੀ ਬਾਰੇ ਜਾਣਕਾਰੀ ਇੱਕਠੀ ਕੀਤੀ ਗਈ ਹੈ।

ਇਹ ਦੂਸਰਾ ਸਾਲ ਹੈ ਜਦੋਂ ਇਸ ਗਰੁੱਪ ਨੇ ਮੂਲਨਿਵਾਸੀ ਲੋਕਾਂ ਨਾਲ ਸੁਲ੍ਹਾ ਪ੍ਰਤੀ ਜਾਗਰੂਕਤਾ ਨੂੰ ਟਰੈਕ ਕੀਤਾ ਹੈ ਅਤੇ ਇਸ ਉਪਾਅ ਨੂੰ ਕੈਨੇਡੀਅਨ ਰੀਕਨਸੀਲੀਏਸ਼ਨ ਬੈਰੋਮੀਟਰ ਦਾ ਨਾਂ ਦਿੱਤਾ ਗਿਆ ਹੈ।

ਟੀਮ ਨੇ ਇੱਕ ਔਨਲਾਈਨ ਪ੍ਰਸ਼ਨਾਵਲੀ ਰਾਹੀਂ ਦੇਸ਼ ਭਰ ਵਿੱਚ ਛੇ ਖੇਤਰਾਂ ਵਿੱਚ 3,174 ਮੂਲਵਾਸੀ ਅਤੇ ਗ਼ੈਰ-ਮੂਲਨਿਵਾਸੀ ਲੋਕਾਂ ਦਾ ਸਰਵੇਖਣ ਕੀਤਾ।

ਖੋਜਕਰਤਾਵਾਂ ਨੇ ਪਾਇਆ ਕਿ 90 ਪ੍ਰਤੀਸ਼ਤ ਗ਼ੈਰ-ਮੂਲਨਿਵਾਸੀ ਉੱਤਰਦਾਤਾਵਾਂ ਅਤੇ 94 ਪ੍ਰਤੀਸ਼ਤ ਮੂਲਨਿਵਾਸੀ ਉੱਤਰਦਾਤਾਵਾਂ ਨੇ ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ ਪੜ੍ਹਿਆ ਜਾਂ ਸੁਣਿਆ ਸੀ, ਜੋ ਕਿ 2021 ਦੇ ਮੁਕਾਬਲੇ ਕ੍ਰਮਵਾਰ 65 ਪ੍ਰਤੀਸ਼ਤ ਅਤੇ 87 ਪ੍ਰਤੀਸ਼ਤ ਤੋਂ ਵੱਧ ਹੈ।

ਖੋਜਕਰਤਾਵਾਂ ਨੇ 2022 ਦੇ ਸਰਵੇਖਣ ਲਈ 2021 ਵਾਲੇ ਉੱਤਰਦਾਤਾਵਾਂ ਨੂੰ ਸ਼ਾਮਲ ਨਹੀਂ ਕੀਤਾ ਯਾਨੀ ਕਿ ਰਿਪੋਰਟ ਸਾਲ-ਦਰ-ਸਾਲ ਇਕੋ ਲੋਕਾਂ ਦੇ ਹੀ ਵਿਕਾਸਸ਼ੀਲ ਵਿਚਾਰਾਂ ਨੂੰ ਨਹੀਂ ਦਰਸਾਉਂਦੀ।

ਯੂਨੀਵਰਸਿਟੀ ਔਫ਼ ਵਿਕਟੋਰੀਆ ਨਾਲ ਸਬੰਧਤ ਇਸ ਪ੍ਰੋਜੈਕਟ ਨਾਲ ਜੁੜੇ ਮੂਲਨਿਵਾਸੀ (ਮੇਟੀ) ਰਿਸਰਚਰ, ਰਾਈ ਮੋਰਨ ਨੇ ਕਿਹਾ ਕਿ ਰੈਜ਼ੀਡੈਂਸ਼ੀਅਲ ਸਕੂਲ ਦੇ ਅਹਾਤੇ ਚੋਂ ਕਬਰਾਂ ਮਿਲਣ ਦੀਆਂ ਖ਼ਬਰਾਂ, ਪੋਪ ਫ਼੍ਰੈਂਸਿਸ ਦੀ ਕੈਨੇਡਾ ਫੇਰੀ ਦੌਰਾਨ ਮੂਲਨਿਵਾਸੀਆਂ ਤੋਂ ਮੁਆਫ਼ੀ ਅਤੇ ਫ਼ੈਡਰਲ ਸਰਕਾਰ ਵੱਲੋਂ ਨੈਸ਼ਨਲ ਡੇਅ ਫ਼ੌਰ ਟ੍ਰੁੱਥ ਐਂਡ ਰੀਨਕਸੀਲੀਏਸ਼ਨ ਮਨਾਉਣ ਵਰਗੇ ਕਾਰਨਾਂ ਕਰਕੇ ਰੈਜ਼ੀਡੈਂਸ਼ੀਅਲ ਸਕੂਲ ਪ੍ਰਣਾਲੀ ਅਤੇ ਮੂਲਨਿਵਾਸੀ ਲੋਕਾਂ ਬਾਰੇ ਜਾਗਰੂਕਤਾ ਵਿਚ ਵਾਧਾ ਹੋਇਆ ਹੈ।

150,000 ਤੋਂ ਵੱਧ ਫਸਟ ਨੇਸ਼ਨਜ਼, ਮੇਟੀ ਅਤੇ ਇਨੁਇਟ ਭਾਈਚਾਰੇ ਦੇ ਬੱਚਿਆਂ ਨੂੰ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਰੱਖਿਆ ਗਿਆ ਸੀ । ਕੈਥਲਿਕ ਚਰਚ ਵੱਲੋਂ ਚਲਾਏ ਜਾਂਦੇ ਇਹਨਾਂ ਸਕੂਲਾਂ ਵਿਚ ਮੂਲਨਿਵਾਸੀ ਬੱਚਿਆਂ ਨੂੰ ਉਹਨਾਂ ਦੀ ਭਾਸ਼ਾ ਅਤੇ ਸੱਭਿਆਚਾਰ ਤੋਂ ਵੱਖ ਕਰਕੇ ਕੈਥਲਿਕ ਕਦਰਾਂ ਕੀਮਤਾਂ ਅਤੇ ਭਾਸ਼ਾ ਸੀ ਸਿਖਲਾਈ ਦਿੱਤੀ ਜਾਂਦੀ ਸੀ।

ਇਹਨਾਂ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਅੰਦਾਜ਼ਨ 6,000 ਮੂਲਨਿਵਾਸੀ ਬੱਚਿਆਂ ਦੀ ਮੌਤ ਹਈ ਸੀ, ਪਰ ਬਹੁਤ ਸਾਰੇ ਮਾਹਰਾਂ ਦਾ ਮੰਨਣਾ ਹੈ ਕਿ ਅਸਲ ਗਿਣਤੀ ਵੱਧ ਹੋ ਸਕਦੀ ਹੈ। ਨੈਸ਼ਨਲ ਸੈਂਟਰ ਫ਼੍ਰੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਨੇ ਮਰਨ ਵਾਲੇ 4,000 ਤੋਂ ਵੱਧ ਲੋਕਾਂ ਦੇ ਨਾਮ ਦਰਜ ਕੀਤੇ ਹਨ।

ਸਰਵੇਖਣ ਵਿੱਚ ਉੱਤਰਦਾਤਾਵਾਂ ਨੇ ਕਿਹਾ ਕਿ ਉਹ 2022 ਵਿੱਚ ਉਸਤੋਂ ਪਿਛਲੇ ਸਾਲ ਦੇ ਮੁਕਾਬਲੇ ਰੈਜ਼ੀਡੈਂਸ਼ੀਅਲ ਸਕੂਲ ਪ੍ਰਣਾਲੀ ਦੇ ਨੁਕਸਾਨਾਂ ਬਾਰੇ ਵਧੇਰੇ ਜਾਣੂ ਸਨ।

ਖੋਜਕਰਤਾਵਾਂ ਨੇ ਕਿਹਾ ਕਿ ਇਹ ਰੁਝਾਨ ਆਸ਼ਾਵਾਦੀ ਹੈ, ਪਰ ਸਿੱਖਿਆ 'ਤੇ ਨਿਰੰਤਰ ਫੋਕਸ ਮਹੱਤਵਪੂਰਨ ਹੈ ਕਿਉਂਕਿ ਜਾਗਰੂਕਤਾ ਇਸ ਯਾਤਰਾ ਦੀ ਮਹਿਜ਼ ਸ਼ੁਰੂਆਤ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2022 ਵਿੱਚ, ਮੂਲਨਿਵਾਸੀ ਉੱਤਰਦਾਤਾਵਾਂ ਨੇ ਕਿਹਾ ਕਿ ਮੂਲਨਿਵਾਸੀ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਮੂਹਾਂ ਨੇ ਆਪਣੀਆਂ ਕਾਰਵਾਈਆਂ ਲਈ ਪੂਰੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਗ਼ੈਰ-ਮੂਲਨਿਵਾਸੀ ਉੱਤਰਦਾਤਾ ਇਸ ਸੋਚ ਵੱਲ ਥੋੜ੍ਹਾ ਜ਼ਿਆਦਾ ਝੁਕਾਅ ਰੱਖਦੇ ਸਨ ਕਿ ਉਕਤ ਸਮੂਹਾਂ ਨੇ ਇਸ ਬਾਬਤ ਕਾਫ਼ੀ ਕੰਮ ਕੀਤਾ ਹੈ।

ਔਸਤਨ, 23 ਪ੍ਰਤੀਸ਼ਤ ਗ਼ੈਰ-ਮੂਲਨਿਵਾਸੀ ਉੱਤਰਦਾਤਾਵਾਂ ਅਤੇ 26 ਪ੍ਰਤੀਸ਼ਤ ਮੂਲਨਿਵਾਸੀ ਉੱਤਰਦਾਤਾਵਾਂ ਨੇ ਕਿਹਾ ਕਿ ਕੈਨੇਡਾ ਵਿੱਚ ਮੂਲਨਿਵਾਸੀ ਅਤੇ ਗ਼ੈਰ-ਮੂਲਨਿਵਾਸੀ ਲੋਕਾਂ ਦੇ ਜੀਵਨ ਦੀ ਗੁਣਵੱਤਾ ਬਰਾਬਰ ਹੈ। 2021 ਵਿੱਚ ਇਹ ਕ੍ਰਮਵਾਰ 28 ਪ੍ਰਤੀਸ਼ਤ ਅਤੇ 24 ਪ੍ਰਤੀਸ਼ਤ ਸੀ।

ਮੋਰਨ ਨੇ ਕਿਹਾ, ਸਾਨੂੰ ਇਸ ਸਮਾਜ ਵਿੱਚ ਮਨੁੱਖੀ ਅਧਿਕਾਰਾਂ ਅਤੇ ਬਰਾਬਰਤਾ ਦੀ ਸਾਂਝੀ ਸਮਝ ਅਤੇ ਹਮਦਰਦੀ ਵਾਲੀ ਸਮਝ ਪੈਦਾ ਕਰਨ ਲਈ ਕੁਝ ਹੋਰ ਕੰਮ ਕਰਨ ਦੀ ਲੋੜ ਹੈ

ਭਾਵੇਂ ਰਿਪੋਰਟ ਵਿੱਚ ਸੁਲ੍ਹਾ-ਸਫ਼ਾਈ ਦੇ ਕਈ ਹੋਰ ਮਹੱਤਵਪੂਰਨ ਉਪਾਵਾਂ ਵਿੱਚ ਵਾਧਾ ਪਾਇਆ ਗਿਆ ਪਰ ਕੁਝ ਖੇਤਰ ਅਜਿਹੇ ਸਨ ਜਿਨ੍ਹਾਂ ਵਿੱਚ ਇੱਕ ਸਕਾਰਾਤਮਕ ਰੁਝਾਨ ਨਹੀਂ ਦੇਖਿਆ ਗਿਆ, ਜਿਸ ਵਿੱਚ ਮੂਲਨਿਵਾਸੀ ਭਾਈਚਾਰਿਆਂ ਨਾਲ ਗ਼ੈਰ-ਮੂਲਨਿਵਾਸੀ ਲੋਕਾਂ ਦੀ ਸਾਂਝ-ਸ਼ਮੂਲੀਅਤ ਵੀ ਸ਼ਾਮਲ ਹੈ।

ਬ੍ਰਿਟਨੀ ਹੌਬਸਨ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ