1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਹਾਊਸਿੰਗ ਸੰਕਟ ਲਈ ਇਮੀਗ੍ਰੇਸ਼ਨ ਨੂੰ ਜ਼ਿੰਮੇਵਾਰ ਠਹਿਰਾਉਣਾ ਅਸਲ ਸਮੱਸਿਆ ‘ਤੇ ਪਰਦਾ ਪਾਉਣਾ ਹੈ: ਮਾਹਰ

ਸੈਟਲਮੈਂਟ ਵਰਕਰ ਅਨੁਸਾਰ ਢੁੱਕਵੀਂ ਹਾਊਸਿੰਗ ਪੌਲਿਸੀ ਨਾ ਹੋਣ ਕਰਕੇ ਨਵੇਂ ਇਮੀਗ੍ਰੈਂਟਸ ਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ ਹੈ

ਸੈਟਲਮੈਂਟ ਵਰਕਰ ਅਨੁਸਾਰ ਨਵੇਂ ਆਏ ਲੋਕਾਂ ਨੂੰ ਅਕਸਰ ਹੀ, ਰਿਹਾਇਸ਼ ਲੱਭਣ ਲਈ ਵਾਧੂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸੈਟਲਮੈਂਟ ਵਰਕਰ ਅਨੁਸਾਰ ਨਵੇਂ ਆਏ ਲੋਕਾਂ ਨੂੰ ਅਕਸਰ ਹੀ, ਰਿਹਾਇਸ਼ ਲੱਭਣ ਲਈ ਵਾਧੂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਤਸਵੀਰ: (David Horemans/CBC)

RCI

ਜਦੋਂ ਵੀ ਕੈਨੇਡਾ ਵਿਚ ਹਾਊਸਿੰਗ ਸੰਕਟ ਬਾਰੇ ਗੱਲ ਹੁੰਦੀ ਹੈ, ਤਾਂ ਵਧਦੀ ਇਮੀਗ੍ਰੇਸ਼ਨ ਦੀ ਦਲੀਲ ਆਮ ਹੀ ਦਿੱਤੀ ਜਾਂਦੀ ਹੈ।

ਜੇਕਰ ਕੈਨੇਡਾ ਇੱਥੇ ਮੌਜੂਦ ਲੋਕਾਂ ਨੂੰ ਘਰ ਨਹੀਂ ਦੇ ਸਕਦਾ, ਤਾਂ ਸਾਨੂੰ ਹੋਰ ਲੋਕਾਂ ਨੂੰ ਮੁਲਕ ਵਿਚ ਬੁਲਾਉਣੋਂ ਰੋਕਣਾ ਚਾਹੀਦਾ ਹੈ।

ਸ਼ੁੱਕਰਵਾਰ ਨੂੰ ਕੈਨੇਡਾ ਦੀ ਆਬਾਦੀ 40 ਮਿਲੀਅਨ ਦਾ ਅੰਕੜਾ ਪਾਰ ਕਰ ਗਈ। ਜਿਸ ਵਿਚ ਪਿਛਲੇ ਸਾਲ ਦੌਰਾਨ ਹੋਇਆ ਤਕਰੀਬਨ ਸਾਰਾ ਹੀ ਆਬਾਦੀ ਵਾਧਾ ਇਮੀਗ੍ਰੇਸ਼ਨ ਕਰਕੇ ਹੋਇਆ। 

ਫ਼ੈਡਰਲ ਸਰਕਾਰ ਨੇ ਸਾਲ 2025 ਤੱਕ ਕੈਨੇਡਾ ਵਿਚ ਸਾਲਾਨਾ 500,000 ਪਰਵਾਸੀ ਸੱਦਣ ਦਾ ਟੀਚਾ ਮਿੱਥਿਆ ਹੋਇਆ ਹੈ।

ਕਈ ਲਿਹਾਜ਼ ਨਾਲ ਕੈਨੇਡਾ ਵਿਚ ਨਵੇਂ ਪਰਵਾਸੀਆਂ ਦੀ ਆਮਦ ਇੱਕ ਵਰਦਾਨ ਹੈ, ਖ਼ਾਸ ਤੌਰ ‘ਤੇ ਜਿਸ ਵੇਲੇ ਕੈਨੇਡਾ ਦੀ ਆਬਾਦੀ ਬੁੱਢੀ ਹੋ ਰਹੀ ਹੈ ਅਤੇ ਮੁਲਕ ਵਿਚ ਕਾਮਿਆਂ ਦੀ ਵੀ ਘਾਟ ਹੈ। ਬਹੁਤ ਸਾਰੇ ਅਰਥਸ਼ਾਸਤਰੀਆਂ ਦਾ ਅਨੁਮਾਨ ਹੈ ਕਿ ਜੇਕਰ ਨਵੇਂ ਪਰਵਾਸੀਆਂ ਦੀ ਇੰਨੀ ਤਾਦਾਦ ਵਿਚ ਆਮਦ ਨਾ ਹੁੰਦੀ ਤਾਂ ਕੈਨੇਡੀਅਨ ਆਰਥਿਕਤਾ ਨੂੰ ਬਰਕਰਾਰ ਰੱਖਣਾ ਮੁਸ਼ਕਿਲ ਹੋ ਜਾਂਦਾ। ਸੱਭਿਆਚਾਰਕ ਤੌਰ ‘ਤੇ ਇਮੀਗ੍ਰੈਂਟਸ ਕੈਨੇਡੀਅਨ ਸਮਾਜ ਦੀ ਨਵੀਨਤਾ ਅਤੇ ਵੰਨ-ਸੁਵੰਨਤਾ ਵਿਚ ਵੀ ਯੋਗਦਾਨ ਪਾਉਂਦੇ ਹਨ।

ਪਰ ਇਹ ਵਿਕਾਸ ਅਜਿਹੇ ਸਮੇਂ ਤੇ ਹੋ ਰਿਹਾ ਹੈ ਜਦੋਂ ਜ਼ਿਆਦਾਤਰ ਸ਼ਹਿਰਾਂ ਵਿਚ ਬਹੁਤ ਥੋੜੀ ਹਾਊਸਿੰਗ ਉਪਲਬਧ ਹੈ ਅਤੇ ਉਹ ਵੀ ਕਾਫ਼ੀ ਮਹਿੰਗੀ ਹੈ।

ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਹਾਊਸਿੰਗ ਸੰਕਟ ਲਈ ਇਮੀਗ੍ਰੈਂਟਸ ਨੂੰ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਸਰ ਸਰਕਾਰ ਅਤੇ ਸਮਾਜ ਦੀ ਅਸਫਲਤਾ ਲਈ ਇਮੀਗ੍ਰੈਂਟਸ ਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ ਹੈ।

ਮਾਹਰਾਂ ਨੇ ਫ਼ੈਡਰਲ ਸਰਕਾਰ ਵੱਲੋਂ ਵੱਡੇ ਟੀਚੇ ਮਿੱਥਣ ਦੌਰਾਨ ਆਬਾਦੀ ਦੇ ਵਾਧੇ ਦੇ ਅਨੁਕੂਲ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਵਿਚ ਸਰਕਾਰ ਦੇ ਅਸਫਲ ਰਹਿਣ ਦੀ ਗੱਲ ਆਖੀ।

ਸਰੀ ਵਿੱਖੇ ਡਾਇਵਰਸਸਿਟੀ ਕਮਿਊਨਿਟੀ ਰਿਸੋਰਸ ਸੁਸਾਇਟੀ ਦੀ ਸੀਨੀਅਰ ਮੈਨੇਜਰ, ਮਿਹਰਤ ਬਿਸਰਤ ਨੇ ਕਿਹਾ ਕਿ ਘਰਾਂ ਦੀ ਕੀਮਤ ਕਰਕੇ ਪਰਵਾਸੀਆਂ ਨੂੰ ਬਾਹਰ ਰੱਖਣ ਦੀ ਗੱਲ ਬਹੁਤ ਨਿਰਾਸ਼ਾਜਨਕ ਹੈ।

ਉਨ੍ਹਾਂ ਕਿਹਾ ਕਿ ਪਰਵਾਸੀ ਖ਼ੁਦ ਹਾਊਸਿੰਗ ਸੰਕਟ ਦੇ ਪ੍ਰਭਾਵਾਂ ਤੋਂ ਸਭ ਤੋਂ ਵੱਧ ਪੀੜਤ ਹਨ।

ਬਿਸਰਤ ਦਾ ਕਹਿਣਾ ਹੈ ਕਿ ਨਵੇਂ ਆਉਣ ਵਾਲਿਆਂ ਨੂੰ ਅਕਸਰ ਅਜਿਹੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਪਹਿਲਾਂ ਤੋਂ ਹੀ ਇੱਥੇ ਰਹਿ ਰਹੇ ਲੋਕਾਂ ਨੂੰ ਦਰਪੇਸ਼ ਨਹੀਂ ਹੁੰਦੀਆਂ। ਉਦਾਹਰਨ ਵੱਜੋਂ, ਉਹਨਾਂ ਕੋਲ ਰੈਫ਼ਰੈਂਸਾਂ ਦੀ ਘਾਟ ਹੋਣ ਦੀ ਸੰਭਾਵਨਾ ਹੁੰਦੀ ਹੈ ਅਤੇ ਉਹਨਾਂ ਕੋਲ ਕ੍ਰੈਡਿਟ ਹਿਸਟਰੀ ਵੀ ਨਹੀਂ ਹੁੰਦੀ। ਉਨ੍ਹਾਂ ਨੂੰ ਆਪਣੇ ਅਧਿਕਾਰਾਂ ਬਾਰੇ ਪੂਰੀ ਜਾਣਕਾਰੀ ਨ੍ਹੀਂ ਹੁੰਦੀ, ਜਿਸ ਕਰਕੇ ਉਨ੍ਹਾਂ ਦਾ ਸ਼ੋਸ਼ਣ ਵੀ ਹੋ ਜਾਂਦਾ ਹੈ।

ਪਿਛਲੇ ਕੁਝ ਸਾਲਾਂ ਵਿਚ ਕੈਨੇਡਾ ਵਿਚ ਆਬਾਦੀ ਵਿਕਾਸ ਦਰ ਵਿਚ ਤਕਰੀਬਨ 100 ਫ਼ੀਸਦੀ ਹਿੱਸਾ ਇਮੀਗ੍ਰੇਸ਼ਨ ਦਾ ਰਿਹਾ ਹੈ।

ਪਿਛਲੇ ਕੁਝ ਸਾਲਾਂ ਵਿਚ ਕੈਨੇਡਾ ਵਿਚ ਆਬਾਦੀ ਵਿਕਾਸ ਦਰ ਵਿਚ ਤਕਰੀਬਨ 100 ਫ਼ੀਸਦੀ ਹਿੱਸਾ ਇਮੀਗ੍ਰੇਸ਼ਨ ਦਾ ਰਿਹਾ ਹੈ।

ਤਸਵੀਰ: La Presse canadienne / Sean Kilpatrick

ਉਹ ਕਹਿੰਦੀ ਹੈ ਕਿ ਨਵੇਂ ਆਏ ਲੋਕਾਂ ਨੂੰ ਘਰ ਲੱਭਣ ਦੌਰਾਨ ਆਪਣੇ ਧਰਮ, ਆਪਣੇ ਪਰਿਵਾਰਾਂ ਦੇ ਆਕਾਰ ਜਾਂ ਬਣਤਰ ਜਾਂ ਜੇਕਰ ਉਹ ਸ਼ਰਨਾਰਥੀ ਹਨ ਤਾਂ ਸਮਾਜਿਕ ਸਹਾਇਤਾ 'ਤੇ ਨਿਰਭਰਤਾ ਦੇ ਕਾਰਨ, ਅਕਸਰ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।

ਕੈਨੇਡਾ ਸਰਕਾਰ ਨੇ ਜਦੋਂ ਨਵੰਬਰ 2022 ਵਿਚ 500,000 ਇਮੀਗ੍ਰੈਂਟਸ ਸਾਲਾਨਾ ਦੇ ਨਵੇਂ ਟੀਚੇ ਦਾ ਐਲਾਨ ਕੀਤਾ ਸੀ ਤਾਂ ਉਨ੍ਹਾਂ ਨੇ ਵੀ ਇਹੀ ਤਰਕ ਦਿੱਤਾ ਸੀ ਕਿ ਕੈਨੇਡੀਅਨ ਆਰਥਿਕਤਾ ਦੇ ਮਹਾਂਮਾਰੀ ਚੋਂ ਉੱਭਰਨ ਦੇ ਯੋਗ ਹੋਣ ਦੇ ਮੁੱਖ ਕਾਰਨਾਂ ਵਿਚੋਂ ਇੱਕ ਕਾਰਨ ਇਮੀਗ੍ਰੈਂਟਸ ਸਨ ਅਤੇ ਉਹ ਦੇਸ਼ ਦੀ ਖ਼ੁਸ਼ਹਾਲੀ ਦਾ ਇੱਕ ਅਨਿੱਖੜਵਾਂ ਅੰਗ ਹਨ।

ਫ਼ੈਡਰਲ ਸਰਕਾਰ ਅਨੁਸਾਰ ਕੈਨੇਡਾ ਵਿਚ ਕਾਮਿਆਂ ਦੇ ਵਿਕਾਸ ਵਿਚ ਤਕਰੀਬਨ 100 ਫ਼ੀਸਦੀ ਹਿੱਸਾ ਇਮੀਗ੍ਰੇਸ਼ਨ ਦਾ ਹੈ ਅਤੇ ਸਾਲ 2032 ਤੱਕ ਮੁਲਕ ਦੀ ਆਬਾਦੀ ਵਿਕਾਸ ਦਰ ਵਿਚ ਤਕਰੀਬਨ 100 ਫ਼ੀਸਦੀ ਯੋਗਦਾਨ ਇਮੀਗ੍ਰੇਸ਼ਨ ਦਾ ਹੋਵੇਗਾ।

ਮਾਹਰਾਂ ਦਾ ਕਹਿਣਾ ਹੈ ਕਿ ਫ਼ੈਡਰਲ ਸਰਕਾਰ ਦਾ ਵਿਕਾਸ 'ਤੇ ਜ਼ੋਰ, ਵਧੇਰੇ ਬੁਨਿਆਦੀ ਢਾਂਚਾ ਨਿਰਮਾਣ ਨੀਤੀਆਂ ਨਾਲ ਮੇਲ ਨਹੀਂ ਖ਼ਾਂਦਾ।

ਮਾਹਰਾਂ ਦਾ ਕਹਿਣਾ ਹੈ ਕਿ ਫ਼ੈਡਰਲ ਸਰਕਾਰ ਦਾ ਵਿਕਾਸ 'ਤੇ ਜ਼ੋਰ, ਵਧੇਰੇ ਬੁਨਿਆਦੀ ਢਾਂਚਾ ਨਿਰਮਾਣ ਨੀਤੀਆਂ ਨਾਲ ਮੇਲ ਨਹੀਂ ਖ਼ਾਂਦਾ।

ਤਸਵੀਰ: (François Gagnon/Radio-Canada)

ਸਾਈਮਨ ਫ਼੍ਰੇਜ਼ਰ ਯੂਨਿਵਰਸਿਟੀ ਦੇ ਸਿਟੀ ਪ੍ਰੋਗਰਾਮ ਦੇ ਡਾਇਰੈਕਟਰ, ਐਂਡੀ ਯੈਨ ਨੇ ਕਿਹਾ ਕਿ ਇਮੀਗ੍ਰੈਂਟਸ ਕੈਨੇਡੀਅਨ ਸਮਾਜ ਦਾ ਇੱਕ ਅਹਿਮ ਹਿੱਸਾ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਵਿਚ ਨੁਕਸ ਹਨ, ਅਤੇ ਫ਼ੈਡਰਲ ਸਰਕਾਰ ਨੇ ਇਮੀਗ੍ਰੇਸ਼ਨ ਦੀ ਭੂਮਿਕਾ ਅਤੇ ਮੁਲਕ ਦੇ ਬੁਨਿਆਦੀ ਢਾਂਚੇ ਵਿਚ ਫ਼ੰਡਿੰਗ ਦੀ ਜ਼ਰੂਰਤ ਨੂੰ ਸਹੀਂ ਤਰੀਕੇ ਨਾਲ ਨਹੀਂ ਜੋੜਿਆ ਹੈ, ਯਾਨੀ ਵਿਕਾਸ 'ਤੇ ਜ਼ੋਰ ਦਿੱਤਾ ਹੋਇਆ ਹੈ ਪਰ ਇਸ ਦੇ ਅਨੁਕੂਲ ਬੁਨਿਆਦੀ ਢਾਂਚੇ ਦੇ ਨਿਰਮਾਣ ਵਿਚ ਪਾੜੇ ਮੌਜੂਦ ਹਨ।

ਮੈਰੀਸੇ ਜ਼ੀਡਲਰ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ