1. ਮੁੱਖ ਪੰਨਾ
  2. ਸਿਹਤ
  3. ਜਨਤਕ ਸਿਹਤ

ਭਾਰ ਘਟਾਉਣ ਵਾਲੀ ਦਵਾਈ ਵੀਗੋਵੀ ਕੈਨੇਡਾ ਵਿੱਚ 6 ਮਈ ਤੋਂ ਉਪਲਬਧ ਹੋਵੇਗੀ

ਮੋਟਾਪਾ ਇੱਕ ਗੰਭੀਰ ਡਾਕਟਰੀ ਸਥਿਤੀ ਹੈ ਅਤੇ ਵੀਗੋਵੀ ਇੱਕ ਮਹੱਤਵਪੂਰਨ ਇਲਾਜ ਵਿਕਲਪ ਹੈ: ਓਬੀਸਿਟੀ ਕੈਨੇਡਾ

ਵਜ਼ਨ ਘਟਾਉਣ ਵਾਲੀ ਦਵਾਈ ਵੌਗੋਵੀ ਦੀ ਤਸਵੀਰ।

ਵਜ਼ਨ ਘਟਾਉਣ ਵਾਲੀ ਦਵਾਈ ਵੌਗੋਵੀ ਦੀ ਤਸਵੀਰ।

ਤਸਵੀਰ: THE CANADIAN PRESS/HO, Novo Nordisk Canada Inc.

RCI

ਸ਼ੂਗਰ ਦੀ ਦਵਾਈ ਓਜ਼ੈਂਪਿਕ ਬਣਾਉਣ ਵਾਲੇ ਦਵਾਈ ਨਿਰਮਾਤਾ ਦਾ ਕਹਿਣਾ ਹੈ ਕਿ ਭਾਰ ਘਟਾਉਣ ਵਾਲੀ ਦਵਾਈ ਵੀਗੋਵੀ (Wegovy) ਅਗਲੇ ਸੋਮਵਾਰ ਤੋਂ ਕੈਨੇਡਾ ਵਿਚ ਉਪਲਬਧ ਹੋਵੇਗੀ।

ਨੋਵੋ ਨੋਰਡਿਸਕ ਦਾ ਇਹ ਹਫ਼ਤੇ ਵਿਚ ਇੱਕ ਵਾਰੀ ਦਿੱਤਾ ਜਾਣ ਵਾਲਾ ਟੀਕਾ, ਮੋਟਾਪੇ ਦੇ ਮਰੀਜ਼ਾਂ ਵਾਸਤੇ ਭਾਰ ਘਟਾਉਣ ਲਈ ਮਨਜ਼ੂਰੀ ਪ੍ਰਾਪਤ ਹੈ।

ਵੀਗੋਵੀ ਉਹਨਾਂ ਮਰੀਜ਼ਾਂ ਲਈ ਵੀ ਤਜਵੀਜ਼ ਕੀਤੀ ਜਾ ਸਕਦੀ ਹੈ ਜਿਨ੍ਹਾਂ ਦਾ ਭਾਰ ਕਾਫ਼ੀ ਜ਼ਿਆਦਾ ਹੈ ਅਤੇ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ, ਟਾਈਪ 2 ਡਾਇਬਟੀਜ਼ ਜਾਂ ਨੀਂਦ ਵਿਚ ਸਾਹ ਦੀ ਪ੍ਰੇਸ਼ਾਨੀ ਵਰਗੀ ਘੱਟੋ-ਘੱਟ ਕੋਈ ਇੱਕ ਸਬੰਧਤ ਮੈਡੀਕਲ ਸਮੱਸਿਆ ਹੈ।

ਓਬੀਸਿਟੀ ਕੈਨੇਡਾ ਦੇ ਡਾਕਟਰ ਸੰਜੀਵ ਸੋਕਲਿੰਗਮ ਦਾ ਕਹਿਣਾ ਹੈ ਕਿ ਮੋਟਾਪਾ ਇੱਕ ਗੰਭੀਰ ਮੈਡੀਕਲ ਸਥਿਤੀ ਹੈ ਅਤੇ ਵੀਗੋਵੀ ਇੱਕ ਮਹੱਤਵਪੂਰਨ ਇਲਾਜ ਵਿਕਲਪ ਹੈ।

ਉਹਨਾਂ ਕਿਹਾ ਕਿ ਇਹ ਕਾਸਮੈਟਿਕ ਵਰਤੋਂ ਲਈ ਨਹੀਂ ਹੈ।

ਵੀਗੋਵੀ ਵਿੱਚ ਉਹੀ  - ਸੈਮਾਗਲੂਟਾਈਡ - ਦਵਾਈ ਹੈ ਜਿਹੜੀ ਸ਼ੂਗਰ ਦੀ ਦਵਾਈ ਓਜ਼ੈਂਪਿਕ ਵਿਚ ਹੈ, ਪਰ ਇਸ ਵਿਚ ਇਸ ਤੱਤ ਦੀ ਡੋਜ਼ ਜ਼ਿਆਦਾ ਹੈ।

ਡਾਕਟਰ ਸੰਜੀਵ ਮੋਟਾਪੇ ਨਾਲ ਜੀ ਰਹੇ ਲੋਕਾਂ ਦੇ ਜੀਵਨ ਨੂੰ ਸੁਧਾਰਨ ਲਈ ਸਮਰਪਿਤ ਸੰਸਥਾ, ਓਬੀਸਿਟੀ ਕੈਨੇਡਾ ਦੇ ਵਿਗਿਆਨਕ ਨਿਰਦੇਸ਼ਕ ਹਨ। ਉਨ੍ਹਾਂ ਕਿਹਾ ਕਿ ਵੀਗੋਵੀ ਉਹਨਾਂ ਸਾਰੇ ਡਾਕਟਰਾਂ, ਜਿਹੜੇ ਮੋਟਾਪੇ ਨਾਲ ਜੀ ਰਹੇ ਬਹੁਤ ਸਾਰੇ ਮਰੀਜ਼ਾਂ ਨੂੰ ਦੇਖ ਰਹੇ ਹਨ, ਲਈ ਉਪਬਲਧ ਵਿਕਲਪਾਂ ਵਿਚ ਇੱਕ ਵਾਧਾ ਪ੍ਰਦਾਨ ਕਰਦੀ ਹੈ।

ਉਹਨਾਂ ਕਿਹਾ ਕਿ ਇਹ ਦਵਾਈ ਸਰੀਰਕ ਗਤੀਵਿਧੀ ਅਤੇ ਪੌਸ਼ਟਿਕ ਖਾਣੇ ਦੇ ਨਾਲ ਸੰਤੁਲਨ ਵਿਚ ਵਰਤੀ ਜਾਣ ਲਈ ਹੈ।

ਡਾ ਸੰਜੀਵ ਨੇ ਕਿਹਾ ਕਿ ਓਬੀਸਿਟੀ ਕੈਨੇਡਾ ਵੀਗੋਵੀ ਨੂੰ ਸ਼ਾਮਲ ਕਰਨ ਲਈ ਆਪਣੀਆਂ ਦਵਾਈਆਂ ਦੇ ਦਿਸ਼ਾ-ਨਿਰਦੇਸ਼ਾਂ ਨੂੰ ਅਪਡੇਟ ਕਰੇਗਾ।

ਫ਼ੈਡਰਲ ਸਰਕਾਰ ਦੀ ਵੈਬਸਾਈਟ ਦੇ ਅਨੁਸਾਰ, ਹੈਲਥ ਕੈਨੇਡਾ ਨੇ ਨਵੰਬਰ 2021 ਵਿੱਚ ਵੀਗੋਵੀ ਨੂੰ ਉਹਨਾਂ ਅਧਿਐਨਾਂ ਦੇ ਆਧਾਰ 'ਤੇ ਮਨਜ਼ੂਰੀ ਦਿੱਤੀ ਸੀ ਜੋ ਪਲੇਸੀਬੋ-ਇਲਾਜ ਦੇ ਪਾਤਰ ਲੋਕਾਂ ਦੀ ਤੁਲਨਾ ਵਿੱਚ ਸੈਮਾਗਲੂਟਾਈਡ-ਇਲਾਜ ਵਾਲੇ (ਮਰੀਜ਼ਾਂ) ਵਿੱਚ ਮਹੱਤਵਪੂਰਨ ਤੌਰ 'ਤੇ ਜ਼ਿਆਦਾ ਭਾਰ ਘਟਣਾ ਦਰਸਾਉਂਦੇ ਹਨ।

ਡਾਕਟਰ ਇਸ ਨੂੰ 30 ਕਿਲੋਗ੍ਰਾਮ ਪ੍ਰਤੀ ਵਰਗ ਮੀਟਰ ਜਾਂ ਇਸ ਤੋਂ ਵੱਧ ਦੇ ਬਾਡੀ ਮਾਸ ਇੰਡੈਕਸ (BMI) ਵਾਲੇ ਮੋਟਾਪੇ ਦੇ ਮਰੀਜ਼ਾਂ ਲਈ ਤਜਵੀਜ਼ ਕਰ ਸਕਦੇ ਹਨ।

ਇਸ ਤੋਂ ਇਲਾਵਾ 27 ਕਿਲੋਗ੍ਰਾਮ ਵਾਲੇ BMI ਵਾਲੇ ਮੋਟਾਪੇ ਦੇ ਮਰੀਜ਼ਾਂ ਨੂੰ ਵੀ ਇਹ ਦਵਾਈ ਪ੍ਰਿਸਕਰਾਈਬ ਕੀਤੀ ਜਾ ਸਕਦੀ ਹੈ ਜੇ ਉਨ੍ਹਾਂ ਨੂੰ ਭਾਰ ਨਾਲ ਸਬੰਧਤ ਕੋਈ ਹੋਰ ਸਮੱਸਿਆ ਵੀ ਹੋਵੇ। ਇਹਨਾਂ ਸਮੱਸਿਆਵਾਂ ਵਿਚ ਹਾਈਪਰਟੈਂਸ਼ਨ, ਟਾਈਪ 2 ਡਾਇਬਟੀਜ਼, ਕੌਲੈਸਟਰੌਲ ਅਸੰਤੁਲਨ ਅਤੇ ਨੀਂਦ ਦੀ ਪ੍ਰੇਸ਼ਾਨੀ ਸ਼ਾਮਲ ਹੈ।

ਵੀਗੋਵੀ ਅਜਿਹੇ ਸਮੇਂ ਵਿਚ ਮਾਰਕੀਟ ਵਿਚ ਆ ਰਹੀ ਹੈ ਜਦੋਂ ਸ਼ੂਗਰ ਦੀ ਦਵਾਈ ਓਜ਼ੈਂਪਿਕ ਦੀ ਵਰਤੋਂ ਲੋਕ ਭਾਰ ਘਟਾਉਣ ਲਈ ਕਰਨ ਲੱਗ ਪਏ ਸਨ। ਸੋਸ਼ਲ ਮੀਡੀਆ ‘ਤੇ ਵੀ ਇਸ ਬਾਰੇ ਬਹੁਤ ਪ੍ਰਚਾਰ ਹੋ ਗਿਆ ਸੀ। ਮਾਹਰਾਂ ਦਾ ਕਹਿਣਾ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਡਾਕਟਰ ਵੀ ਇਹ ਯਕੀਨੀ ਬਣਾਉਣ ਕਿ ਵੀਗੋਵੀ ਉਨ੍ਹਾਂ ਮਰੀਜ਼ਾਂ ਨੂੰ ਹੀ ਦਿੱਤੀ ਜਾਵੇ ਜਿਹੜੇ ਇਸ ਸਬੰਧੀ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ।

ਡਾ ਸੰਜੀਵ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਇਸ ਦਵਾਈ ਦੀ ਪ੍ਰਿਸਕ੍ਰਿਪਸ਼ਨ ਦੀ ਗੱਲ ਆਉਂਦੀ ਹੈ ਤਾਂ, ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਬਹੁਤ ਸਪਸ਼ਟ ਹਾਂ, ਅਸੀਂ ਕਾਸਮੈਟਿਕ ਜਾਂ ਸਰੀਰਕ ਦਿੱਖ ਬਾਰੇ ਗੱਲ ਨਹੀਂ ਕਰ ਰਹੇ

ਇਹ ਇੱਕ ਡਾਕਟਰੀ ਸਮੱਸਿਆ ਲਈ ਇੱਕ ਡਾਕਟਰੀ ਇਲਾਜ ਹੈ

ਨਿਕੋਲ ਆਇਰਲੈਂਡ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ -ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ