1. ਮੁੱਖ ਪੰਨਾ
  2. ਸਮਾਜ
  3. ਸਿੱਖਿਆ

ਜੱਜ ਨੇ ਮੈਕਗਿਲ ਚ ਲੱਗੇ ਫ਼ਲਸਤੀਨੀ ਸਮਰਥਕਾਂ ਦੇ ਡੇਰੇ ਹਟਾਉਣ ਬਾਬਤ ਅਦਾਲਤੀ ਫ਼ਰਮਾਨ ਦੀ ਬੇਨਤੀ ਰੱਦ ਕੀਤੀ

ਲੰਘੇ ਸ਼ਨੀਵਾਰ ਤੋਂ ਪ੍ਰਦਰਸ਼ਨਕਾਰੀਆਂ ਨੇ ਮੈਕਗਿਲ ਯੂਨੀਵਰਸਿਟੀ ਵਿਚ ਡੇਰੇ ਲਾਏ ਹੋਏ ਹਨ

ਮੈਕਗਿਲ ਯੂਨੀਵਰਸਿਟੀ ਵਿਚ ਫ਼ਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਦੇ ਡੇਰੇ ਦੇ ਬਾਹਰ ਉਨ੍ਹਾਂ ਦੀਆਂ ਮੁੱਖ ਮੰਗਾਂ ਦਾ ਲੱਗਾ ਪੋਸਟਰ ਪੜ੍ਹਦਾ ਇੱਕ ਵਿਅਕਤੀ।

ਮੈਕਗਿਲ ਯੂਨੀਵਰਸਿਟੀ ਵਿਚ ਫ਼ਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਦੇ ਡੇਰੇ ਦੇ ਬਾਹਰ ਉਨ੍ਹਾਂ ਦੀਆਂ ਮੁੱਖ ਮੰਗਾਂ ਦਾ ਲੱਗਾ ਪੋਸਟਰ ਪੜ੍ਹਦਾ ਇੱਕ ਵਿਅਕਤੀ।

ਤਸਵੀਰ: (Christinne Muschi/The Canadian Press)

RCI

ਕਿਊਬੈਕ ਦੀ ਸੁਪੀਰੀਅਰ ਕੋਰਟ ਦੀ ਜੱਜ ਨੇ ਮੈਕਗਿਲ ਯੂਨੀਵਰਿਸਟੀ ਵਿਚ ਫ਼ਲਸਤੀਨ ਪੱਖੀ ਸਮੂਹਾਂ ਵੱਲੋਂ ਲਾਏ ਡੇਰਿਆਂ ਨੂੰ ਹਟਵਾਉਣ ਲਈ ਦੂਜੇ ਪੱਖ ਦੇ ਵਕੀਲ ਵੱਲੋਂ ਦਾਇਰ ਅਦਾਲਤੀ ਹੁਕਮ ਪ੍ਰਾਪਤ ਕਰਨ ਦੀ ਬੇਨਤੀ ਰੱਦ ਕਰ ਦਿੱਤੀ ਹੈ।

ਪ੍ਰਦਰਸ਼ਨਕਾਰੀ ਸ਼ਨੀਵਾਰ ਦੁਪਹਿਰ ਤੋਂ ਕੈਂਪਸ ਵਿੱਚ ਮੌਜੂਦ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਯੂਨੀਵਰਸਿਟੀ ਵਿਚ ਡੇਰੇ ਲਾਈ ਰੱਖਣ ਲਈ ਦ੍ਰਿੜ ਹਨ ਜਦੋਂ ਤੱਕ ਯੂਨੀਵਰਸਿਟੀ ਇਜ਼ਰਾਈਲ ਵਿੱਚ ਵਪਾਰਕ ਹਿੱਤਾਂ ਵਾਲੀਆਂ ਕੰਪਨੀਆਂ ਤੋਂ ਵੱਖ ਨਹੀਂ ਹੋ ਜਾਂਦੀ।

ਮੈਕਗਿਲ ਦੇ ਦੋ ਵਿਦਿਆਰਥੀਆਂ ਨੇ ਮੰਗਲਵਾਰ ਨੂੰ ਇੱਕ ਜੱਜ ਨੂੰ ਮੈਕਗਿਲ ਦੀਆਂ ਇਮਾਰਤਾਂ ਦੇ 100 ਮੀਟਰ ਦੇ ਦਾਇਰੇ ਅੰਦਰ ਵਿਰੋਧ ਪ੍ਰਦਰਸ਼ਨਾਂ ਨੂੰ ਮਨ੍ਹਾ ਕਰਨ ਦੀ ਬੇਨਤੀ ਦਾਇਰ ਕੀਤੀ ਸੀ। ਅਦਾਲਤ ਵਿਚ ਪੰਜ ਫ਼ਲਸਤੀਨ ਸਮਰਥਕ ਸਮੂਹਾਂ ਦਾ ਨਾਮ ਦਰਜ ਕੀਤਾ ਗਿਆ ਸੀ।

ਮੁੱਦਈਆਂ ਦਾ ਦੋਸ਼ ਹੈ ਕਿ ਫ਼ਲਸਤੀਨ ਪੱਖੀ ਸਮੂਹਾਂ ਨੇ ਕੈਂਪਸ ਵਿੱਚ ਨਫ਼ਰਤ ਦਾ ਮਾਹੌਲ ਬਣਾਇਆ ਹੈ, ਜੋ ਉਹਨਾਂ ਅਨੁਸਾਰ, ਉਹਨਾਂ ਦਾ ਕਲਾਸਾਂ ਅਤੇ ਇਮਤਿਹਾਨਾਂ ਵਿੱਚ ਸ਼ਾਮਲ ਹੋਣਾ ਅਸੁਵਿਧਾਜਨਕ ਬਣਾ ਰਿਹਾ ਹੈ। ਉਹ ਇਹ ਵੀ ਦੋਸ਼ ਲਗਾਉਂਦੇ ਹਨ ਕਿ ਉਨ੍ਹਾਂ ਨੂੰ ਬਚਾਓ ਪੱਖ ਤੋਂ ਪਰੇਸ਼ਾਨੀ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੈ।

ਅਦਾਲਤ ਵਿੱਚ ਕੋਈ ਵੀ ਦੋਸ਼ ਸਾਬਤ ਨਹੀਂ ਹੋਇਆ ਹੈ।

30 ਅਪ੍ਰੈਲ 2024 ਨੂੰ ਮੌਂਟਰੀਅਲ ਵਿੱਖੇ ਮੈਕਗਿਲ ਯੂਨੀਵਰਸਿਟੀ ਦੇ ਕੈਂਪਸ ਵਿਚ ਮੌਜੂਦ ਫ਼ਲਸਤੀਨ ਪੱਖੀ ਕਾਰਕੁਨ।

30 ਅਪ੍ਰੈਲ 2024 ਨੂੰ ਮੌਂਟਰੀਅਲ ਵਿੱਖੇ ਮੈਕਗਿਲ ਯੂਨੀਵਰਸਿਟੀ ਦੇ ਕੈਂਪਸ ਵਿਚ ਮੌਜੂਦ ਫ਼ਲਸਤੀਨ ਪੱਖੀ ਕਾਰਕੁਨ।

ਤਸਵੀਰ: (Ryan Remiorz/The Canadian Press)

ਬੁੱਧਵਾਰ ਦੇ ਫੈਸਲੇ ਵਿੱਚ, ਜਸਟਿਸ ਚੈਂਟਲ ਮੈਸੇ ਨੇ ਲਿਖਿਆ ਕਿ ਮੁਦਈ ਇਹ ਦਿਖਾਉਣ ਵਿੱਚ ਅਸਫਲ ਰਹੇ ਕਿ ਵਿਰੋਧ ਪ੍ਰਦਰਸ਼ਨ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾ ਰਹੇ ਹਨ, ਅਤੇ ਨਾ ਹੀ ਇਸ ਸਮੇਂ ਕੋਈ ਸੰਕੇਤ ਹੈ ਕਿ ਪ੍ਰਦਰਸ਼ਨਕਾਰੀ ਪ੍ਰੀਖਿਆਵਾਂ ਜਾਂ ਮੈਕਗਿਲ ਦੀਆਂ ਇਮਾਰਤਾਂ ਤੱਕ ਪਹੁੰਚ ਨੂੰ ਰੋਕਣ ਦਾ ਇਰਾਦਾ ਰੱਖਦੇ ਹਨ।

ਜੱਜ ਨੇ ਇਹ ਵੀ ਕਿਹਾ ਕਿ ਅਦਾਲਤੀ ਫ਼ਰਮਾਨ ਦੀ ਬੇਨਤੀ ਬਹੁਤ ਵਿਆਪਕ ਅਤੇ ਪ੍ਰਤਿਬੰਧਿਤ ਸੀ, ਕਿਉਂਕਿ ਇਸ ਨਾਲ 154 ਮੈਕਗਿਲ ਇਮਾਰਤਾਂ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਨ ਦੇ ਅਧਿਕਾਰ ਨੂੰ ਸੀਮਤ ਕਰਨਾ ਪੈਂਦਾ।

ਅਦਾਲਤ ਦਾ ਨਜ਼ਰੀਆ ਹੈ ਕਿ ਅਸੁਵਿਧਾਵਾਂ ਦਾ ਸੰਤੁਲਨ ਪ੍ਰਦਰਸ਼ਨਕਾਰੀਆਂ ਵੱਲ ਜ਼ਿਆਦਾ ਝੁਕਦਾ ਹੈ, ਜਿਨ੍ਹਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਅਤੇ ਸ਼ਾਂਤੀਪੂਰਵਕ ਇਕੱਠੇ ਹੋਣ 'ਤੇ ਕਾਫ਼ੀ ਅਸਰ ਪਵੇਗਾ

ਜੱਜ ਨੇ ਕਿਹਾ ਕਿ ਮੁਦਈ ਨੇ ਖੁਦ ਪਰੇਸ਼ਾਨੀ, ਹਿੰਸਕ ਕਾਰਵਾਈਆਂ ਜਾਂ ਧਮਕੀਆਂ ਦਾ ਸਾਹਮਣਾ ਨਹੀਂ ਕੀਤਾ ਹੈ। ਉਹਨਾਂ ਇਹ ਵੀ ਲਿਖਿਆ ਕਿ ਉਹਨਾਂ ਨੂੰ ਸਿਰਫ ਮੁਦਈਆਂ ਦੇ ਹਿੱਤਾਂ 'ਤੇ ਵਿਚਾਰ ਕਰਨ ਦੀ ਲੋੜ ਹੈ - ਜਨਤਾ ਦੇ ਨਹੀਂ।

ਅਦਾਲਤੀ ਫ਼ੈਸਲਾ ਇਸ ਗੱਲ 'ਤੇ ਸਵਾਲ ਖੜ੍ਹੇ ਕਰਦਾ ਹੈ ਕਿ ਡੇਰੇ ਦੇ ਪੰਜ ਦਿਨ ਬਾਅਦ ਅੱਗੇ ਕੀ ਹੋਵੇਗਾ। ਮੈਕਗਿਲ ਕੈਂਪਸ ਵਿਖੇ ਪ੍ਰਦਰਸ਼ਨ ਉੱਤਰੀ ਅਮਰੀਕਾ ਦੀਆਂ ਦਰਜਨਾਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਮੰਗਲਵਾਰ ਰਾਤ ਨੂੰ, ਨਿਊ ਯਾਰਕ ਪੁਲਿਸ ਦੇ ਅਧਿਕਾਰੀਆਂ ਨੇ ਕੋਲੰਬੀਆ ਯੂਨੀਵਰਸਿਟੀ ਦੀ ਇੱਕ ਇਮਾਰਤ 'ਤੇ ਕਾਰਵਾਈ ਕੀਤੀ ਜਿਸ 'ਤੇ ਪ੍ਰਦਰਸ਼ਨਕਾਰੀਆਂ ਨੇ ਕਬਜ਼ਾ ਕਰ ਲਿਆ ਸੀ ਅਤੇ ਪੁਲਿਸ ਨੇ ਦਰਜਨਾਂ ਗ੍ਰਿਫਤਾਰੀਆਂ ਵੀ ਕੀਤੀਆਂ।

ਮੌਂਟਰੀਅਲ ਪੁਲਿਸ (SPVM) ਕਈ ਵਾਰੀ ਕਹਿ ਚੁੱਕੀ ਹੈ ਕਿ ਮੈਕਗਿਲ ਯੂਨੀਵਰਸਿਟੀ ਵਿਚ ਚਲ ਰਹੇ ਪ੍ਰਦਰਸ਼ਨ ਸ਼ਾਂਤੀਪੂਰਨ ਹਨ।

ਐਂਟੋਨੀ ਨੈਰੇਸਟੈਂਟ, ਵੈਰਿਟੀ ਸਟੀਵਨਸਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ