1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਸਡਬਰੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੌਕਰੀ ਲੱਭਣਾ ਮੁਸ਼ਕਿਲ: ਇੱਕ ਨਵੇਂ ਪਰਵਾਸੀ ਦਾ ਅਨੁਭਵ

ਸਡਬਰੀ ਦੀ YMCA ਅਨੁਸਾਰ ਹਰ ਮਹੀਨੇ ਤਕਰੀਬਨ 500 ਅੰਤਰਰਾਸ਼ਟਰੀ ਵਿਦਿਆਰਥੀ ਕੰਮ ਦੀ ਭਾਲ ਲਈ ਉਹਨਾਂ ਨਾਲ ਸੰਪਰਕ ਕਰ ਰਹੇ ਹਨ

ਵਿਨੇ ਖੋਖਰ 2 ਸਾਲ ਪਹਿਲਾਂ ਭਾਰਤ ਤੋਂ ਕੈਨੇਡਾ ਦੇ ਸਡਬਰੀ ਸ਼ਹਿਰ ਆਇਆ ਸੀ। ਉਹ ਕਹਿੰਦਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੰਮ ਲੱਭਣ ਵਿਚ ਦਿੱਕਤ ਆ ਰਹੀ ਹੈ।

ਵਿਨੇ ਖੋਖਰ 2 ਸਾਲ ਪਹਿਲਾਂ ਭਾਰਤ ਤੋਂ ਕੈਨੇਡਾ ਦੇ ਸਡਬਰੀ ਸ਼ਹਿਰ ਆਇਆ ਸੀ। ਉਹ ਕਹਿੰਦਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੰਮ ਲੱਭਣ ਵਿਚ ਦਿੱਕਤ ਆ ਰਹੀ ਹੈ।

ਤਸਵੀਰ: CBC

RCI

2 ਸਾਲ ਪਹਿਲਾਂ ਵਿਨੇ ਖੋਖਰ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵੱਜੋਂ ਭਾਰਤ ਤੋਂ ਓਨਟੇਰਿਓ ਦੇ ਸਡਬਰੀ ਸ਼ਹਿਰ ਪਹੁੰਚਿਆ ਸੀ ਅਤੇ ਉਸਨੂੰ ਮੈਕਡੌਨਲਡਜ਼ ਵਿਚ ਇੱਕ ਪਾਰਟ-ਟਾਈਮ ਨੌਕਰੀ ਲੈਣ ਵਿਚ 1 ਮਹੀਨਾ ਲੱਗਿਆ ਸੀ।

ਉਹ ਕਹਿੰਦਾ ਹੈ ਕਿ ਉਸਨੂੰ ਨੌਕਰੀ ਦੀ ਸਖ਼ਤ ਜ਼ਰੂਰਤ ਸੀ ਅਤੇ ਉਹ ਤਕਰੀਬਨ ਹਰ ਥਾਂ, ਹਰ ਰੈਸਟੋਰੈਂਟ ਵਿਚ ਆਪਣੀ ਰੈਜ਼ਿਊਮੇ ਦਿਆ ਕਰਦਾ।

ਖੋਖਰ ਸਡਬਰੀ ਦੇ ਕੈਂਬਰੀਅਨ ਕਾਲਜ ਆਇਆ ਸੀ। ਹੁਣ ਉਹ ਇੱਕ ਪਰਸਨਲ ਸਪੋਰਟ ਵਰਕਰ ਹੈ ਅਤੇ ਨਾਲ ਹੀ ਉਸਨੇ ਮੈਕਡੌਨਲਡਜ਼ ਦੀ ਨੌਕਰੀ ਵੀ ਜਾਰੀ ਰੱਖੀ ਹੈ, ਜਿੱਥੇ ਹੁਣ ਉਹ ਭਰਤੀ ਵਿਭਾਗ ਦਾ ਮੈਨੇਜਰ ਹੈ।

ਉਹ ਕਹਿੰਦਾ ਹੈ ਕਿ ਉਸਦੇ ਸਟੋਰ ਵਿਚ ਹਰ ਰੋਜ਼ ਤਕਰੀਬਨ 4 ਤੋਂ 5 ਲੋਕ ਕੰਮ ਕਰਨ ਦੀ ਇੱਛਾ ਜ਼ਾਹਰ ਕਰਦਿਆਂ ਆਪਣੇ ਰੈਜ਼ਿਊਮੇ ਛੱਡ ਕੇ ਜਾਂਦੇ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਨੌਜਵਾਨ ਅੰਤਰਰਾਸ਼ਟਰੀ ਵਿਦਿਆਰਥੀ ਹੁੰਦੇ ਹਨ।

ਵਿਨੇ ਨੇ ਕਿਹਾ, ਜਦੋਂ ਮੈਂ ਪਿਛਲੀ ਵਾਰੀ ਇੰਟਰਵਿਊ ਲਿੱਤੀ ਸੀ, ਤਾਂ ਉਦੋਂ ਤਕਰੀਬਨ 40 ਤੋਂ 45 ਅੰਤਰਰਾਸ਼ਟਰੀ ਵਿਦਿਆਰਥੀ ਸਨ ਜਿਹੜੇ ਨੌਕਰੀ ਲੱਭ ਰਹੇ ਸਨ

ਅਤੇ ਉਨ੍ਹਾਂ ਵਿਚੋਂ ਤਕਰੀਬਨ ਸਾਰਿਆਂ ਨੂੰ ਇੱਥੇ ਪਹੁੰਚਿਆਂ ਚਾਰ ਤੋਂ ਛੇ ਮਹੀਨੇ ਬੀਤ ਚੁੱਕੇ ਸਨ ਅਤੇ ਉਨ੍ਹਾਂ ਕੋਲ ਕੋਈ ਨੌਕਰੀ ਨਹੀਂ ਸੀ

ਸਡਬਰੀ ਵਿੱਖੇ YMCA ਸੰਸਥਾ ਵਿਚ ਨੌਕਰੀਆਂ ਅਤੇ ਇਮੀਗ੍ਰੇਸ਼ਨ ਸੇਵਾ ਵਿਭਾਗ ਦੀ ਮੈਨੇਜਰ, ਨੈਨਸੀ ਰੀਵੈਸਟ ਦਾ ਕਹਿਣਾ ਹੈ ਕਿ ਇਸ ਸਮੇਂ ਸਡਬਰੀ ਵਿਚ ਕਰੀਬ 5,000 ਅੰਤਰਰਾਸ਼ਟਰੀ ਵਿਦਿਆਰਥੀ ਹਨ ਅਤੇ ਉਨ੍ਹਾਂ ਵਿਚੋਂ ਵੱਡੀ ਗਿਣਤੀ ਨੂੰ ਨੌਕਰੀ ਦੀ ਤਲਾਸ਼ ਹੈ।

ਨੈਨਸੀ ਅਨੁਸਾਰ ਉਨ੍ਹਾਂ ਕੋਲ ਮਹੀਨੇ ਵਿਚ ਤਕਰੀਬਨ 500 ਅੰਤਰਰਾਸ਼ਟਰੀ ਵਿਦਿਆਰਥੀ ਆਉਂਦੇ ਹਨ ਅਤੇ ਕਦੇ ਕਦੇ ਤਾਂ ਇਹ ਗਿਣਤੀ ਇਸ ਨਾਲੋਂ ਵੀ ਵਧ ਜਾਂਦੀ ਹੈ।

ਨੈਨਸੀ ਅਨੁਸਾਰ ਕੁਝ ਵਿਦਿਆਰਥੀਆਂ ਤਾਂ ਜਦੋਂ ਤੀਕਰ ਸਡਬਰੀ ਹੁੰਦੇ ਹਨ, ਕੰਮ ਦੀ ਭਾਲ ਹੀ ਕਰਦੇ ਰਹਿੰਦੇ ਹਨ, ਪਰ ਕੁਝ ਨੂੰ ਮੁਕਾਬਲਾਤਨ ਜਲਦੀ ਕੰਮ ਮਿਲ ਜਾਂਦਾ ਹੈ।

YMCA ਵਿੱਖੇ ਨੈਨਸੀ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡੀਅਨ ਜੌਬ ਮਾਰਕੀਟ ਅਤੇ ਨੌਕਰੀਦਾਤਾਵਾਂ ਦੀਆਂ ਲੋੜਾਂ ਨੂੰ ਸਮਝਣ ਵਿਚ ਮਦਦ ਕਰਦੀ ਹੈ।

ਸਡਬਰੀ ਦੀ YMCA, ਜੋ ਕਿ ਨੌਕਰੀਆਂ ਲੱਭਣ ਅਤੇ ਸੈਟਲਮੈਂਟ ਸੇਵਾਵਾਂ ਦੇਣ ਵਾਲੀ ਇੱਕ ਸੰਸਥਾ ਹੈ, ਅਨੁਸਾਰ ਉਨ੍ਹਾਂ ਕੋਲ ਹਰ ਮਹੀਨੇ ਤਕਰੀਬਨ ਅੰਤਰਰਾਸ਼ਟਰੀ ਵਿਦਿਆਰਥੀ ਕੰਮ ਲਈ ਸੰਪਰਕ ਕਰ ਰਹੇ ਹਨ।

ਸਡਬਰੀ ਦੀ YMCA, ਜੋ ਕਿ ਨੌਕਰੀਆਂ ਲੱਭਣ ਅਤੇ ਸੈਟਲਮੈਂਟ ਸੇਵਾਵਾਂ ਦੇਣ ਵਾਲੀ ਇੱਕ ਸੰਸਥਾ ਹੈ, ਅਨੁਸਾਰ ਉਨ੍ਹਾਂ ਕੋਲ ਹਰ ਮਹੀਨੇ ਤਕਰੀਬਨ ਅੰਤਰਰਾਸ਼ਟਰੀ ਵਿਦਿਆਰਥੀ ਕੰਮ ਲਈ ਸੰਪਰਕ ਕਰ ਰਹੇ ਹਨ।

ਤਸਵੀਰ: (Jonathan Migneault/CBC)

ਨੈਨਸੀ ਨੇ ਕਿਹਾ ਕਿ ਕਈ ਵਾਰੀ ਵਿਦਿਆਰਥੀਆਂ ਨੂੰ ਰਿਜ਼ਿਊਮੇ ਬਣਾਉਣ ਵਿਚ ਮਦਦ ਕਰਨੀ ਪੈਂਦੀ ਹੈ ਕਿਉਂਕਿ ਵੱਖ-ਵੱਖ ਦੇਸ਼ਾਂ ਵਿਚ ਰਿਜ਼ਿਊਮੇ ਬਣਾਉਣ ਦੇ ਤਰੀਕੇ ਵੱਖ ਵੱਖ ਹਨ।

ਸਡਬਰੀ ਵਿੱਖੇ, ਸਪਾਰਕ ਇੰਪਲੋਇਮੈਂਟ ਸਰਵਿਸੇਜ਼ ਦੀ ਮੈਨੇਜਰ, ਧਵਨੀ ਭਾਟੀਆ ਨੇ ਕਿਹਾ ਕਿ ਕੰਮ ਲੱਭ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਥੋੜੇ ਸਬਰ ਅਤੇ ਲੋੜ ਅਨੁਸਾਰ ਆਪਣੇ ਹੁਨਰ ਨੂੰ ਅਪਗ੍ਰੇਡ ਕਰਨ ਦੀ ਜ਼ਰੂਰਤ ਹੈ।

ਉਸਨੇ ਕਿਹਾ, ਆਪਣੇ ਹੁਨਰ ਵਿਚ ਭਰੋਸਾ ਰੱਖੋ ਅਤੇ ਆਪਣੇ ਨੌਕਰੀਦਾਤਾ ਨੂੰ ਇਹ ਸਾਬਤ ਕਰੋ

ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਦੇ ਘੰਟਿਆਂ ਵਿਚ ਕਟੌਤੀ

ਫ਼ੈਡਰਲ ਸਰਕਾਰ ਨੇ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਲਈ ਕੋਵਿਡ-19 ਮਹਾਂਮਾਰੀ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਦੇ ਘੰਟਿਆਂ ‘ਤੇ 20-ਘੰਟੇ ਪ੍ਰਤੀ ਹਫ਼ਤਾ ਦੀ ਸੀਮਾ ਨੂੰ ਅਸਥਾਈ ਤੌਰ ‘ਤੇ ਹਟਾ ਦਿੱਤਾ ਸੀ, ਤੇ ਵਿਦਿਆਰਥੀ 40 ਘੰਟਿਆਂ ਦੀ ਫ਼ੁਲ-ਟਾਈਮ ਨੌਕਰੀ ਵੀ ਕਰ ਸਕਦੇ ਸਨ।

ਪਰ ਨਵੇਂ ਨਿਯਮਾਂ ਤਹਿਤ ਇਸ ਫ਼ੌਲ ਸੀਜ਼ਨ ਤੋਂ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਤੀ ਹਫ਼ਤਾ 24 ਘੰਟਿਆਂ ਤੱਕ ਹੀ ਕੰਮ ਕਰ ਸਕਦੇ ਹਨ।

ਅਪ੍ਰੈਲ ਦੌਰਾਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਹ ਨਵਾਂ ਐਲਾਨ ਕਰਦਿਆਂ ਕਿਹਾ ਸੀ, “ਸਪੱਸ਼ਟ ਕਰ ਦਵਾਂ, ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦਾ ਉਦੇਸ਼ ਪੜ੍ਹਾਈ ਕਰਨਾ ਹੈ ਨਾ ਕਿ ਕੰਮ ਕਰਨਾ ਹੈ”।

ਵਿਨੇ ਕਹਿੰਦਾ ਹੈ ਕਿ ਉਹ ਇਸ ਗੱਲ ਨਾਲ ਸਹਿਮਤ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੁੱਖ ਤਰਜੀਹ ਪੜ੍ਹਾਈ ਹੋਣੀ ਚਾਹੀਦੀ ਹੈ, ਪਰ ਉਸਨੇ ਕਿਹਾ ਕਿ ਨਵੀਆਂ ਪਾਬੰਦੀਆਂ ਕਈਆਂ ਲਈ ਪੜ੍ਹਾਈ ਦੌਰਾਨ ਕੈਨੇਡਾ ਵਿਚ ਰਹਿਣਾ ਮੁਸ਼ਕਿਲ ਬਣਾ ਦੇਣਗੀਆਂ।

ਉਸਨੇ ਕਿਹਾ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਹਫ਼ਤੇ ਵਿਚ 20 ਘੰਟੇ ਕੰਮ ਕਰਕੇ ਗੁਜ਼ਾਰਾ ਕਰ ਪਾਏਗਾ, ਅਤੇ ਉਹ ਵੀ ਮਿਨਿਮਮ ਵੇਜ ‘ਤੇ ਕੰਮ ਕਰਕੇ

ਐਰਿਕਾ ਕੋਰੋਸਟਿਲ, ਜੌਨਾਥਨ ਮਿਗਨੌਲਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ