1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਫ਼ੈਡਰਲ ਸਰਕਾਰ ਸੀਐਨ ਰੇਲ ਕੋਲੋਂ ਖ਼ਰੀਦੇਗੀ ਇਤਿਹਾਸਕ ‘ਕਿਊਬੈਕ ਬ੍ਰਿਜ’ ਦੀ ਮਲਕੀਅਤ

ਦੁਨੀਆ ਦਾ ਸਭ ਤੋਂ ਵੱਡਾ ਕੈਂਟੀਲਿਵਰ ਪੁਲ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ 15 ਮਈ 2024 ਨੂੰ ਕਿਊਬੈਕ ਸਿਟੀ ਵਿੱਖੇ ਫ਼ੈਡਰਲ ਸਰਕਾਰ ਵੱਲੋਂ ਕੈਨੇਡੀਅਨ ਨੈਸ਼ਨਲ ਰੇਲਵੇ ਤੋਂ ਕਿਊਬੈਕ ਬ੍ਰਿਜ ਖ਼ਰੀਦਣ ਦੇ ਸਮਝੌਤੇ ਦਾ ਐਲਾਨ ਕਰਦੇ ਹੋਏ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ 15 ਮਈ 2024 ਨੂੰ ਕਿਊਬੈਕ ਸਿਟੀ ਵਿੱਖੇ ਫ਼ੈਡਰਲ ਸਰਕਾਰ ਵੱਲੋਂ ਕੈਨੇਡੀਅਨ ਨੈਸ਼ਨਲ ਰੇਲਵੇ ਤੋਂ ਕਿਊਬੈਕ ਬ੍ਰਿਜ ਖ਼ਰੀਦਣ ਦੇ ਸਮਝੌਤੇ ਦਾ ਐਲਾਨ ਕਰਦੇ ਹੋਏ।

ਤਸਵੀਰ: THE CANADIAN PRESS/Jacques Boissinot

RCI

ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਸਨੇ ਕਿਊਬੈਕ ਸਿਟੀ ਵਿੱਚ ਇਤਿਹਾਸਕ ਕਿਊਬੈਕ ਬ੍ਰਿਜ ਦੀ ਜ਼ਿੰਮੇਵਾਰੀ ਆਪਣੇ ਹੱਥ ਕਰਨ ਲਈ ਕੈਨੇਡੀਅਨ ਨੈਸ਼ਨਲ ਰੇਲਵੇ (ਸੀਐਨ) ਨਾਲ $1 ਬਿਲੀਅਨ ਦਾ ਇਕਰਾਰਨਾਮਾ ਕੀਤਾ ਹੈ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕਿਊਬੈਕ ਸਿਟੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਫ਼ੈਡਰਲ ਅਗਲੇ 25 ਸਾਲਾਂ ਵਿੱਚ ਪੁਲ ਦੀ ਮੁਰੰਮਤ, ਮੁੜ ਪੇਂਟ ਅਤੇ ਇਸਦੇ ਰੱਖ-ਰਖਾਅ ਲਈ 1 ਬਿਲੀਅਨ ਡਾਲਰ ਖ਼ਰਚ ਕਰੇਗੀ, ਜਿਸ ਨਾਲ ਇਹ ਪੁਲ ਆਉਂਦੇ ਦਹਾਕਿਆਂ ਤੱਕ ਟਿਕਿਆ ਰਹੇਗਾ।

ਕਿਊਬੈਕ ਬ੍ਰਿਜ, ਜਿਸ ਨੂੰ ਫ੍ਰੈਂਚ ਵਿੱਚ ਪੋਂਟ ਡੇ ਕਿਊਬੈਕ ਕਿਹਾ ਜਾਂਦਾ ਹੈ, ਸੇਂਟ ਲੌਰੈਂਸ ਨਦੀ ‘ਤੇ ਬਣਿਆ 549 ਮੀਟਰ ਦਾ ਪੁਲ ਹੈ, ਜੋ ਕਿਊਬੈਕ ਸਿਟੀ ਨੂੰ ਇਸਦੇ ਦੱਖਣੀ ਕਿਨਾਰੇ ‘ਤੇ ਵੱਸੇ ਉਪਨਗਰਾਂ ਨਾਲ ਜੋੜਦਾ ਹੈ। ਇਹ ਦੁਨੀਆ ਦਾ ਸਭ ਤੋਂ ਲੰਬਾ ਕੈਂਟੀਲੀਵਰ ਪੁਲ ਹੈ।

ਭਾਵੇਂ ਫ਼ੈਡਰਲ ਸਰਕਾਰ ਪੁਲ ਦੀ ਮਾਲਕ ਹੋਵੇਗੀ, ਇਕਰਾਰਨਾਮਾ ਕਹਿੰਦਾ ਹੈ ਕਿ ਸੀਐਨ ਅਤੇ ਕਿਊਬੈਕ ਸਰਕਾਰ ਪੁਲ 'ਤੇ ਰੇਲ ਅਤੇ ਰੋਡਵੇਅ ਦੀ ਜ਼ਿੰਮੇਵਾਰੀ ਅਤੇ ਮਾਲਕੀ ਨੂੰ ਬਰਕਰਾਰ ਰੱਖਣਗੀਆਂ। ਕਿਊਬੈਕ ਬ੍ਰਿਜ ਨੂੰ ਰੋਜ਼ਾਨਾ 33,000 ਵਾਹਨਾਂ ਦੁਆਰਾ ਪਾਰ ਕੀਤਾ ਜਾਂਦਾ ਹੈ।

ਕਿਊਬੈਕ ਬ੍ਰਿਜ ਦਾ ਇੱਕ ਦ੍ਰਿਸ਼

ਕਿਊਬੈਕ ਬ੍ਰਿਜ ਦਾ ਇੱਕ ਦ੍ਰਿਸ਼

ਤਸਵੀਰ: Radio-Canada / Geneviève Poulin

ਇਹ ਪੁਲ 1917 ਵਿੱਚ ਖੋਲ੍ਹਿਆ ਗਿਆ ਸੀ ਅਤੇ ਇਸਨੂੰ 1995 ਵਿੱਚ ਇਸਦੀ ਲੰਬਾਈ ਦੇ ਕਾਰਨ ਇੱਕ ਰਾਸ਼ਟਰੀ ਇਤਿਹਾਸਕ ਸਥਾਨ ਵਜੋਂ ਮਨੋਨੀਤ ਕੀਤਾ ਗਿਆ ਸੀ। ਇਹ ਉੱਤਰੀ ਅਮਰੀਕਾ ਵਿੱਚ ਨਿਕਲ ਅਤੇ ਸਟੀਲ ਦਾ ਬਣਿਆ ਪਹਿਲਾ ਵੱਡਾ ਪੁਲ ਸੀ।

ਇਸ ਦਾ ਨਿਰਮਾਣ ਤ੍ਰਾਸਦੀ ਨਾਲ ਵੀ ਜੁੜਿਆ ਰਿਹਾ। 1907 ਵਿਚ ਇਸਦੇ ਢਹਿਣ ਨਾਲ 76 ਮਜ਼ਦੂਰਾਂ ਦੀ ਮੌਤ ਹੋ ਗਈ ਸੀ ਅਤੇ 1916 ਵਿੱਚ ਇੱਕ ਦੂਜਾ ਹਾਦਸਾ ਹੋਇਆ ਜਿਸ ਵਿੱਚ 13 ਲੋਕਾਂ ਦੀ ਮੌਤ ਹੋ ਗਈ ਸੀ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ -ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ