1. ਮੁੱਖ ਪੰਨਾ
  2. ਅਰਥ-ਵਿਵਸਥਾ

‘ਗ੍ਰੀਨਵਾਸ਼ਿੰਗ’ ਦੇ ਇਲਜ਼ਾਮਾਂ ਕਰਕੇ ਕੰਪਟੀਸ਼ਨ ਬਿਊਰੋ ਵੱਲੋਂ ਲੂਲੂਲੈਮਨ ਦੀ ਜਾਂਚ ਸ਼ੁਰੂ

stand.earth ਨੌਨ ਪ੍ਰਾਫ਼ਿਟ ਸੰਸਥਾ ਨੇ ਕੰਪਨੀ 'ਤੇ ਗ੍ਰੀਨਹਾਊਸ ਗੈਸਾਂ ਘਟਾਉਣ ਦਾ ਵਾਅਦਾ ਤੋੜਨ ਦਾ ਇਲਜ਼ਾਮ ਲਗਾਇਆ

ਟੋਰੌਂਟੋ ਦੇ ਈਟਨ ਸੈਂਟਰ ਮੌਲ ਵਿਚ ਸਥਿਤ ਲੂਲੂਲੈਮਨ ਸਟੋਰ ਦੀ ਫ਼ਾਈਲ ਤਸਵੀਰ।

ਟੋਰੌਂਟੋ ਦੇ ਈਟਨ ਸੈਂਟਰ ਮੌਲ ਵਿਚ ਸਥਿਤ ਲੂਲੂਲੈਮਨ ਸਟੋਰ ਦੀ ਫ਼ਾਈਲ ਤਸਵੀਰ।

ਤਸਵੀਰ: Reuters / Carlos Osorio

RCI

ਕੈਨੇਡਾ ਦੇ ਕੰਪਟੀਸ਼ਨ ਬਿਊਰੋ ਦੇ ਬੁਲਾਰੇ ਨੇ ਸੋਮਵਾਰ ਨੂੰ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਬਿਊਰੋ ਨੇ ਕੈਨੇਡੀਅਨ ਬਹੁ-ਰਾਸ਼ਟਰੀ ਕੰਪਨੀ ਲੂਲੂਲੈਮਨ ਦੀ, ਉਸਦੀਆਂ ਮਾਰਕੀਟਿੰਗ ਮੁਹਿੰਮਾਂ ਦੌਰਾਨ ਕੀਤੇ ਵਾਤਾਵਰਨ ਸੰਬੰਧੀ ਦਾਅਵਿਆਂ ਦੀ ਰਸਮੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੈਰੀਐਨ ਬਲੌਨਡਿਨ ਨੇ ਇੱਕ ਈਮੇਲ ਵਿਚ ਪੁਸ਼ਟੀ ਕੀਤੀ ਹੈ ਕਿ ਬਿਊਰੋ ਨੇ ਕੰਪਟੀਸ਼ਨ ਐਕਟ ਦੇ ਤਹਿਤ ਝੂਠੇ ਦਾਅਵੇ ਕਰਨ ਵਾਲੇ ਮਾਰਕੀਟਿੰਗ ਅਭਿਆਸਾਂ ਦੀ ਜਾਂਚ ਸ਼ੁਰੂ ਕੀਤੀ ਹੈ।

ਉਨ੍ਹਾਂ ਕਿਹਾ, ਇਸ ਸਮੇਂ ਕੋਈ ਗੜਬੜੀ ਨਿਰਧਾਰਿਤ ਨਹੀਂ ਕੀਤੀ ਗਈ ਹੈ। ਕਿਉਂਕਿ ਬਿਊਰੋ ਕਾਨੂੰਨ ਦੁਆਰਾ ਆਪਣੇ ਕੰਮ ਨੂੰ ਗੁਪਤ ਤਰੀਕੇ ਨਾਲ ਕਰਨ ਲਈ ਜ਼ਿੰਮੇਵਾਰ ਹੈ, ਮੈਂ ਇਸ ਸਮੇਂ ਇਸ ਕੇਸ ਬਾਰੇ ਹੋਰ ਵੇਰਵੇ ਨਹੀਂ ਦੇ ਸਕਦੀ

Stand.earth ਨਾਂ ਦੀ ਇੱਕ ਨੌਨ-ਪ੍ਰਾਫ਼ਿਟ ਸੰਸਥਾ ਨੇ ਲੂਲੂਲੈਮਨ ‘ਤੇ ਗ੍ਰੀਨਵਾਸ਼ਿੰਗ ਦਾ ਇਲਜ਼ਾਮ ਲਗਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਸੀ।

ਸੌਖੇ ਸ਼ਬਦਾਂ ਵਿਚ, ਆਪਣੇ ਉਤਪਾਦਾਂ ਨੂੰ ਵੇਚਣ ਲਈ ਇਸ਼ਤਿਹਾਰਾਂ ਵਿੱਚ ਵਾਤਾਵਰਣ ਸੰਬੰਧੀ ਝੂਠੇ ਦਾਅਵੇ ਕਰਨ ਦੇ ਗੁੰਮਰਾਹਕੁੰਨ ਅਭਿਆਸ ਨੂੰ ਗ੍ਰੀਨਵਾਸ਼ਿੰਗ ਕਿਹਾ ਜਾਂਦਾ ਹੈ।

ਫ਼ਰਵਰੀ ਵਿਚ ਦਾਇਰ ਸ਼ਿਕਾਇਤ ਵਿਚ ਨੌਨ-ਪ੍ਰਾਫ਼ਿਟ ਸੰਸਥਾ ਨੇ ਕਿਹਾ ਸੀ ਕਿ ਲੂਲੂਲੈਮਨ ਨੇ 2020 ਦੀ ਆਪਣੀ ‘ਬੀ ਪਲੈਨੇਟ ਸਸਟੇਨੇਬਿਲੀਟੀ' ਕੈਂਪੇਨ ਵਿਚ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਲਈ ਕੰਮ ਕਰਨ ਦਾ ਅਹਿਦ ਕੀਤਾ ਸੀ, ਪਰ 2022 ਦੀ ਕੰਪਨੀ ਦੀ ਇੱਕ ਰਿਪੋਰਟ (ਨਵੀਂ ਵਿੰਡੋ) ਵਿਚ ਇਸ ਕਲਾਈਮੇਟ ਟੀਚੇ ਪ੍ਰਤੀ ਲੂਲੂਲੈਮਨ ਦੀ ਪ੍ਰਗਤੀ ਵੱਖਰੀ ਤਸਵੀਰ ਪੇਸ਼ ਕਰਦੀ ਹੈ।

ਰਿਪੋਰਟ ਦਰਸਾਉਂਦੀ ਹੈ ਕਿ ਕੰਪਨੀ ਦਾ ਸਕੋਪ 3 ਗ੍ਰੀਨਹਾਊਸ ਗੈਸ ਨਿਕਾਸ, ਜੋਕਿ ਖਪਤਕਾਰਾਂ ਵੱਲੋਂ ਉਤਪਾਦਾਂ ਨੂੰ ਵਰਤਣ ਸਣੇ ਕੰਪਨੀਆਂ ਦੀਆਂ ਗਤੀਵਿਧੀਆਂ ਦੇ ਨਤੀਜੇ ਵੱਜੋਂ ਪੈਦਾ ਹੋਣ ਵਾਲਾ ਅਸਿੱਧਾ ਨਿਕਾਸ ਹੈ, 2020 ਦੇ 471,000 ਟਨ ਤੋਂ ਵਧ ਕੇ 2022 ਵਿਚ 847,400 ਦਰਜ ਹੋਇਆ ਸੀ। ਲੂਲੂਲੈਮਨ ਨੇ ਆਪਣੀ ਰਿਪੋਰਟ ਵਿਚ ਲਿਖਿਆ ਕਿ ਇਸ ਸੈਕਟਰ ਵਿਚ ਤੇਜ਼ੀ ਦੀ ਜ਼ਰੂਰਤ ਹੈ।

ਕੰਪਨੀ ਨੇ 2020 ਵਿੱਚ ਇਹ ਵੀ ਲਿਖਿਆ ਸੀ ਕਿ ਉਹ ਸਸਟੇਨੇਬਲ (ਟਿਕਾਊ) ਸਮੱਗਰੀ ਵਿਕਸਿਤ ਕਰਨ ਲਈ ਨਿਵੇਸ਼ਾਂ ਅਤੇ ਅਜਿਹੀ ਭਾਈਵਾਲੀ ਵੱਲ ਰੁਖ਼ ਕਰਦੀ ਹੈ ਜੋ ਉਤਪਾਦ ਨਵੀਨਤਾ ਅਤੇ ਵਾਤਾਵਰਣ ਨੂੰ ਨੁਕਸਾਨ ਘਟਾਉਣ ਵਿੱਚ ਲੀਡਰਸ਼ਿਪ ਜ਼ਾਹਰ ਕਰਦੇ ਹਨ।

ਲੂਲੁਲੈਮਨ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਕੰਪਟੀਸ਼ਨ ਬਿਊਰੋ ਦੁਆਰਾ ਸਮੀਖਿਆ ਤੋਂ ਜਾਣੂ ਹੈ ਅਤੇ ਕਿਸੇ ਵੀ ਅਗਲੇ ਕਦਮਾਂ ‘ਤੇ ਸਹਿਯੋਗ ਕਰਨ ਲਈ ਵਚਨਬੱਧ ਹੈ

ਬੁਲਾਰੇ ਨੇ ਸੋਮਵਾਰ ਨੂੰ ਸੀਬੀਸੀ ਨਿਊਜ਼ ਨੂੰ ਦਿੱਤੇ ਬਿਆਨ ਵਿੱਚ ਕਿਹਾ, ਸਾਨੂੰ ਭਰੋਸਾ ਹੈ ਕਿ ਇਸਦੀ ਸਮੀਖਿਆ ਇਸ ਗੱਲ ਦੀ ਪੁਸ਼ਟੀ ਕਰੇਗੀ ਕਿ ਅਸੀਂ ਜਨਤਾ ਨੂੰ ਜੋ ਪੇਸ਼ਕਸ਼ ਕਰਦੇ ਹਾਂ ਉਹ ਸਹੀ ਅਤੇ ਚੰਗੀ ਤਰ੍ਹਾਂ ਸਮਰਥਿਤ ਹੈ

ਪਿਛਲੇ ਸਾਲ, ਲੂਲੂਲੈਮਨ ਨੇ ਰੀਸਾਈਕਲ ਕੀਤੇ ਨਾਈਲੋਨ ਅਤੇ ਪੋਲਿਸਟਰ ਤੋਂ ਕੱਪੜੇ ਬਣਾਉਣ ਲਈ ਇੱਕ ਸਟਾਰਟਅੱਪ ਨਾਲ ਸਾਂਝੇਦਾਰੀ ਕੀਤੀ ਸੀ। ਪਰ Stand.earth ਦੀ ਰਿਪੋਰਟ ਕਹਿੰਦੀ ਹੈ ਕਿ ਕੰਪਨੀ ਦੇ ਬਹੁਤ ਸਾਰੇ ਉਤਪਾਦ ਪੌਲਿਸਟਰ ਜਾਂ ਨਾਈਲੋਨ ਨਾਲ ਬਣਾਏ ਜਾਂਦੇ ਹਨ, ਇਹ ਦੋਵੇਂ ਜੈਵਿਕ ਈਂਧਨ ਤੋਂ ਨਿਰਮਿਤ ਸਮੱਗਰੀ ਹਨ।

Stand.earth ਦੇ ਕਾਰਜਕਾਰੀ ਨਿਰਦੇਸ਼ਕ ਟੌਡ ਪੈਗਲੀਆ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਉਹ ਲੂਲੂਲੈਮਨ ਨਾਲ ਇੱਕ ਸੰਤੁਲਿਤ ਹੱਲ ਬਣਾਉਣਾ ਚਾਹੁੰਦੇ ਹਨ ਤਾਂ ਜੋ ਅਸਲ ਵਿਚ ਕੰਪਨੀ ਆਪਣੀ ਸਪਲਾਈ ਚੇਨ ਵਿੱਚ ਜਲਵਾਯੂ ਪ੍ਰਦੂਸ਼ਣ ਨੂੰ ਖਤਮ ਕਰਨ ‘ਤੇ ਫ਼ੋਕਸ ਕਰੇ।

ਜੇ ਉਨ੍ਹਾਂ ਨੇ ਅਜਿਹਾ ਕੀਤਾ, ਤਾਂ ਅਸੀਂ ਆਪਣੀ ਕੰਪਟੀਸ਼ਨ ਬਿਊਰੋ ਦੀ ਸ਼ਿਕਾਇਤ ਵਾਪਸ ਲੈ ਲਵਾਂਗੇ। ਇਹ [ਮਾਮਲਾ] ਨਤੀਜਿਆਂ ਬਾਰੇ ਹੈ, ਲੁਲੂਲੈਮਨ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰਨ ਬਾਰੇ ਨਹੀਂ ਹੈ

ਜੈਨਾ ਬੈਂਚੈਟ੍ਰਿਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ