1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਓਨਟੇਰਿਓ ਲਜਿਸਲੇਚਰ ‘ਚ ਕੈਫ਼ੀਯੇਹ ‘ਤੇ ਲੱਗੀ ਪਾਬੰਦੀ ਚ ਢਿੱਲ, ਪਰ ਹਟਾਈ ਨਹੀਂ ਗਈ ਪਾਬੰਦੀ

ਲੋਕ ਕੈਫ਼ੀਯੇਹ ਪਾ ਕੇ ਇਮਾਰਤ ਚ ਦਾਖ਼ਲ ਹੋ ਸਕਦੇ ਹਨ, ਪਰ ਚੈਂਬਰ ਵਿਚ ਨਹੀਂ

ਸੋਮਵਾਰ ਨੂੰ ਓਨਟੇਰਿਓ ਦੀ ਸੂਬਾਈ ਪਾਰਲੀਮੈਂਟ ਦੇ ਸੁਰੱਖਿਆ ਅਧਿਕਾਰੀ ਟਿਮ ਮੈਕਗਫ਼ ਐਮਪੀਪੀ ਸਾਰਾਹ ਜਾਮਾ ਨਾਲ ਗੱਲ ਕਰਦੇ ਹੋਏ। ਪ੍ਰਸ਼ਨਕਾਲ ਦੌਰਾਨ ਜਾਮਾ ਨੇ ਕੈਫ਼ੀਯੇਹ ਪਹਿਨਿਆ ਹੋਇਆ ਸੀ, ਜਿਸ ਕਰਕੇ ਉਨ੍ਹਾਂ ਨੂੰ ਸਦਨ ਚੋਂ ਬਾਹਰ ਹੋਣ ਦਾ ਹੁਕਮ ਦਿੱਤਾ ਗਿਆ।

ਸੋਮਵਾਰ ਨੂੰ ਓਨਟੇਰਿਓ ਦੀ ਸੂਬਾਈ ਪਾਰਲੀਮੈਂਟ ਦੇ ਸੁਰੱਖਿਆ ਅਧਿਕਾਰੀ ਟਿਮ ਮੈਕਗਫ਼ ਐਮਪੀਪੀ ਸਾਰਾਹ ਜਾਮਾ ਨਾਲ ਗੱਲ ਕਰਦੇ ਹੋਏ। ਪ੍ਰਸ਼ਨਕਾਲ ਦੌਰਾਨ ਜਾਮਾ ਨੇ ਕੈਫ਼ੀਯੇਹ ਪਹਿਨਿਆ ਹੋਇਆ ਸੀ, ਜਿਸ ਕਰਕੇ ਉਨ੍ਹਾਂ ਨੂੰ ਸਦਨ ਚੋਂ ਬਾਹਰ ਹੋਣ ਦਾ ਹੁਕਮ ਦਿੱਤਾ ਗਿਆ।

ਤਸਵੀਰ: (Christopher Katsarov/The Canadian Press)

RCI

ਓਨਟੇਰਿਓ ਦੀ ਲਜਿਸਲੇਟਿਵ ਅਸੈਂਬਲੀ ਦੇ ਸਪੀਕਰ ਦਾ ਕਹਿਣਾ ਹੈ ਕਿ ਸਿਆਸਤਦਾਨਾਂ, ਸਟਾਫ਼ ਅਤੇ ਵਿਜ਼ਿਟ ਕਰਨ ਵਾਲਿਆਂ ਨੂੰ ਕੈਫ਼ੀਯੇਹ ਪਹਿਨ ਕੇ ਇਮਾਰਤ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਹੋਵੇਗੀ, ਪਰ ਉਹਨਾਂ ਨੇ ਲਜਿਸਲੇਟਿਵ ਚੈਂਬਰ ਦੇ ਅੰਦਰ ਇਸ ਸਕਾਰਫ਼ 'ਤੇ ਪਾਬੰਦੀ ਨੂੰ ਬਰਕਰਾਰ ਰੱਖਿਆ ਹੈ।

ਕੈਫ਼ੀਯੇਹ ਚਿੱਟੇ-ਕਾਲੇ ਖਾਨਿਆਂ ਵਾਲਾ ਇੱਕ ਸਕਾਰਫ਼ ਹੁੰਦਾ ਹੈ ਜੋ ਆਮ ਤੌਰ 'ਤੇ ਅਰਬ ਸਭਿਆਚਾਰਾਂ ਵਿੱਚ ਪਹਿਨਿਆ ਜਾਂਦਾ ਹੈ ਪਰ ਫਲਸਤੀਨੀ ਲੋਕਾਂ ਲਈ ਇਸ ਦਾ ਵਿਸ਼ੇਸ਼ ਮਹੱਤਵ ਹੈ। ਸਪੀਕਰ ਟੈਡ ਆਰਨੌਟ ਨੇ ਇੱਕ ਸ਼ਿਕਾਇਤ ਤੋਂ ਬਾਅਦ ਮਾਰਚ ਵਿੱਚ ਇਹ ਕਹਿੰਦੇ ਹੋਏ ਸਕਾਰਫ਼ ‘ਤੇ ਪਾਬੰਦੀ ਲਗਾ ਦਿੱਤੀ ਸੀ ਕਿ ਇਹ ਲਜਿਸਲੇਚਰ ਦੇ ਨਿਯਮਾਂ ਦੇ ਉਲਟ ਸਿਆਸੀ ਸੰਦੇਸ਼ ਦੇ ਪ੍ਰਗਟਾਵੇ ਲਈ ਪਹਿਨਿਆ ਜਾ ਰਿਹਾ ਸੀ।

ਪਿਛਲੇ ਸਾਲ ਐਨਡੀਪੀ ਕੌਕਸ ਤੋਂ ਕੱਢੀ ਗਈ ਓਨਟੇਰਿਓ ਦੀ ਸੁਤੰਤਰ ਐਮਪੀਪੀ, ਸਾਰਾਹ ਜਾਮਾ ਨੇ ਅੱਜ ਪ੍ਰਸ਼ਨਕਾਲ ਦੌਰਾਨ ਕੈਫ਼ੀਯੇਹ ਪਹਿਨਿਆ ਹੋਇਆ ਸੀ , ਜਿਸ ਕਰਕੇ ਉਸ ਨੂੰ ਲਜਿਸਲੇਚਰ ਤੋਂ ਬਾਹਰ ਹੋਣ ਦਾ ਹੁਕਮ ਦਿੱਤਾ ਗਿਆ।

ਐਨਡੀਪੀ ਕੌਕਸ ਦੇ ਮੈਂਬਰ, ਜੋਅਲ ਹਾਰਡਨ ਅਤੇ ਕ੍ਰੀਸਟਿਨ ਵੌਂਗ-ਟੈਮ, ਦੋਵਾਂ ਨੇ ਵੀ ਇਹ ਸਕਾਰਫ਼ ਪਹਿਨਿਆ ਅਤੇ ਜਾਮਾ ਦੇ ਸਮਰਥਨ ਵਿਚ ਚੈਂਬਰ ਤੋਂ ਬਾਹਰ ਹੋ ਗਏ।

ਆਰਨੌਟ ਨੇ ਕਿਹਾ ਕਿ ਇਸ ਮੁੱਦੇ ਦਾ ਸਿਆਸੀਕਰਨ ਹੋ ਗਿਆ ਹੈ ਅਤੇ ਉਹਨਾਂ ਦੇ ਸ਼ੁਰੂਆਤੀ ਆਦੇਸ਼ਾਂ ਤੋਂ ਬਾਅਦ ਵੰਡੀਆਂ ਹੋਰ ਵਧ ਗਈਆਂ ਹਨ, ਇਸ ਲਈ ਸੋਮਵਾਰ ਨੂੰ ਪ੍ਰਸ਼ਨ ਕਾਲ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਪਾਬੰਦੀ ਸਿਰਫ ਚੈਂਬਰ ਦੇ ਅੰਦਰ ਹੋਵੇਗੀ ਅਤੇ ਵਿਧਾਨਕ ਖੇਤਰ ਵਿੱਚ ਦਾਖ਼ਲ ਹੋਣ ਵਾਲੇ ਲੋਕਾਂ 'ਤੇ ਲਾਗੂ ਨਹੀਂ ਹੋਵੇਗੀ।

ਉਹਨਾਂ ਕਿਹਾ ਕਿ ਜੇਕਰ ਕੋਈ ਮੈਂਬਰ ਸੂਬਾਈ ਪਾਰਲੀਮੈਂਟ ਦੇ ਸਾਰੇ ਮੈਂਬਰਾਂ ਤੋਂ ਸਭਾ ਦੇ ਅੰਦਰ ਕੈਫ਼ੀਯੇਹ ਪਹਿਨਣ ਲਈ ਸਰਬਸੰਮਤੀ ਨਾਲ ਸਹਿਮਤੀ ਮੰਗਦਾ ਹੈ ਅਤੇ ਪ੍ਰਾਪਤ ਕਰ ਲੈਂਦਾ ਹੈ, ਤਾਂ ਇਸਦੀ ਇਜਾਜ਼ਤ ਦੇ ਦਿੱਤੀ ਜਾਵੇਗੀ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ