1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਟਿਕਟੌਕ ਦੀ ਵਰਤੋਂ ਕਰਨ ਵਾਲਿਆਂ ਦੀ ਚੀਨ ਕਰ ਸਕਦੈ ਜਾਸੂਸੀ, ਖੂਫ਼ੀਆ ਏਜੰਸੀ ਦੇ ਮੁਖੀ ਦੀ ਚਿਤਾਵਨੀ

CSIS ਦੇ ਡਾਇਰੈਕਟਰ ਨੇ ਕਿਹਾ ਕਿ ਐਪ ਰਾਹੀਂ ਇਕੱਠਾ ਕੀਤਾ ਡਾਟਾ ਚੀਨ ਸਰਕਾਰ ਨੂੰ ਉਪਲਬਧ ਹੈ

ਟਿਕਟੌਕ ਐਪ ਦੇ ਲੋਗੋ ਦੀ ਫ਼ਾਈਲ ਤਸਵੀਰ।

ਟਿਕਟੌਕ ਐਪ ਦੇ ਲੋਗੋ ਦੀ ਫ਼ਾਈਲ ਤਸਵੀਰ।

ਤਸਵੀਰ: Reuters / Dado Ruvic

RCI

ਕੈਨੇਡਾ ਦੀ ਖ਼ੂਫ਼ੀਆ ਏਜੰਸੀ ਦੇ ਮੁਖੀ ਨੇ ਕੈਨੇਡੀਅਨਜ਼ - ਖ਼ਾਸ ਤੌਰ ‘ਤੇ ਟੀਨੇਜਰਾਂ - ਨੂੰ ਟਿਕਟੌਕ ਨਾ ਵਰਤਣ ਦੀ ਚਿਤਾਵਨੀ ਦਿੱਤੀ ਹੈ।

ਸੀਬੀਸੀ ਦੇ ਦ ਹਾਊਸ ਪ੍ਰੋਗਰਾਮ ਵਿਚ ਇੱਕ ਇੰਟਰਿਵਊ ਦੌਰਾਨ, ਕੈਨੇਡੀਅਨ ਸਿਕਿਓਰਟੀ ਇੰਟੈਲੀਜੈਂਸ ਸਰਵਿਸ (CSIS) ਦੇ ਡਾਇਰੈਕਟਰ, ਡੇਵਿਡ ਵਿਗਨੌਲਟ ਨੇ ਕਿਹਾ, CSIS ਦੇ ਡਾਇਰਕੈਟਰ ਵੱਜੋਂ ਮੇਰਾ ਜਵਾਬ ਇਹ ਹੈ ਕਿ ਚੀਨ ਸਰਕਾਰ ਦੀ, ਦੁਨੀਆ ਵਿਚ ਕਿਸੇ ਦੀ ਵੀ ਨਿੱਜੀ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਹੋਣ ਦੀ ਇੱਕ ਬਹੁਤ ਸਪਸ਼ਟ ਰਣਨੀਤੀ ਹੈ

ਵਿਅਕਤੀਗਤ ਤੌਰ ‘ਤੇ, ਮੈਂ ਕਹਾਂਗਾ ਕਿ ਮੈਂ ਕਿਸੇ ਨੂੰ ਟਿਕਟੌਕ ਵਰਤਣ ਦੀ ਬਿਲਕੁਲ ਸਿਫ਼ਾਰਿਸ਼ ਨਹੀਂ ਕਰਾਂਗਾ

ਉਨ੍ਹਾਂ ਕਿਹਾ ਕਿ ਐਪ ਦੇ ਡਿਜ਼ਾਈਨ ਤੋਂ ਇਹ ਬਹੁਤ ਸਪਸ਼ਟ ਹੈ ਕਿ ਯੂਜ਼ਰਾਂ ਤੋਂ ਇਕੱਤਰ ਕੀਤਾ ਗਿਆ ਡਾਟਾ ਚੀਨ ਸਰਕਾਰ ਨੂੰ ਉਪਲਬਧ ਹੁੰਦਾ ਹੈ।

ਵਿਗਨੌਲਟ ਨੇ ਕਿਹਾ ਕਿ ਲੋਕ ਅਕਸਰ ਇਹ ਕਹਿੰਦੇ ਹਨ ਕਿ ਇੱਕ ਟੀਨੇਜਰ ਦਾ ਟਿਕਟੌਕ ‘ਤੇ ਕੀ ਹੀ ਡਾਟਾ ਹੋਵੇਗਾ ਅਤੇ ਉਹ ਡਾਟਾ ਹੋਣਾ ਕਿੰਨੀ ਕੁ ਵੱਡੀ ਗੱਲ ਹੈ। ਪਰ ਉਨ੍ਹਾਂ ਕਿਹਾ ਕਿ ਪੰਜ ਸੱਤ ਸਾਲ ਵਿਚ ਜਦੋਂ ਟੀਨੇਜਰ ਵੱਡਾ ਹੋਵੇਗਾ ਅਤੇ ਦੁਨੀਆ ਵਿਚ ਕਈ ਹੋਰ ਗਤੀਵਿਧੀਆਂ ਵਿਚ ਵਿਚਰੇਗਾ, ਅਜਿਹੇ ਵਿਚ ਚੀਨ ਸਰਕਾਰ ਕੋਲ ਉਸ ਬਾਰੇ ਬੇਤਹਾਸ਼ਾ ਜਾਣਕਾਰੀ ਹੋਵੇਗੀ।

ਵਿਗਨੌਲਟ ਦੀਆਂ ਟਿੱਪਣੀਆਂ CSIS ਦੁਆਰਾ ਇੱਕ ਸਾਲਾਨਾ ਰਿਪੋਰਟ (ਨਵੀਂ ਵਿੰਡੋ) ਜਾਰੀ ਕਰਨ ਤੋਂ ਇੱਕ ਹਫ਼ਤੇ ਬਾਅਦ ਆਈਆਂ ਹਨ ਜਿਸ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਵਧ ਰਹੀ ਬਾਹਰੀ ਪਹੁੰਚ ਬਾਰੇ ਚੇਤਾਵਨੀ ਦਿੱਤੀ ਗਈ ਸੀ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨੀ ਰਾਸ਼ਟਰਪਤੀ ਨੇ ਚੀਨ ਨੂੰ ਦੇਸ਼ ਵਿੱਚ ਡਾਟਾ ਨੂੰ ਨਿਯੰਤਰਿਤ ਕਰਨ ਦੀ ਸਮਰੱਥਾ ਦੇਣ ਵਾਲੇ ਉਪਾਅ ਪੇਸ਼ ਕੀਤੇ ਹਨ, ਅਤੇ ਅਜਿਹੇ ਵਿਸਤ੍ਰਿਤ ਕਾਨੂੰਨ ਲਿਆਂਦੇ ਹਨ ਜਿਹਨਾਂ ਤਹਿਤ ਦੁਨੀਆ ਵਿੱਚ ਕਿਤੇ ਵੀ ਰਹਿੰਦੇ ਚੀਨੀ ਨਾਗਰਿਕਾਂ ਨੂੰ ਚੀਨ ਦੀਆਂ ਖੁਫੀਆ ਸੇਵਾਵਾਂ ਦੀ ਸਹਾਇਤਾ ਅਤੇ ਸਹਿਯੋਗ ਕਰਨ ਦੀ ਲੋੜ ਹੋਵੇਗੀ।

ਵਿਗਨੌਲਟ ਨੇ ਕਿਹਾ ਕਿ ਚੀਨ ਵੱਡੇ ਪੱਧਰ ‘ਤੇ ਡਾਟਾ ਐਨਾਲਿਟਿਕਸ ਵਰਤ ਰਿਹਾ ਹੈ, ਡਾਟਾ ਇਕੱਤਰ ਕਰ ਰਿਹਾ ਹੈ ਅਤੇ ਉਸ ਡਾਟਾ ਦੇ ਅਧਾਰ ‘ਤੇ ਆਰਟੀਫ਼ੀਸ਼ਲ ਇੰਟੈਲੀਜੈਂਸ ਵਿਕਸਿਤ ਕਰ ਰਿਹਾ ਹੈ।

ਉਨ੍ਹਾਂ ਕਿਹਾ, ਅੰਤਿਮ ਟੀਚਾ ਹਮੇਸ਼ਾ ਚੀਨੀ ਕਮਿਊਨਿਸਟ ਪਾਰਟੀ ਦੇ ਹਿੱਤਾਂ ਦੀ ਰੱਖਿਆ ਕਰਨਾ ਹੁੰਦਾ ਹੈ। ਅਤੇ ਇਸ ਲਈ ਉਸ ਦ੍ਰਿਸ਼ਟੀਕੋਣ ਤੋਂ, ਕਈ ਤਰੀਕਿਆਂ ਨਾਲ, ਇਹ ਸਾਡੇ ਰਹਿਣ ਦੇ ਤਰੀਕੇ ਲਈ ਖ਼ਤਰਾ ਹੈ

TikTok ਦੀ ਮੂਲ ਕੰਪਨੀ ByteDance 'ਤੇ ਵੀ ਵੀਗਰ ਮੁਸਲਿਮ ਘੱਟ ਗਿਣਤੀਆਂ 'ਤੇ ਸ਼ਿਕੰਜਾ ਕੱਸਣ ਲਈ ਚੀਨ ਦੀ ਪ੍ਰਣਾਲੀ ਬਣਾਉਣ ਵਿੱਚ ਮਦਦ ਕਰਨ ਅਤੇ ਹਾਂਗਕਾਂਗ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਟਾਰਗੇਟ ਕਰਨ ਦਾ ਦੋਸ਼ ਹੈ।

ਆਲੋਚਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਚੀਨ ਗਲਤ ਜਾਣਕਾਰੀ ਫੈਲਾਉਣ ਅਤੇ ਅਸਹਿਮਤੀ ਨੂੰ ਚੁੱਪ ਕਰਾਉਣ ਲਈ TikTok ਦੀ ਸਮੱਗਰੀ ਦੀ ਵਰਤੋਂ ਕਰਨਾ ਜਾਰੀ ਰੱਖ ਸਕਦਾ ਹੈ।

Bytedance ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਸਦੇ ਸਰਵਰ ਚੀਨ ਤੋਂ ਬਾਹਰ ਹਨ ਅਤੇ ਇਸ ਲਈ ਚੀਨੀ ਕਮਿਊਨਿਸਟ ਪਾਰਟੀ ਦੇ ਨਿਯੰਤਰਣ ਤੋਂ ਬਾਹਰ ਹਨ।

ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ, ਕੈਨੇਡਾ ਵਿੱਚ ਟਿਕਟੌਕ ਦੇ ਬੁਲਾਰੇ, ਡੇਨੀਅਲ ਮੋਰਗਨ ਨੇ CSIS ਦੇ ਦਾਅਵਿਆਂ ਨੂੰ ਬਗ਼ੈਰ ਸਬੂਤਾਂ ਦੇ ਅਧਾਰ ਵਾਲਾ ਆਖਿਆ।

ਡੇਨੀਅਲ ਨੇ ਕਿਹਾ, ਟਿਕਟੌਕ ਨੇ ਕਦੇ ਵੀ ਚੀਨੀ ਸਰਕਾਰ ਨਾਲ ਕੈਨੇਡੀਅਨ ਉਪਭੋਗਤਾ ਡਾਟਾ ਸਾਂਝਾ ਨਹੀਂ ਕੀਤਾ ਹੈ, ਅਤੇ ਅਜਿਹੇ ਆਖੇ ਜਾਣ 'ਤੇ ਨਾ ਹੀ ਅਸੀਂ ਕਰਾਂਗੇ

ਇੱਕੋ ਪਲੇਟਫਾਰਮ ਨੂੰ ਵੱਖਰਾ ਕਰਨਾ ਅਤੇ ਉਸ 'ਤੇ ਅਸਮਰਥਿਤ ਦੋਸ਼ ਲਗਾਉਣਾ ਕੈਨੇਡੀਅਨਜ਼ ਨੂੰ ਸੁਰੱਖਿਅਤ ਨਹੀਂ ਬਣਾਉਂਦਾ। ਅਸੀਂ ਕੈਨੇਡੀਅਨ ਅਧਿਕਾਰੀਆਂ ਨਾਲ ਸੰਪਰਕ ਜਾਰੀ ਰੱਖਾਂਗੇ ਅਤੇ ਅਸੀਂ ਕੈਨੇਡੀਅਨਜ਼ ਦੀ ਗੋਪਨੀਯਤਾ ਅਤੇ ਸੁਰੱਖਿਆ ਦੀ ਰੱਖਿਆ ਕਿਵੇਂ ਕਰਦੇ ਹਾਂ ਇਸ ਬਾਰੇ ਚਰਚਾ ਕਰਨ ਲਈ CSIS ਨਾਲ ਮਿਲਣ ਦੇ ਮੌਕੇ ਦਾ ਸਵਾਗਤ ਕਰਾਂਗੇ

ਪਿਛਲੇ ਮਹੀਨੇ,ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਉਸ ਬਿੱਲ ‘ਤੇ ਦਸਤਖ਼ਤ ਕਰ ਦਿੱਤੇ ਜੋ ਟਿੱਕਟੌਕ ਦੀ ਮੂਲ ਕੰਪਨੀ, ByteDance ਨੂੰ ਪਾਬੰਦੀ ਤੋਂ ਬਚਣ ਲਈ ਐਪ ਨੂੰ ਵੇਚਣ ਲਈ ਇੱਕ ਸਾਲ ਦਾ ਸਮਾਂ ਦਿੰਦਾ ਹੈ।

ਪਿਛਲੇ ਮਹੀਨੇ,ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਉਸ ਬਿੱਲ ‘ਤੇ ਦਸਤਖ਼ਤ ਕਰ ਦਿੱਤੇ ਜੋ ਟਿੱਕਟੌਕ ਦੀ ਮੂਲ ਕੰਪਨੀ, ByteDance ਨੂੰ ਪਾਬੰਦੀ ਤੋਂ ਬਚਣ ਲਈ ਐਪ ਨੂੰ ਵੇਚਣ ਲਈ ਇੱਕ ਸਾਲ ਦਾ ਸਮਾਂ ਦਿੰਦਾ ਹੈ।

ਤਸਵੀਰ: Reuters / Evelyn Hockstein

ਪਿਛਲੇ ਮਹੀਨੇ,ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਉਸ ਬਿੱਲ ‘ਤੇ ਦਸਤਖ਼ਤ ਕਰ ਦਿੱਤੇ ਜੋ ਟਿੱਕਟੌਕ ਦੀ ਮੂਲ ਕੰਪਨੀ, ByteDance ਨੂੰ ਪਾਬੰਦੀ ਤੋਂ ਬਚਣ ਲਈ ਇਸ ਵੀਡੀਓ ਐਪ ਨੂੰ ਵੇਚਣ ਲਈ ਇੱਕ ਸਾਲ ਦਾ ਸਮਾਂ ਦਿੰਦਾ ਹੈ।

ਜਵਾਬ ਵਿੱਚ, ByteDance ਅਤੇ ਕਾਂਟੈਂਟ ਕ੍ਰੀਏਟਰਾਂ ਦੋਵਾਂ ਨੇ ਵੱਖ-ਵੱਖ ਮੁਕੱਦਮਿਆਂ ਵਿੱਚ ਅਮਰੀਕੀ ਸਰਕਾਰ 'ਤੇ ਕੇਸ ਦਾਇਰ ਕੀਤਾ ਹੈ।

ਵਿਗਨੌਲਟ ਨੇ ਜਨਤਕ ਤੌਰ ‘ਤੇ ਇਹ ਕਹਿਣ ਤੋਂ ਗੁਰੇਜ਼ ਕੀਤਾ ਕਿ ਜੇ ਟਿਕਟੌਕ ਚੀਨ ਸਰਕਾਰ ਨਾਲ ਸਬੰਧ ਖ਼ਤਮ ਨਹੀਂ ਕਰਦੀ ਤਾਂ ਕੈਨੇਡਾ ਸਰਕਾਰ ਇਸ ਉੱਪਰ ਪਾਬੰਦੀ ਲਗਾਏ। 

ਪਿਛਲੇ ਫ਼ੌਲ ਸੀਜ਼ਨ ਵਿੱਚ, ਲਿਬਰਲ ਸਰਕਾਰ ਨੇ TikTok ਦੀ ਰਾਸ਼ਟਰੀ ਸੁਰੱਖਿਆ ਸਮੀਖਿਆ ਦਾ ਆਦੇਸ਼ ਦਿੱਤਾ ਸੀ। ਉਦਯੋਗ ਮੰਤਰੀ ਫ਼ੈਂਸੁਆ ਫ਼ਿਲਿਪ ਸ਼ੈਂਪੇਨ ਦੇ ਬੁਲਾਰੇ ਨੇ ਮਾਰਚ ਵਿੱਚ ਕਿਹਾ ਸੀ ਕਿ ਜੇਕਰ ਸਮੀਖਿਆ ਅਧੀਨ ਕੇਸ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਹਾਨੀਕਾਰਕ ਪਾਇਆ ਜਾਂਦਾ ਹੈ ਤਾਂ ਸਰਕਾਰ ਕਾਰਵਾਈ ਕਰ ਸਕਦੀ ਹੈ।

ਵਿਗਨੌਲਟ ਨੇ ਕਿਹਾ ਕਿ ਉਹ ਉਸ ਸਮੀਖਿਆ ਵਿੱਚ ਹਿੱਸਾ ਲੈਣਗੇ ਅਤੇ ਸਲਾਹ ਦੇਣਗੇ।

ਕੈਥਰੀਨ ਟਨੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ -ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ