1. ਮੁੱਖ ਪੰਨਾ
  2. ਰਾਜਨੀਤੀ
  3. ਅੰਤਰਰਾਸ਼ਟਰੀ ਸੰਬੰਧ

ਕਤਲ ਦੇ ਦੋਸ਼ਾਂ ’ਤੇ ਭਾਰਤੀ ਵਿਦੇਸ਼ ਮੰਤਰੀ ਦਾ ਪ੍ਰਤੀਕਰਮ, ਕਿਹਾ: ਕੈਨੇਡਾ ਕਰਦਾ ਹੈ ਅਪਰਾਧੀਆਂ ਦਾ ਸੁਆਗਤ

ਕੈਨੇਡੀਅਨ ਪੁਲਿਸ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਤਿੰਨ ਗ੍ਰਿਫ਼ਤਾਰੀਆਂ ਕੀਤੀਆਂ ਹਨ

ਭਾਰਤ ਦੇ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਦੌ 8 ਮਾਰਚ 2024 ਦੀ ਤਸਵੀਰ।

ਭਾਰਤ ਦੇ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਦੌ 8 ਮਾਰਚ 2024 ਦੀ ਤਸਵੀਰ।

ਤਸਵੀਰ: THE CANADIAN PRESS/AP-Hiro Komae

RCI

ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਆਰਸੀਐਮਪੀ ਵੱਲੋਂ ਹਾਲ ਹੀ ਵਿੱਚ ਕੀਤੀਆਂ ਗ੍ਰਿਫਤਾਰੀਆਂ ‘ਤੇ ਪ੍ਰਤੀਕਰਮ ਦਿੰਦਿਆਂ ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ ਕੈਨੇਡਾ ਭਾਰਤ ਤੋਂ ਅਪਰਾਧੀਆਂ ਦਾ ਸਵਾਗਤ ਕਰਦਾ ਹੈ।

ਐਸ ਜੈਸ਼ੰਕਰ ਨੇ ਇਹ ਵੀ ਕਿਹਾ ਕੈਨੇਡਾ ਭਾਰਤ ਚੋਂ ਇੱਕ ਵੱਖਰਾ ਸਿੱਖ ਦੇਸ਼ ਕੱਢਣ ਦੀ ਕੋਸ਼ਿਸ਼ ਕਰ ਰਹੀ ਸਿੱਖਾਂ ਦੀ‘ਹਿੰਸਕ ਲਹਿਰ’ ਦਾ ਸਭ ਤੋਂ ਵੱਡਾ ਕਾਰਕ ਹੈ।

ਜੈਸ਼ੰਕਰ ਨੇ ਕਿਹਾ, ਇਹ ਯੂ.ਐਸ. ਵਿੱਚ ਇੰਨੀ ਜ਼ਿਆਦਾ ਸਮੱਸਿਆ ਨਹੀਂ ਹੈ; ਇਸ ਸਮੇਂ ਸਾਡੀ ਸਭ ਤੋਂ ਵੱਡੀ ਸਮੱਸਿਆ ਕੈਨੇਡਾ ਵਿੱਚ ਹੈ

ਆਰਸੀਐਮਪੀ ਨੇ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੀ ਮੌਤ ਦੇ ਮਾਮਲੇ ਵਿੱਚ ਪਿਛਲੇ ਸ਼ੁੱਕਰਵਾਰ ਨੂੰ ਤਿੰਨ ਭਾਰਤੀ ਨਾਗਰਿਕਾਂ ਨੂੰ ਚਾਰਜ ਕੀਤਾ ਹੈ। ਨਿੱਝਰ ਨੂੰ ਪਿਛਲੇ ਜੂਨ ਵਿੱਚ ਸਰੀ ਦੇ ਇੱਕ ਗੁਰਦੂਆਰੇ ਦੇ ਬਾਹਰ ਗੋਲੀਆਂ ਮਾਰੀਆਂ ਗਈਆਂ ਸਨ।

ਨਿੱਝਰ ਖਾਲਿਸਤਾਨ ਦਾ ਸਮਰਥਕ ਸੀ, ਅਤੇ ਉਸਦੀ ਮੌਤ ਨੇ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਵਿਰੁੱਧ ਵਿਰੋਧ ਪ੍ਰਦਰਸ਼ਨਾਂ ਅਤੇ ਰੈਲੀਆਂ ਦੀ ਲਹਿਰ ਛੇੜ ਦਿੱਤੀ ਸੀ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵੱਲੋਂ ਪਿਛਲੇ ਸਾਲ ਸਤੰਬਰ 'ਚ ਭਾਰਤ ਉੱਪਰ ਇਸ ਕਤਲ ਵਿਚ ਹੱਥ ਹੋਣ ਦਾ ਇਲਜ਼ਾਮ ਲਗਾਉਣ ਤੋਂ ਬਾਅਦ ਇਹ ਵਿਰੋਧ ਪ੍ਰਦਰਸ਼ਨ ਖ਼ਾਸ ਤੌਰ 'ਤੇ ਵੱਧ ਗਏ ਸਨ।

ਭਾਰਤ ਦੇ ਭੁਵਨੇਸ਼ਵਰ 'ਚ ਇੱਕ ਫੋਰਮ ਚ ਬੋਲਦੇ ਹੋਏ ਜੈਸ਼ੰਕਰ ਨੇ ਕਈ ਵਿਸ਼ਿਆਂ 'ਤੇ ਸਵਾਲਾਂ ਦੇ ਜਵਾਬ ਦਿੱਤੇ।

ਇੱਕ ਵਿਅਕਤੀ ਨੇ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਬਾਰੇ ਪੁੱਛਿਆ ਜੋ ਭਾਰਤ ਨਾਲ ਭਾਈਵਾਲੀ ਕਰਨਾ ਚਾਹੁੰਦੇ ਹਨ ਜਦਕਿ ਲੋਕਾਂ ਨੂੰ ਉੱਥੇ ਇੱਕ ਵੱਖਵਾਦੀ ਅੰਦੋਲਨ ਦਾ ਸਮਰਥਨ ਕਰਨ ਦੀ ਇਜਾਜ਼ਤ ਦਿੰਦੇ ਹਨ, ਜਿਸ ਨੂੰ ਭਾਰਤ ਗੈਰ-ਸੰਵਿਧਾਨਕ ਮੰਨਦਾ ਹੈ। ਇੱਕ ਹੋਰ ਹਾਜ਼ਰ ਵਿਅਕਤੀ ਨੇ ਪਿਛਲੇ ਸ਼ੁੱਕਰਵਾਰ ਦੀਆਂ ਗ੍ਰਿਫਤਾਰੀਆਂ ਬਾਰੇ ਸਵਾਲ ਪੁੱਛਿਆ।

ਜੈਸ਼ੰਕਰ ਨੇ ਦੋਨਾਂ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਸੱਤਾਧਾਰੀ ਲਿਬਰਲਾਂ ਅਤੇ ਕੁਝ ਹੋਰ ਰਾਜਨੀਤਿਕ ਪਾਰਟੀਆਂ ਵੋਟਾਂ ਲਈ ਸਿੱਖ ਵੱਖਵਾਦੀਆਂ ਨੂੰ ਹੁਲਾਰਾ ਦਿੰਦੀਆਂ ਹਨ, ਅਤੇ ਇਸ ਤਰ੍ਹਾਂ ਦੇ ਕੱਟੜਵਾਦ, ਵੱਖਵਾਦ, ਹਿੰਸਾ ਦੇ ਹਿਮਾਇਤੀਆਂ ਨੂੰ ਬੋਲਣ ਦੀ ਆਜ਼ਾਦੀ ਦੇ ਨਾਮ 'ਤੇ ਇੱਕ ਖਾਸ ਜਾਇਜ਼ਤਾ ਦਿੱਤੀ ਹੈ

ਜੈਸ਼ੰਕਰ ਨੇ ਪਿਛਲੇ ਹਫਤੇ ਦੀਆਂ ਗ੍ਰਿਫਤਾਰੀਆਂ ਦੇ ਜਵਾਬ ਵਿੱਚ ਆਪਣੇ ਮੰਤਰਾਲੇ ਦੀ ਇਸ ਗੱਲ ਨੂੰ ਵੀ ਦੁਹਰਾਇਆ ਕਿ ਕੈਨੇਡਾ ਅਪਰਾਧਿਕ ਤੱਤਾਂ ਨੂੰ ਕੈਨੇਡਾ ਵਿੱਚ ਕੰਮ ਕਰਨ ਅਤੇ ਸਿੱਖ ਵੱਖਵਾਦੀਆਂ ਨਾਲ ਜੁੜਨ ਦੀ ਇਜਾਜ਼ਤ ਦੇ ਰਿਹਾ ਹੈ।

ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ ਹੋ ਸਕਦਾ ਹੈ; ਪੁਲਿਸ ਨੇ ਕੁਝ ਜਾਂਚ ਕੀਤੀ ਹੋ ਸਕਦੀ ਹੈ। ਪਰ ਅਸਲੀਅਤ ਇਹ ਹੈ ਕਿ ਗੈਂਗਲੈਂਡ ਦੇ ਲੋਕਾਂ ਅਤੇ ਪੰਜਾਬ ਤੋਂ ਸੰਗਠਿਤ ਅਪਰਾਧ ਨਾਲ ਜੁੜੇ ਲੋਕਾਂ ਦੀ ਗਿਣਤੀ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਗਿਆ ਹੈ

ਇਹ ਭਾਰਤ ਵਿਚ ਵਾਂਟੇਡ ਅਪਰਾਧੀ ਹਨ; ਤੁਸੀਂ ਉਨ੍ਹਾਂ ਨੂੰ ਵੀਜ਼ਾ ਦਿੱਤਾ ਹੈ ... ਅਤੇ ਤੁਸੀਂ ਉਨ੍ਹਾਂ ਨੂੰ ਉੱਥੇ ਰਹਿਣ ਦੀ ਇਜਾਜ਼ਤ ਦਿੰਦੇ ਹੋ

ਭਾਰਤ ਨੇ ਇਹੀ ਚਿੰਤਾ ਟ੍ਰੂਡੋ ਦੇ ਪਿਛਲੇ ਸਤੰਬਰ ਵਿੱਚ ਨਿੱਝਰ ਦੀ ਮੌਤ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਐਲਾਨ ਤੋਂ ਇੱਕ ਹਫ਼ਤਾ ਪਹਿਲਾਂ ਉਠਾਈ ਸੀ। ਮੋਦੀ ਨਾਲ ਟ੍ਰੂਡੋ ਦੀ ਮੀਟਿੰਗ ਦੇ ਰੀਡਆਊਟ ਵਿੱਚ, ਜੈਸ਼ੰਕਰ ਦੇ ਮੰਤਰਾਲੇ ਨੇ ਸੰਗਠਿਤ ਅਪਰਾਧ, ਡਰੱਗ ਸਿੰਡੀਕੇਟ ਅਤੇ ਮਨੁੱਖੀ ਤਸਕਰੀ ਨਾਲ ਖਾਲਿਸਤਾਨ ਵੱਖਵਾਦ ਦੇ ਮਿਲੇ ਹੋਣ ਦਾ ਜ਼ਿਕਰ ਕੀਤਾ ਸੀ।

ਪਰ ਕੈਨੇਡਾ ਨੇ ਵਾਰ-ਵਾਰ ਜ਼ੋਰ ਦੇ ਕੇ ਕਿਹਾ ਹੈ ਕਿ ਭਾਰਤ ਨੇ ਇਹ ਸਾਬਤ ਨਹੀਂ ਕੀਤਾ ਹੈ ਕਿ ਜਿਨ੍ਹਾਂ ਲੋਕਾਂ 'ਤੇ ਅੱਤਵਾਦ ਦਾ ਦੋਸ਼ ਹੈ, ਉਹਨਾਂ ਨੇ ਅਸਲ ਵਿੱਚ ਅਜਿਹਾ ਕੁਝ ਵੀ ਕੀਤਾ ਹੈ ਜੋ ਕੈਨੇਡਾ ਦੇ ਅਪਰਾਧਿਕ ਜ਼ਾਬਤੇ ਦੇ ਦਾਇਰੇ ਵਿਚ ਆਉਂਦਾ ਹੋਵੇ।

ਸ਼ਨੀਵਾਰ ਨੂੰ ਆਪਣੀ ਟਿੱਪਣੀ ਵਿੱਚ, ਜੈਸ਼ੰਕਰ ਨੇ ਇਹ ਵੀ ਕਿਹਾ ਕਿ ਖਾਲਿਸਤਾਨ ਦੇ ਵੱਖ ਹੋਣ ਦੀਆਂ ਮੰਗਾਂ ਦੀ ਜਵਾਬੀ ਕਾਰਵਾਈ ਹੋਵੇਗੀ, ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹ ਕਿੱਥੋਂ ਹੋ ਸਕਦੀ ਹੈ।

ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੇ ਇਸ ਗੱਲ ਦਾ ਤੁਰੰਤ ਜਵਾਬ ਨਹੀਂ ਦਿੱਤਾ ਜਦੋਂ ਇਹ ਪੁੱਛਿਆ ਗਿਆ ਕਿ ਕੀ ਜੈਸ਼ੰਕਰ ਨੇ ਭਾਰਤ ਤੋਂ ਜਾਂ ਗ਼ੈਰ-ਸਰਕਾਰੀ ਤੱਤਾਂ ਦੁਆਰਾ ਜਵਾਬੀ ਕਾਰਵਾਈ ਦਾ ਜ਼ਿਕਰ ਕੀਤਾ ਹੈ।

ਟਿੱਪਣੀ ਲਈ ਪੁੱਛੇ ਜਾਣ 'ਤੇ ਵਿਦੇਸ਼ ਮੰਤਰੀ ਮੈਲੇਨੀ ਜੋਲੀ ਦੇ ਦਫਤਰ ਨੇ ਵੀ ਤੁਰੰਤ ਜਵਾਬ ਨਹੀਂ ਦਿੱਤਾ। ਜੋਲੀ ਨੇ ਪਹਿਲਾਂ ਕਿਹਾ ਸੀ ਕਿ ਉਹ ਭਾਰਤ ਨਾਲ ਪ੍ਰਾਈਵੇਟ ਤੌਰ ‘ਤੇ ਕੂਟਨੀਤੀ ਚਲਾਉਣਾ ਚਾਹੁੰਦੇ ਹਨ।

ਹਿਊਮਨ ਰਾਈਟਸ ਵਾਚ ਦਾ ਕਹਿਣਾ ਹੈ ਕਿ ਮੋਦੀ ਨੇ ਭਾਰਤ ਵਿੱਚ ਨਾਗਰਿਕ ਅਧਿਕਾਰਾਂ ਦਾ ਘਾਣ ਕੀਤਾ ਹੈ ਅਤੇ ਇੱਕ ਅੱਤ-ਰਾਸ਼ਟਰਵਾਦੀ ਵਿਚਾਰਧਾਰਾ ਨੂੰ ਅੱਗੇ ਵਧਾਇਆ ਹੈ ਜਿਸ ਨੇ ਗੈਰ-ਹਿੰਦੂ ਨਾਗਰਿਕਾਂ 'ਤੇ ਹਿੰਸਕ ਹਮਲਿਆਂ ਨੂੰ ਵਧਾਇਆ ਹੈ।

ਭਾਰਤੀ ਅਧਿਕਾਰੀਆਂ ਵੱਲੋਂ ਦੇਸ਼ ਵਿੱਚ ਗ਼ੈਰ-ਕਾਨੂੰਨੀ ਹੱਤਿਆਵਾਂ ਲਈ ਪੁਲਿਸ ਅਤੇ ਫੌਜੀ ਮੁਲਾਜ਼ਮਾਂ ਨੂੰ ਇਸ ਲਈ ਜਵਾਬਦੇਹ ਠਹਿਰਾਉਣ ਵਿੱਚ ਵਾਰ-ਵਾਰ ਅਸਫਲਤਾ" ਦੇ ਮੱਦੇਨਜ਼ਰ, ਇਸ ਮਨੁੱਖੀ ਅਧਿਕਾਰ ਸੰਗਠਨ ਨੇ ਭਾਰਤ ਨੂੰ ਨਿੱਝਰ ਦੀ ਮੌਤ ਵਿੱਚ ਸੰਭਾਵਿਤ ਸ਼ਮੂਲੀਅਤ ਦੀ ਘੋਖ ਕਰਨ ਲਈ ਆਖਿਆ ਹੈ।

ਡਾਇਲਨ ਰੌਬਰਟਸਨ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ