1. ਮੁੱਖ ਪੰਨਾ
  2. ਰਾਜਨੀਤੀ
  3. ਮੂਲਨਿਵਾਸੀ

ਮੂਲਨਿਵਾਸੀਆਂ ਨਾਲ ਸੰਧੀਆਂ ਦੀ ਨਿਗਰਾਨੀ ਲਈ ਕਮਿਸ਼ਨਰ ਨਿਯੁਕਤ ਕਰੇਗੀ ਫ਼ੈਡਰਲ ਸਰਕਾਰ: ਟ੍ਰੂਡੋ

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਾਂ ਕਮਿਸ਼ਨਰ ਇਹ ਯਕੀਨੀ ਬਣਾਏਗਾ ਕਿ ਸਰਕਾਰ ਸਮਝੌਤਿਆਂ 'ਤੇ ਜਵਾਬਦੇਹ ਰਹੇ

ਸਵੈ-ਸ਼ਾਸਨ ਮੂਲਨਿਵਾਸੀ ਸਰਕਾਰਾਂ ਦੀ ਪ੍ਰੈਜ਼ੀਡੈਂਟ ਈਵਾ ਕਲੇਟਨ ਅਤੇ ਪ੍ਰਧਾਨ ਮੰਤਰੀ ਜਸਟਿਨ ਟ੍ਰਡੋ 2 ਮਈ, 2024 ਨੂੰ ਗੈਟਿਨੌ, ਕਿਊਬੈਕ ਵਿੱਚ ਸਵੈ-ਸ਼ਾਸਨ ਮੂਲਨਿਵਾਸੀ ਸਰਕਾਰਾਂ ਦੀ ਮੀਟਿੰਗ ਵਿੱਚ ਬੋਲਦੇ ਹੋਏ।

ਸਵੈ-ਸ਼ਾਸਨ ਮੂਲਨਿਵਾਸੀ ਸਰਕਾਰਾਂ ਦੀ ਪ੍ਰੈਜ਼ੀਡੈਂਟ ਈਵਾ ਕਲੇਟਨ ਅਤੇ ਪ੍ਰਧਾਨ ਮੰਤਰੀ ਜਸਟਿਨ ਟ੍ਰਡੋ 2 ਮਈ, 2024 ਨੂੰ ਗੈਟਿਨੌ, ਕਿਊਬੈਕ ਵਿੱਚ ਸਵੈ-ਸ਼ਾਸਨ ਮੂਲਨਿਵਾਸੀ ਸਰਕਾਰਾਂ ਦੀ ਮੀਟਿੰਗ ਵਿੱਚ ਬੋਲਦੇ ਹੋਏ।

ਤਸਵੀਰ: (Adrian Wyld/The Canadian Press)

RCI

ਫ਼ੈਡਰਲ ਸਰਕਾਰ ਮੂ਼ਲਨਿਵਾਸੀ ਲੋਕਾਂ ਨਾਲ ਸਰਕਾਰ ਦੀਆਂ ਆਧੁਨਿਕ ਸੰਧੀਆਂ ਦੀ ਨਿਗਰਾਨੀ ਲਈ ਪਾਰਲੀਮੈਂਟ ਦਾ ਇੱਕ ਨਵਾਂ ਏਜੰਟ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦਾ ਕਹਿਣਾ ਹੈ ਕਿ ਇਸ ਨਵੀਂ ਨਿਯੁਕਤੀ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਰਕਾਰ ਨੂੰ ਜਵਾਬਦੇਹ ਬਣਾਇਆ ਜਾਵੇ ਭਾਵੇਂ ਸੱਤਾ ਵਿਚ ਕਿਸੇ ਦੀ ਵੀ ਸਰਕਾਰ ਹੋਵੇ।

ਟ੍ਰੂਡੋ ਨੇ ਵੀਰਵਾਰ ਨੂੰ ਕਿਊਬੈਕ ਦੇ ਗੈਟੀਨੌ ਵਿੱਚ ਸਵੈ-ਸ਼ਾਸਨ ਕਰਨ ਵਾਲੀਆਂ ਮੂਲਨਿਵਾਸੀ ਸਰਕਾਰਾਂ ਦੀ ਦੂਸਰੀ ਸਾਲਾਨਾ ਮੀਟਿੰਗ ਦੌਰਾਨ ਆਧੁਨਿਕ ਸੰਧੀ ਲਾਗੂ ਕਰਨ ਲਈ ਇੱਕ ਕਮਿਸ਼ਨਰ ਨਿਯੁਕਤ ਕਰਨ ਦੀ ਯੋਜਨਾ ਦਾ ਐਲਾਨ ਕੀਤਾ।

ਇੱਕ ਬਿਹਤਰ ਸੰਧੀ ਪਾਰਟਨਰ ਬਣਨ ਲਈ ਇਹ ਇੱਕ ਸਥਾਈ ਵਚਨਬੱਧਤਾ ਹੈ

ਮੂਲਨਿਵਾਸੀ ਲੋਕਾਂ ਨਾਲ ਸਾਡੇ ਸਮਝੌਤਿਆਂ ਦਾ ਸਨਮਾਨ ਕਰਨ ਲਈ, ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਭਰੋਸੇ, ਪਾਰਦਰਸ਼ਤਾ ਅਤੇ ਜਵਾਬਦੇਹੀ ਸਾਡੇ ਨੇਸ਼ਨ-ਦਰ-ਨੇਸ਼ਨ, ਇਨੂਇਟ-ਕ੍ਰਾਊਨ ਅਤੇ ਸਰਕਾਰ-ਦਰ-ਸਰਕਾਰ ਸਬੰਧਾਂ ਨੂੰ ਨਵੇਂ ਸਿਰਿਓਂ ਬਣਾਉਣ ਦੇ ਸਾਡੇ ਯਤਨਾਂ ਦੇ ਕੇਂਦਰ ਵਿੱਚ ਬਣੇ ਰਹਿਣ

ਸਰਕਾਰ ਇਸ ਭੂਮਿਕਾ ਬਾਰੇ ਸਲਾਹ-ਮਸ਼ਵਰਾ ਜੂਨ ਦੇ ਅੰਤ ਤੱਕ ਮੁਕੰਮਲ ਕਰਨ ਅਤੇ ਉਸਦੇ ਕੁਝ ਚਿਰ ਮਗਰੋਂ ਇਸ ਬਾਬਤ ਕਾਨੂੰਨ ਲਿਆਉਣ ਅਤੇ ਕਮਿਸ਼ਨਰ ਦੇ ਕੰਮ ਵਾਸਤੇ ਅਗਲੇ 4 ਸਾਲਾਂ ਦੌਰਾਨ 10.6 ਮਿਲੀਅਨ ਡਾਲਰ ਖ਼ਰਚ ਕਰਨ ਦੀ ਯੋਜਨਾ ਬਣਾ ਰਹੀ ਹੈ।

ਕੈਨੇਡਾ ਦੇ ਨਾਲ ਸਵੈ-ਸ਼ਾਸਨ ਸਮਝੌਤੇ, ਜਾਂ ਆਧੁਨਿਕ ਸੰਧੀਆਂ, ਮੂਲਨਿਵਾਸੀ ਸਮੂਹਾਂ ਨੂੰ ਫ਼ੈਡਰਲ ਇੰਡੀਅਨ ਐਕਟ ਦੇ ਤਹਿਤ ਸ਼ਾਸਨ ਦਾ ਵਿਕਲਪ ਪੇਸ਼ ਕਰਦੀਆਂ ਹਨ।

ਇਸਦਾ ਮਤਲਬ ਹੈ ਕਿ ਮੂਲਨਿਵਾਸੀ ਸਮੂਹ ਆਪਣੇ ਖੁਦ ਦੇ ਕਾਨੂੰਨ ਅਤੇ ਨੀਤੀਆਂ ਬਣਾ ਸਕਦੇ ਹਨ, ਜਿਸ ਵਿੱਚ ਬਾਲ ਭਲਾਈ ਅਤੇ ਜ਼ਮੀਨੀ ਮਾਮਲਿਆਂ ਬਾਰੇ ਕਾਨੂੰਨ ਸ਼ਾਮਲ ਹਨ।

ਹੁਣ ਤੱਕ 25 ਸਵੈ-ਸ਼ਾਸਨ ਸਮਝੌਤਿਆਂ 'ਤੇ ਹਸਤਾਖਰ ਕੀਤੇ ਗਏ ਹਨ, ਜਿਸ ਵਿੱਚ 43 ਮੂ਼ਲਨਿਵਾਸੀ ਭਾਈਚਾਰੇ ਸ਼ਾਮਲ ਹਨ। ਦੋ ਸਿੱਖਿਆ ਸਮਝੌਤੇ ਵੀ ਹੋਏ ਹਨ ਜਿਨ੍ਹਾਂ ਵਿੱਚ 35 ਮੂਲਨਿਵਾਸੀ ਭਾਈਚਾਰੇ ਸ਼ਾਮਲ ਹਨ।

ਪਰ ਬੀਸੀ ਦੀ ਇੱਕ ਮੂਲਨਿਵਾਸੀ ਸਰਕਾਰ, ਨਿਸਗਾ ਲਿਸਿਮਜ਼ ਦੀ ਪ੍ਰੈਜ਼ੀਡੈਂਟ, ਈਵਾ ਕਲੇਟਨ ਨੇ ਕਿਹਾ ਕਿ ਕੁਝ ਸਮੂਹਾਂ ਦੇ ਕੈਨੇਡਾ ਨਾਲ ਇਕਰਾਰਨਾਮਿਆਂ ’ਤੇ ਦਸਤਖ਼ਤ ਤੋਂ ਬਾਅਦ, ਕਈ ਵਾਰੀ ਇਹ ਸਮਝੌਤੇ ਅਤੇ ਸੰਧੀਆਂ ਵਿਚ-ਵਿਚਾਲੇ ਹੀ ਲਟਕੀਆਂ ਰਹਿੰਦੀਆਂ ਹਨ।

ਉਨ੍ਹਾਂ ਕਿਹਾ, ਸਮਝੌਤੇ ਨੂੰ ਅਸਲ ਵਿੱਚ ਲਾਗੂ ਕਰਨ ਲਈ ਸਾਨੂੰ ਬਹੁਤ ਸਖ਼ਤ ਮਿਹਨਤ ਕਰਨੀ ਪਵੇਗੀ। ਕਲੇਟਨ ਪਿਛਲੇ 20 ਸਾਲ ਤੋਂ ਇੱਕ ਸੁਤੰਤਰ ਕਮਿਸ਼ਨਰ ਦੀ ਸਥਾਪਨਾ ਦੀ ਹਿਮਾਇਤ ਕਰਦੀ ਰਹੀ ਹੈ।

ਇਹ ਉਹਨਾਂ ਖੇਤਰਾਂ 'ਤੇ ਫੋਕਸ ਕਰੇਗਾ ਜਿਨ੍ਹਾਂ ਨੂੰ ਕੈਨੇਡੀਅਨ ਸਰਕਾਰ ਨੂੰ ਵਾਚਣ ਦੀ ਲੋੜ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਹਰੇਕ ਸਮਝੌਤੇ ਦੀ ਭਾਵਨਾ ਅਤੇ ਉਦੇਸ਼ ਪੂਰੇ ਹੋਣ

ਕਿਉਂਕਿ ਅਸੀਂ ਜਾਣਦੇ ਹਾਂ ਕਿ ਇੱਕ ਵਾਰ ਸਾਡੇ ਸਮਝੌਤੇ ਪੂਰੀ ਤਰ੍ਹਾਂ ਲਾਗੂ ਹੋ ਜਾਣ ਤੋਂ ਬਾਅਦ, ਇਹ ਸਾਡੇ ਲੋਕਾਂ, ਸਾਡੇ ਭਾਈਚਾਰੇ ਦੇ ਮੈਂਬਰਾਂ ਲਈ ਜੀਵਨ ਨੂੰ ਬਿਹਤਰ ਬਣਾਵੇਗਾ, ਜਿਸਦਾ ਬਦਲੇ ਵਿੱਚ ਸਾਰੇ ਕੈਨੇਡੀਅਨਜ਼ ‘ਤੇ ਸਕਾਰਾਤਮਕ ਪ੍ਰਭਾਵ ਪਵੇਗਾ

ਬ੍ਰਿਟਿਸ਼ ਕੋਲੰਬੀਆ ਵਿੱਚ ਵੈਸਟਬੈਂਕ ਔਫ਼ ਫ਼ਸਟ ਨੇਸ਼ਨ ਦੇ ਚੀਫ ਰੌਬਰਟ ਲੂਈ, ਜੋ ਟ੍ਰੂਡੋ ਨਾਲ ਸਮਾਗਮ ਵਿਚ ਮੌਜੂਦ ਸਨ, ਨੇ ਇਸ ਕਦਮ ਨੂੰ ਕ੍ਰਾਊਨ-ਇੰਡੀਜੀਨਸ ਸਬੰਧਾਂ ਨੂੰ ਨਵਿਆਉਣ ਲਈ ਇੱਕ ਮਹੱਤਵਪੂਰਨ ਕਦਮ ਦੱਸਿਆ।

ਸਵੈ ਸਰਕਾਰ ਦੇ ਅਧਿਕਾਰ ਨੂੰ ਲਾਗੂ ਕਰਨ ਵਿੱਚ ਸਹਾਇਤਾ ਕਰਨ ਲਈ ਕੈਨੇਡਾ ਆਪਣੇ ਆਪ ਨੂੰ ਅੰਦਰੂਨੀ ਤੌਰ 'ਤੇ ਕਿਵੇਂ ਸੰਗਠਿਤ ਕਰਦਾ ਹੈ, ਇਸ ਵਿੱਚ ਸੁਧਾਰ ਲਈ ਅਜੇ ਵੀ ਬਹੁਤ ਗੁੰਜਾਇਸ਼ ਹੈ

ਫ਼ੈਡਰਲ ਸਰਕਾਰ ਦੇ ਅਨੁਸਾਰ, ਕਮਿਸ਼ਨਰ ਆਧੁਨਿਕ ਸੰਧੀਆਂ ‘ਤੇ ਕੈਨੇਡਾ ਦੇ ਕੰਮ ਦੀ ਸੁਤੰਤਰ ਨਿਗਰਾਨੀ ਕਰੇਗਾ ਅਤੇ ਉਨ੍ਹਾਂ ਨੂੰ ਸਮੇਂ ਸਿਰ ਅਤੇ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨਾ ਯਕੀਨੀ ਬਣਾਏਗਾ।

ਕਮਿਸ਼ਨਰ ਇਸ ਬਾਬਤ ਕੰਮ ਦੀ ਪ੍ਰਗਤੀ 'ਤੇ ਪਾਰਲੀਮੈਂਟ ਨੂੰ ਵਾਪਸ ਰਿਪੋਰਟ ਵੀ ਕਰੇਗਾ ਅਤੇ ਉਸ ਕੋਲ ਆਪਣਾ ਕੰਮ ਕਰਨ ਲਈ ਵਿਭਾਗਾਂ ਕੋਲੋਂ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ ਦੀ ਮੰਗ ਕਰਨ ਦਾ ਵੀ ਅਧਿਕਾਰ ਹੋਵੇਗਾ।

ਵੀਰਵਾਰ ਦੇ ਇਸ ਫ਼ੋਰਮ ਵਿਚ 30 ਮੂਲਨਿਵਾਸੀ ਸਰਕਾਰਾਂ, ਕੁਝ ਫ਼ੈਡਰਲ ਮਿਨਿਸਟਰ, ਕ੍ਰਾਊਨ-ਇੰਡੀਜੀਨਸ ਮਿਨਿਸਟਰ ਗੈਰੀ ਅਨੰਦਾਸੰਗਾਰੀ, ਇੰਡੀਜੀਨਸ ਸਰਵਿਸੇਜ਼ ਮਿਨਿਸਟਰ ਪੈਟੀ ਹਾਈਡੂ ਅਤੇ ਨੌਰਦਰਨ ਅਫੇਅਰਜ਼ ਮਿਨਿਸਟਰ ਡੈਨ ਵੈਂਡਲ ਸ਼ਾਮਲ ਹੋਏ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ -ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ