1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਅੰਤਰਰਾਸ਼ਟਰੀ ਰਾਜਨੀਤੀ

ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫ਼ੀਕੋ ‘ਤੇ ਗੋਲੀਆਂ ਨਾਲ ਹਮਲਾ, ਹਾਲਤ ਨਾਜ਼ੁਕ

ਪੁਲਿਸ ਨੇ ਸ਼ੱਕੀ ਨੂੰ ਕਾਬੂ ਕੀਤਾ

ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫ਼ੀਕੋ ਨੂੰ ਬੁੱਧਵਾਰ ਨੂੰ ਹੈਂਡਲੋਵਾ ਵਿੱਚ ਇੱਕ ਸਰਕਾਰੀ ਮੀਟਿੰਗ ਤੋਂ ਬਾਅਦ ਗੋਲੀਆਂ ਵੱਜਣ ਮਗਰੋਂ ਇੱਕ ਕਾਰ ਵਿੱਚ ਲਿਜਾਂਦੇ ਸੁਰੱਖਿਆ ਅਧਿਕਾਰੀ।

ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫ਼ੀਕੋ ਨੂੰ ਬੁੱਧਵਾਰ ਨੂੰ ਹੈਂਡਲੋਵਾ ਵਿੱਚ ਇੱਕ ਸਰਕਾਰੀ ਮੀਟਿੰਗ ਤੋਂ ਬਾਅਦ ਗੋਲੀਆਂ ਵੱਜਣ ਮਗਰੋਂ ਇੱਕ ਕਾਰ ਵਿੱਚ ਲਿਜਾਂਦੇ ਸੁਰੱਖਿਆ ਅਧਿਕਾਰੀ।

ਤਸਵੀਰ: Reuters / Radovan Stoklasa

RCI

ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫ਼ੀਕੋ ਉੱਪਰ ਬੁੱਧਵਾਰ ਨੂੰ ਗੋਲੀਆਂ ਨਾਲ ਹਮਲਾ ਹੋਇਆ ਹੈ। ਜਾਨਲੇਵਾ ਜ਼ਖ਼ਮਾਂ ਦੇ ਨਾਲ ਫ਼ੀਕੋ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। 

ਇੱਕ ਈਮੇਲ ਬਿਆਨ ਦੇ ਅਨੁਸਾਰ, 59 ਸਾਲ ਦੇ ਫ਼ੀਕੋ ਨੂੰ ਹੈਂਡਲੋਵਾ ਕਸਬੇ ਵਿੱਚ ਇੱਕ ਆਫ-ਸਾਈਟ ਸਰਕਾਰੀ ਮੀਟਿੰਗ ਤੋਂ ਬਾਅਦ ਕਈ ਗੋਲੀਆਂ ਮਾਰੀਆਂ ਗਈਆਂ।

ਦਫਤਰ ਨੇ ਕਿਹਾ ਕਿ ਫ਼ੀਕੋ ਨੂੰ ਤੁਰੰਤ ਇਲਾਜ ਲਈ ਨੇੜਲੇ ਬੰਸਕਾ ਬਿਸਟ੍ਰਿਕਾ ਦੇ ਮੁੱਖ ਹਸਪਤਾਲ ਲਿਜਾਇਆ ਗਿਆ ਸੀ ਕਿਉਂਕਿ ਦੇਸ਼ ਦੀ ਰਾਜਧਾਨੀ ਬ੍ਰੈਟੀਸਲਾਵਾ ਹੈਂਡਲੋਵਾ ਸ਼ਹਿਰ ਤੋਂ 150 ਕਿਲੋਮੀਟਰ ਦੂਰ ਹੈ, ਜੋ ਕਿ ਬਹੁਤ ਜ਼ਿਆਦਾ ਸੀ।

ਇੱਕ ਪੋਸਟ ਵਿਚ ਕਿਹਾ ਗਿਆ ਹੈ, ਇੱਕ ਗੰਭੀਰ ਇਲਾਜ ਦੀ ਜ਼ਰੂਰਤ ਕਾਰਨ ਬ੍ਰੈਟੀਸਲਾਵਾ ਜਾਣ ਵਿੱਚ ਬਹੁਤ ਸਮਾਂ ਲੱਗਣਾ ਸੀ। ਅਗਲੇ ਕੁਝ ਘੰਟੇ ਨਿਰਣਾਇਕ ਹੋਣਗੇ

ਇੱਕ ਸਲੋਵਾਕੀ ਟੀਵੀ ਸਟੇਸ਼ਨ,TA3 ਦੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਫ਼ੀਕੋ ਦੇ ਪੇਟ ਵਿੱਚ ਗੋਲੀ ਲੱਗੀ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪੁਲਿ ਨੇ ਘਟਨਾ ਸਥਾਨ ਨੂੰ ਸੀਲ ਕਰ ਦਿੱਤਾ ਹੈ ਅਤੇ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਹੈ।

ਸਲੋਵਾਕ ਦੀ ਨਿਊਜ਼ ਏਜੰਸੀ TASR ਅਨੁਸਾਰ, ਸਲੋਵਾਕੀਆ ਦੀ ਪਾਰਲੀਮੈਂਟ ਦੇ ਡਿਪਟੀ ਸਪੀਕਰ ਲੁਬੋਸ ਬਲਾਹਾ ਨੇ ਸਦਨ ਦੇ ਸੈਸ਼ਨ ਦੌਰਾਨ ਘਟਨਾ ਦੀ ਪੁਸ਼ਟੀ ਕੀਤੀ ਅਤੇ ਅਗਲੇ ਨੋਟਿਸ ਤੱਕ ਇਸ ਨੂੰ ਮੁਲਤਵੀ ਕਰ ਦਿੱਤਾ।

ਸਲੋਵਾਕੀ ਰਾਸ਼ਟਰਪਤੀ ਜ਼ੁਜ਼ਾਨਾ ਕੈਪਟੋਵਾ ਨੇ ਪ੍ਰਧਾਨ ਮੰਤਰੀ 'ਤੇ ਹੋਏ ਨੇਰਹਿਮ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਫ਼ੀਕੋ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ।

ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਉਰਸੁਲਾ ਵੌਨ ਡੇਰ ਲੇਅਨ ਸਮੇਤ ਕਈ ਦੇਸ਼ਾਂ ਦੇ ਲੀਡਰਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਇਹ ਗੋਲੀਬਾਰੀ ਯੂਰਪੀ ਸੰਸਦ ਦੀਆਂ ਚੋਣਾਂ ਤੋਂ ਤਿੰਨ ਹਫ਼ਤੇ ਪਹਿਲਾਂ ਹੋਈ ਹੈ।

ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫ਼ੀਕੋ

ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫ਼ੀਕੋ

ਤਸਵੀਰ: Reuters / Nadja Wohlleben

ਪ੍ਰਧਾਨ ਮੰਤਰੀ ਵੱਜੋਂ ਤੀਸਰਾ ਕਾਰਜਕਾਲ

ਪਿਛਲੇ ਸਾਲ ਦੇ ਅਖੀਰ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਤੋਂ ਬਾਅਦ ਫ਼ੀਕੋ ਦਾ ਇਹ ਪ੍ਰਧਾਨ ਮੰਤਰੀ ਵਜੋਂ ਤੀਸਰਾ ਕਾਰਜਕਾਲ ਹੈ।

ਇਸ ਮਹੀਨੇ ਦੇ ਸ਼ੁਰੂ ਵਿੱਚ, ਹਜ਼ਾਰਾਂ ਸਲੋਵਾਕੀਆਂ ਨੇ ਦੇਸ਼ ਦੀਆਂ ਕੌਮੀ ਰੇਡੀਓ ਅਤੇ ਟੈਲੀਵਿਜ਼ਨ ਸੇਵਾਵਾਂ ਦੇ ਇੱਕ ਵਿਵਾਦਪੂਰਨ ਸੁਧਾਰ ਦਾ ਵਿਰੋਧ ਕਰਦਿਆਂ ਰਾਜਧਾਨੀ ਵਿੱਚ ਰੈਲੀ ਕੀਤੀ ਸੀ। ਆਲੋਚਕਾਂ ਦਾ ਕਹਿਣਾ ਸੀ ਕਿ ਸੁਧਾਰਾਂ ਦੇ ਇਸ ਕਦਮ ਨਾਲ ਸਰਕਾਰ ਮੀਡੀਆ ਦਾ ਪੂਰਾ ਨਿਯੰਤਰਣ ਲੈ ਲਵੇਗੀ। ਫ਼ੀਕੋ ਦੀ ਖੱਬੇ-ਪੱਖੀ ਸਮਰ ਪਾਰਟੀ ਦੀ ਗੱਠਜੋੜ ਵਾਲੀ ਸਰਕਾਰ ਨੇ 24 ਅਪ੍ਰੈਲ ਨੂੰ ਉਪਾਅ ਨੂੰ ਮਨਜ਼ੂਰੀ ਦਿੱਤੀ ਸੀ।

ਸਲੋਵਾਕੀਆ ਦੀਆਂ ਪ੍ਰਮੁੱਖ ਵਿਰੋਧੀ ਪਾਰਟੀਆਂ, ਪ੍ਰੋਗਰੈਸਿਵ ਸਲੋਵਾਕੀਆ ਅਤੇ ਫ੍ਰੀਡਮ ਐਂਡ ਸੋਲੀਡੈਰਿਟੀ, ਨੇ ਇੱਕ ਵਿਰੋਧ ਪ੍ਰਦਰਸ਼ਨ ਨੂੰ ਰੱਦ ਕਰ ਦਿੱਤਾ ਹੈ ਜੋ ਉਹਨਾਂ ਨੇ ਸਰਕਾਰ ਦੇ ਯੋਜਨਾਬੱਧ ਮੀਡੀਆ ਸੁਧਾਰ ਬਾਰੇ ਤਹਿ ਕੀਤਾ ਸੀ।

ਪ੍ਰੋਗਰੈਸਿਵ ਸਲੋਵਾਕੀਆ ਦੇ ਲੀਡਰ, ਮਿਸ਼ੈਲ ਸਿਮੇਕਾ ਨੇ ਕਿਹਾ, ਅਸੀਂ ਹਿੰਸਾ ਅਤੇ ਪ੍ਰੀਮੀਅਰ ਰੌਬਰਟ ਫ਼ੀਕੋ ਦੀ ਅੱਜ ਦੀ ਗੋਲੀਬਾਰੀ ਦੀ ਪੂਰੀ ਤਰ੍ਹਾਂ ਅਤੇ ਸਖ਼ਤ ਨਿੰਦਾ ਕਰਦੇ ਹਾਂ । ਇਸਦੇ ਨਾਲ ਹੀ ਅਸੀਂ ਸਾਰੇ ਰਾਜਨੇਤਾਵਾਂ ਨੂੰ ਅਜਿਹੇ ਵੀ ਤਰ੍ਹਾਂ ਦੇ ਪ੍ਰਗਟਾਵੇ ਜਾਂ ਬਿਆਨਾਂ ਤੋਂ ਬਚਣ ਦੀ ਅਪੀਲ ਕਰਦੇ ਹਾਂ ਜਿਹਨਾਂ ਨਾਲ ਤਣਾਅ ਦੇ ਹੋਰ ਵਧਣ ਦੀ ਸੰਭਾਵਨਾ ਹੁੰਦੀ ਹੋਵੇ

ਆਲੋਚਕਾਂ ਨੇ ਚਿੰਤਾ ਜਤਾਈ ਹੈ ਕਿ ਫ਼ੀਕੋ ਦੇ ਅਧੀਨ ਸਲੋਵਾਕੀਆ ਦੇਸ਼ ਦੇ ਪੱਛਮ-ਪੱਖੀ ਮਾਰਗ ਨੂੰ ਛੱਡ ਦੇਵੇਗਾ ਅਤੇ ਹੰਗਰੀ ਦੇ ਲੋਕਪ੍ਰਿਅ ਪ੍ਰਧਾਨ ਮੰਤਰੀ ਵਿਕਟਰ ਓਰਬਨ ਦੇ ਰਾਹ ‘ਤੇ ਤੁਰ ਪਵੇਗਾ, ਜਿਸ ਨੇ ਪਿਛਲੇ ਦਹਾਕੇ ਤੋਂ ਵਿਰੋਧੀ ਧਿਰ ਨੂੰ ਖ਼ਾਮੋਸ਼ ਕਰਾਇਆ ਹੋਇਆ ਹੈ।

ਬੁੱਧਵਾਰ ਨੂੰ ਹੈਂਡਲੋਵਾ ਵਿਚ ਗੋਲੀਬਾਰੀ ਤੋਂ ਬਾਅਦ ਇੱਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਬੁੱਧਵਾਰ ਨੂੰ ਹੈਂਡਲੋਵਾ ਵਿਚ ਗੋਲੀਬਾਰੀ ਤੋਂ ਬਾਅਦ ਇੱਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਤਸਵੀਰ: Reuters / Radovan Stoklasa

ਸਾਲ ਦੇ ਸ਼ੁਰੂ ਵਿੱਚ, ਦੇਸ਼ ਦੇ ਦੰਡ ਕੋਡ ਵਿੱਚ ਸੋਧ ਕਰਨ ਅਤੇ ਵੱਡੇ ਅਪਰਾਧ ਅਤੇ ਭ੍ਰਿਸ਼ਟਾਚਾਰ ਨਾਲ ਨਜਿੱਠਣ ਵਾਲੇ ਵਿਸ਼ੇਸ਼ ਅਧਿਕਾਰੀ ਦੇ ਦਫਤਰ ਨੂੰ ਖਤਮ ਕਰਨ ਲਈ ਫ਼ੀਕੋ ਦੁਆਰਾ ਸਮਰਥਨ ਪ੍ਰਾਪਤ ਯੋਜਨਾ ਨੂੰ ਲੈ ਕੇ 30 ਤੋਂ ਵੱਧ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ।

ਵਿਦੇਸ਼ ਨੀਤੀ ਦੇ ਸਬੰਧ ਵਿੱਚ, ਓਰਬਨ ਵਾਂਗ ਫ਼ੀਕੋ ਨੂੰ ਵੀ ਰੂਸ ਲਈ ਦੋਸਤਾਨਾ ਰਵੱਈਆ ਰੱਖਣ ਅਤੇ ਯੂਕਰੇਨ ਦੀ ਫੌਜੀ ਸਹਾਇਤਾ ਦੇ ਆਲੋਚਕ ਵੱਜੋਂ ਦੇਖਿਆ ਗਿਆ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੈਲੈਂਸਕੀ ਅਤੇ ਨਾਟੋ, ਜਿਸ ਦਾ ਸਲੋਵਾਕੀਆ ਵੀ ਮੈਂਬਰ ਹੈ, ਦੇ ਸਕੱਤਰ ਜਨਰਲ ਜੇਂਜ਼ ਸਟੋਲਟਨਬਰਗ ਨੇ ਵੀ ਗੋਲੀਬਾਰੀ 'ਤੇ ਅਫਸੋਸ ਜ਼ਾਹਰ ਕੀਤਾ।

ਫ਼ੀਕੋ ਨੇ 2006 ਤੋਂ 2010 ਤੱਕ ਅਤੇ ਫਿਰ 2012 ਤੋਂ 2018 ਤੱਕ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਪੱਤਰਕਾਰ ਜੈਨ ਕੁਸੀਆਕ ਅਤੇ ਕੁਸੀਆਕ ਦੀ ਸਾਥੀ ਮਾਰਟੀਨਾ ਕੁਸਨੀਰੋਵਾ ਦੀ ਹੱਤਿਆ ਨੂੰ ਲੈ ਕੇ ਵੱਡੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਉਹਨਾਂ ਨੂੰ 2018 ਵਿੱਚ ਮਜਬੂਰਨ ਅਸਤੀਫ਼ਾ ਦੇਣਾ ਪਿਆ ਸੀ।

ਇੱਕ ਮਜ਼ਦੂਰ-ਸ਼੍ਰੇਣੀ ਦੇ ਪਰਿਵਾਰ ਵਿੱਚ ਪੈਦਾ ਹੋਏ, ਫ਼ੀਕੋ ਨੇ 1986 ਵਿੱਚ ਕਾਨੂੰਨ ਦੀ ਪੜ੍ਹਾਈ ਮੁਕੰਮਲ ਕੀਤੀ ਅਤੇ ਚੈਕੋਸਲੋਵਾਕੀਆ ਵਿੱਚ ਉਸ ਸਮੇਂ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਏ।

1989 ਵਿੱਚ ਕਮਿਊਨਿਸਟ ਸ਼ਾਸਨ ਦੇ ਪਤਨ ਤੋਂ ਬਾਅਦ, ਉਹਨਾਂ ਨੇ ਇੱਕ ਸਰਕਾਰੀ ਵਕੀਲ ਵਜੋਂ ਕੰਮ ਕੀਤਾ ਅਤੇ 1992 ਵਿੱਚ ਇੱਕ ਐਮਪੀ ਬਣੇ। ਉਸੇ ਸਾਲ ਜਦੋਂ ਚੈੱਕ ਗਣਰਾਜ ਅਤੇ ਸਲੋਵਾਕੀਆ ਦੀ ਵੰਡ ਹੋਈ ਸੀ।

ਦ ਅਸੋਸੀਏਟੇਡ ਪ੍ਰੈੱਸ
ਪੰਜਾਬੀ ਰੂਪਾਂਤਰ -ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ