1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਗਾਜ਼ਾ ਚ ਜਾਰੀ ਜੰਗ ਦੇ ਚਲਦਿਆਂ ਮੁਸਲਿਮ ਅਤੇ ਯਹੂਦੀ ਵੋਟਰ ਲਿਬਰਲਾਂ ਤੋਂ ਪਾਸਾ ਵੱਟ ਰਹੇ ਹਨ: ਸਰਵੇਖਣ

ਸਰਵੇਖਣ ਦਰਸਾਉਂਦਾ ਹੈ ਕਿ ਤਿੰਨ ਵੱਡੀਆਂ ਪਾਰਟੀਆਂ ਦੇ ਲੀਡਰ ਯਹੂਦੀ ਅਤੇ ਮੁਸਲਿਮ ਵੋਟਰਾਂ ਨੂੰ ਮੁਤਾਸਰ ਨਹੀਂ ਕਰ ਪਾ ਰਹੇ

15 ਮਾਰਚ 2024 ਨੂੰ ਟੋਰੌਂਟੋ ਵਿਚ ਫ਼ਲਸਤੀਨ ਪੱਖੀ ਮੁਜ਼ਾਹਰਾਕਾਰੀਆਂ ਦਾ ਇਕੱਠ।

15 ਮਾਰਚ 2024 ਨੂੰ ਟੋਰੌਂਟੋ ਵਿਚ ਫ਼ਲਸਤੀਨ ਪੱਖੀ ਮੁਜ਼ਾਹਰਾਕਾਰੀਆਂ ਦਾ ਇਕੱਠ।

ਤਸਵੀਰ: (Cole Burston/The Canadian Press)

RCI

ਇਕ ਨਵਾਂ ਸਰਵੇਖਣ ਦਰਸਾਉਂਦਾ ਹੈ ਕਿ ਮੁਸਲਿਮ ਅਤੇ ਯਹੂਦੀ ਵੋਟਰ ਫ਼ੈਡਰਲ ਲਿਬਰਲਾਂ ਤੋਂ ਦੂਰ ਹੋ ਰਹੇ ਹਨ। ਇਹ ਇੱਕ ਸੰਭਾਵਿਤ ਸੰਕੇਤ ਹੈ ਕਿ ਇਜ਼ਰਾਈਲ-ਹਮਾਸ ਯੁੱਧ ਮਗਰੋਂ ਜਨਤਕ ਰਾਏ ਵਿਚ ਪਏ ਪਾੜੇ ਨੂੰ ਘਟਾਉਣ ਦੀਆਂ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀਆਂ ਕੋਸ਼ਿਸ਼ਾਂ ਪੂਰੀਆਂ ਨਹੀਂ ਪੈ ਰਹੀਆਂ।

ਐਂਗਸ ਰੀਡ ਇੰਸਟੀਟਿਊਟ ਦਾ ਲੋਕਾਂ ਵਿਚ ਚੋਣਾਂ ਦੇ ਇਰਾਦੇ ਬਾਰੇ ਕੀਤਾ ਨਵਾਂ ਸਰਵੇਖਣ ਦਰਸਾਉਂਦਾ ਹੈ ਕਿ 41% ਮੁਸਲਿਮ ਵੋਟਰ ਐਨਡੀਪੀ ਨੂੰ ਵੋਟ ਪਾਉਣ ਦਾ ਇਰਾਦਾ ਰੱਖਦੇ ਹਨ ਅਤੇ ਲਿਬਰਲਾਂ ਪ੍ਰਤੀ ਇਹ ਇਰਾਦਾ 31% ਮੁਸਲਿਮ ਵੋਟਰਾਂ ਦਾ ਹੈ। ਦੂਸਰੇ ਪਾਸੇ 42% ਯਹੂਦੀ ਵੋਟਰਾਂ ਨੇ ਕੰਜ਼ਰਵੇਟਿਵਜ਼ ਨੂੰ ਵੋਟ ਪਾਉਣ ਦਾ ਇਰਾਦਾ ਦਰਜ ਕਰਵਾਇਆ ਹੈ ਅਤੇ ਲਿਬਰਲਾਂ ਦੇ ਹਿੱਸੇ 33% ਯਹੂਦੀ ਵੋਟਰਾਂ ਨੇ ਇਹ ਇਰਾਦਾ ਪ੍ਰਗਟਾਇਆ ਹੈ।

ਐਂਗਸ ਰੀਡ ਦੀ ਪ੍ਰੈਜ਼ੀਡੈਂਟ, ਸ਼ਾਚੀ ਕਰਲ ਨੇ ਸੀਬੀਸੀ ਨੂੰ ਦੱਸਿਆ ਕਿ ਯਹੂਦੀ ਡਾਇਸਪੋਰਾ ਦੇ ਮਨ ਵਿਚ ਇਹ ਗੱਲ ਹੈ ਕਿ ਲਿਬਰਲਾਂ ਨੇ ਹਮਾਸ ਨੂੰ ਭੰਡਣ, ਹਿੰਸਾ ਦੀ ਨਿੰਦਾ ਅਤੇ ਕੈਨੇਡਾ ਵਿਚ ਯਹੂਦੀ ਵਿਰੋਧਵਾਦ ਨੂੰ ਰੋਕਣ ਲਈ ਬਹੁਤਾ ਕੁਝ ਨਹੀਂ ਕੀਤਾ।

ਅਤੇ ਦੂਜੇ ਪਾਸੀ ਫ਼ਲਸਤੀਨ ਪੱਖੀ ਵੋਟਰਾਂ ਅਤੇ ਆਬਾਦੀ, ਜਿਸ ਵਿਚ ਵੱਡੀ ਗਿਣਤੀ ਮੁਸਲਮਾਨਾਂ ਦੀ ਹੈ, ਦੇ ਮਨਾਂ ਵਿਚ ਹੈ ਕਿ ਲਿਬਰਲਾਂ ਨੇ ਗਾਜ਼ਾ ਵਿਚ ਇਜ਼ਰਾਈਲੀ ਫ਼ੌਜ ਦੀ ਕਾਰਵਾਈ ਨੂੰ ਨਿੰਦਣ ਲਈ ਬਣਦੀ ਕਾਰਵਾਈ ਨਹੀਂ ਕੀਤੀ।

ਅੰਕੜਿਆਂ ਅਨੁਸਾਰ, ਸਿਰਫ਼ 15% ਮੁਸਲਮਾਨਾਂ ਨੇ ਕੰਜ਼ਰਵੇਟਿਵਜ਼ ਨੂੰ ਵੋਟ ਪਾਉਣ ਦੀ ਗੱਲ ਆਖੀ ਅਤੇ ਸਿਰਫ਼ 20% ਯਹੂਦੀ ਵੋਟਰਾਂ ਨੇ ਐਨਡੀਪੀ ਨੂੰ ਵੋਟ ਪਾਉਣ ਦੀ ਗੱਲ ਆਖੀ।

ਕਰਲ ਨੇ ਕਿਹਾ ਕਿ 2015 ਤੋਂ ਹੀ ਸੱਤਾ ਵਿਚ ਆਉਣ ਤੋਂ ਬਾਅਦ ਜਸਟਿਨ ਟ੍ਰੂਡੋ ਦੀ ਅਗਵਾਈ ਵਿਚ ਲਿਬਰਲਜ਼ ਮੁਸਲਿਮ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ।

4 ਦਸੰਬਰ 2023 ਨੂੰ ਇਜ਼ਰਾਈਲ ਪੱਖੀ ਮੁਜ਼ਾਹਰਾਕਾਰੀ ਔਟਵਾ ਵਿਚ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ।

4 ਦਸੰਬਰ 2023 ਨੂੰ ਇਜ਼ਰਾਈਲ ਪੱਖੀ ਮੁਜ਼ਾਹਰਾਕਾਰੀ ਔਟਵਾ ਵਿਚ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ।

ਤਸਵੀਰ: (Spencer Colby/The Canadian Press)

ਉਸ ਸਮੇਂ ਦੇ ਇੱਕ ਸਰਵੇਖਣ ਅਨੁਸਾਰ 65% ਮੁਸਲਿਮ ਵੋਟਰਾਂ ਨੇ ਲਿਬਰਲਾਂ ਨੂੰ ਵੋਟ ਪਾਉਣ ਅਤੇ 10% ਨੇ ਐਨਡੀਪੀ ਨੂੰ ਵੋਟ ਪਾਉਣ ਦੀ ਗੱਲ ਕਹੀ ਸੀ।

ਕਰਲ ਨੇ ਕਿਹਾ ਕਿ ਲਿਬਰਲਜ਼ 7 ਅਕਤੂਬਰ, 2023 ਦੇ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਤੋਂ ਬਾਅਦ ਮੁਸਲਿਮ ਅਤੇ ਯਹੂਦੀ ਵੋਟਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਦਾ ਉਲਟਾ ਅਸਰ ਮਹਿਸੂਸ ਕਰ ਰਹੇ ਹਨ। ਗਾਜ਼ਾ ਵਿੱਚ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਵਾਬੀ ਇਜ਼ਰਾਈਲੀ ਫੌਜੀ ਕਾਰਵਾਈ ਵਿੱਚ ਲਗਭਗ 35,000 ਲੋਕ ਮਾਰੇ ਗਏ ਹਨ।

ਦਸੰਬਰ ਵਿਚ ਸੀਬੀਸੀ ਨਿਊਜ਼ ਨੇ ਖ਼ਬਰ ਛਾਪੀ ਸੀ ਕਿ ਲਿਬਰਲ ਪਾਰਟੀ ਦੇ ਪ੍ਰਭਾਵਸ਼ਾਲੀ ਕੈਨੇਡੀਅਨ ਮੁਸਲਿਮ ਡੋਨਰਾਂ ਦੀ ਨੁਮਾਇੰਦਗੀ ਕਰਨ ਵਾਲਾ ਇੱਕ ਗਰੁੱਪ, ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੇ ਇਜ਼ਰਾਈਲ-ਹਮਾਸ ਸੰਘਰਸ਼ ਵਿੱਚ ਜੰਗਬੰਦੀ ਦੀ ਮੰਗ ਕਰਨ ਦੇ ਅਵੇਸਲੇਪਣ ਕਰਕੇ ਪਾਰਟੀ ਦੇ ਡੋਨਰਾਂ ਦੀ ਸ਼੍ਰੇਣੀ ਤੋਂ ਪਾਸਾ ਵੱਟ ਗਿਆ ਹੈ।

ਸਰਕਾਰ ਨੇ ਉਸ ਐਲਾਨ ਤੋਂ ਕੁਝ ਦਿਨਾਂ ਬਾਅਦ ਹੀ ਜੰਗਬੰਦੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ।

ਫ਼ਰਵਰੀ ਵਿਚ ਰਮਜ਼ਾਨ ਮਹੀਨੇ ਰਾਸ਼ਟਰੀ ਮੁਸਲਿਮ ਸੰਸਥਾ ਅਤੇ ਕਈ ਲੋਕਲ ਮੁਸਲਿਮ ਸਮੂਹਾਂ ਨੇ ਐਮਪੀਜ਼ ਨੂੰ ਆਗਾਹ ਕੀਤਾ ਸੀ ਕਿ ਜਦੋਂ ਤੱਕ ਉਹ ਜੰਗੀ ਅਪਰਾਧਾਂ ਲਈ ਇਜ਼ਰਾਈਲ ਦੀ ਨਿੰਦਾ ਨਹੀਂ ਕਰਦੇ, ਉਦੋਂ ਤੱਕ ਐਮਪੀਜ਼ ਦਾ ਮਸਜਿਦਾਂ ਵਿਚ ਸਵਾਗਤ ਨਹੀਂ ਹੈ।

ਲਿਬਰਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸੰਘਰਸ਼ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਜ਼ਰਾਈਲ ਨੂੰ ਘਾਤਕ ਸਹਾਇਤਾ ਦਾ ਨਿਰਯਾਤ ਨਹੀਂ ਕੀਤਾ ਹੈ ਅਤੇ ਲਿਬਰਲਾਂ ਨੇ ਉਸ ਸੋਧੇ ਗਏ ਐਨਡੀਪੀ ਮੋਸ਼ਨ ਦੇ ਹੱਕ ਵਿੱਚ ਵੀ ਵੋਟ ਦਿੱਤੀ ਸੀ ਜਿਸ ਵਿੱਚ ਕੈਨੇਡਾ ਨੂੰ ਇਜ਼ਰਾਈਲ ਨੂੰ ਹਥਿਆਰਾਂ ਦੇ ਨਿਰਯਾਤ ਦੇ ਹੋਰ ਅਧਿਕਾਰ ਅਤੇ ਟ੍ਰਾਂਸਫ਼ਰਜ਼ ਨੂੰ ਬੰਦ ਕਰਨ ਲਈ ਕਿਹਾ ਗਿਆ ਸੀ।

ਪਰ ਇਸ ਮੋਸ਼ਨ ਦੀ ਮਨਜ਼ੂਰੀ ਤੋਂ ਬਾਅਦ ਯਹੂਦੀ ਸਮੂਹ ਨਾਰਾਜ਼ ਹੋ ਗਏ ਸਨ।

ਕੰਜ਼ਰਵੇਟਿਵ ਲੀਡਰ ਪੌਅਰ ਪੌਲੀਐਵ

ਕੰਜ਼ਰਵੇਟਿਵ ਲੀਡਰ ਪੌਅਰ ਪੌਲੀਐਵ

ਤਸਵੀਰ:  (Sean Kilpatrick/The Canadian Press)

ਕਿਸੇ ਪਾਰਟੀ ਲੀਡਰ ਨੂੰ ਕਿਸੇ ਗਰੁੱਪ ਤੋਂ ਵੀ ਪ੍ਰਭਾਵਸ਼ਾਲੀ ਸਰਮਥਨ ਨਹੀਂ

ਐਂਗਸ ਰੀਡ ਨੇ ਉੱਤਰਦਾਤਾਵਾਂ ਕੋਲੋੰ ਟ੍ਰੂਡੋ, ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਅਤੇ ਐਨਡੀਪੀ ਲੀਡਰ ਜਗਮੀਤ ਸਿੰਘ ਬਾਰੇ ਉਨ੍ਹਾਂ ਦੇ ਵਿਚਾਰਾਂ ਦਾ ਵੀ ਸਰਵੇਖਣ ਕੀਤਾ ਗਿਆ । ਅਦਾਰੇ ਅਨੁਸਾਰ 51% ਮੁਸਲਮਾਨਾਂ ਨੇ ਕਿਹਾ ਕਿ ਟ੍ਰੂਡੋ ਬਾਰੇ ਉਹਨਾਂ ਦੀ ਰਾਏ ਹਾਲ ਹੀ ਵਿੱਚ ਹੋਰ ਖ਼ਰਾਬ ਹੋਈ ਹੈ,  ਜਦ ਕਿ 47% ਨੇ ਪੌਲੀਐਵ ਬਾਰੇ ਵੀ ਇਹੀ ਕਿਹਾ।

47 ਪ੍ਰਤੀਸ਼ਤ ਮੁਸਲਿਮ ਉੱਤਰਦਾਤਾਵਾਂ ਨੇ ਕਿਹਾ ਕਿ ਜਗਮੀਤ ਸਿੰਘ ਬਾਰੇ ਉਨ੍ਹਾਂ ਦੀ ਰਾਏ ਨਹੀਂ ਬਦਲੀ ਹੈ।

ਯਹੂਦੀ ਵੋਟਰਾਂ ਵਿਚ, 49% ਨੇ ਕਿਹਾ ਕਿ ਟ੍ਰੂਡੋ ਦੇ ਬਾਰੇ ਉਨ੍ਹਾਂ ਦੀ ਰਾਏ ਖ਼ਰਾਬ ਹੋਈ ਹੈ ਅਤੇ 38 % ਨੇ ਜਗਮੀਤ ਸਿੰਘ ਬਾਰੇ ਵੀ ਰਾਏ ਵਿਗੜਨ ਦੀ ਗੱਲ ਆਖੀ। 25% ਯਹੂਦੀ ਵੋਟਰਾਂ ਨੇ ਕਿਹਾ ਕਿ ਪੌਲੀਐਵ ਪ੍ਰਤੀ ਉਨ੍ਹਾਂ ਦੀ ਰਾਏ ਸੁਧਰੀ ਹੈ, ਪਰ 31% ਨੇ ਰਾਏ ਵਿਗੜਨਾ ਦਰਜ ਕਰਵਾਇਆ।

ਕਾਨੂੰਨ ਅਨੁਸਾਰ, ਅਗਲੀਆਂ ਫ਼ੈਡਰਲ ਚੋਣਾਂ ਅਕਤੂਬਰ 2025 ਵਿਚ ਹੋਣੀਆਂ ਜ਼ਰੂਰੀ ਹਨ।

ਤਾਜ਼ਾ ਸਰਵੇਖਣ ਇਹ ਵੀ ਦਰਸਾਉਂਦਾ ਹੈ ਕਿ ਜੇ ਅੱਜ ਚੋਣਾਂ ਹੁੰਦੀਆਂ ਹਨ ਤਾਂ ਕੰਜ਼ਰਵੇਟਿਵ ਪਾਰਟੀ ਬਹੁਮਤ ਨਾਲ ਸਰਕਾਰ ਬਣਾ ਸਕਦੀ ਹੈ।

19 ਤੋਂ 23 ਅਪ੍ਰੈਲ ਦਰਮਿਆਨ ਹੋਏ ਇਸ ਸਰਵੇਖਣ ਵਿਚ 3,459 ਕੈਨੇਡੀਅਨਜ਼ ਨੇ ਹਿੱਸਾ ਲਿਆ ਸੀ। 19 ਅਪ੍ਰੈਲ ਤੋਂ 9 ਮਈ ਤੱਕ ਇੰਸਟੀਟਿਊਟ ਨੇ 166 ਕੈਨੇਡੀਅਨ ਮੁਸਲਮਾਨਾਂ, 164 ਕੈਨੇਡੀਅਨ ਹਿੰਦੂਆਂ, 165 ਯਹੂਦੀ ਕੈਨੇਡੀਅਨਜ਼ ਅਤੇ 118 ਸਿੱਖ ਕੈਨੇਡੀਅਨਜ਼ ਦਾ ਸਰਵੇਖਣ ਕੀਤਾ ਸੀ।

ਰਫ਼ੀ ਬੁਦਜੀਕਾਨੀਅਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ -ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ