1. ਮੁੱਖ ਪੰਨਾ
  2. ਸਿਹਤ
  3. ਜਨਤਕ ਸਿਹਤ

ਓਨਟੇਰਿਓ ਨੂੰ 2032 ਤੱਕ ਹਜ਼ਾਰਾਂ ਨਵੀਆਂ ਨਰਸਾਂ ਅਤੇ PSWs ਦੀ ਹੋਵੇਗੀ ਜ਼ਰੂਰਤ

ਸਰਕਾਰ ਨੇ ਅੰਕੜਿਆਂ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ

ਟੋਰੌਂਟੋ ਦੇ ਸਕਾਰਬ੍ਰੋਅ ਜਨਰਲ ਹਸਪਤਾਲ ਵਿੱਖੇ ਨਰਸਾਂ ਦੀ ਤਸਵੀਰ।

ਟੋਰੌਂਟੋ ਦੇ ਸਕਾਰਬ੍ਰੋਅ ਜਨਰਲ ਹਸਪਤਾਲ ਵਿੱਖੇ ਨਰਸਾਂ ਦੀ ਤਸਵੀਰ।

ਤਸਵੀਰ: (Evan Mitsui/CBC)

RCI

ਸਰਕਾਰ ਦੇ ਅਨੁਮਾਨਾਂ ਅਨੁਸਾਰ, ਓਨਟੇਰਿਓ ਨੂੰ 2032 ਤੱਕ 33,200 ਹੋਰ ਨਰਸਾਂ ਅਤੇ 50,853 ਹੋਰ ਪਰਸਨਲ ਸਪੋਰਟ ਵਰਕਰਾਂ (PSW) ਦੀ ਲੋੜ ਪਵੇਗੀ। ਸਰਕਾਰ ਨੇ ਇਹ ਅੰਕੜੇ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਪਰ ਕੈਨੇਡੀਅਨ ਪ੍ਰੈਸ ਨੇ ਸੂਚਨਾ ਤੱਕ ਪਹੁੰਚ ਦੇ ਅਧਿਕਾਰ ਰਾਹੀਂ ਇਹ ਅੰਕੜੇ ਪ੍ਰਾਪਤ ਕਰ ਲਏ।

ਗਲੋਬਲ ਨਿਊਜ਼ ਨੂੰ ਸੂਚਨਾ ਦੀ ਆਜ਼ਾਦੀ (freedom-of-information/FOI) ਦੀ ਬੇਨਤੀ ਰਾਹੀਂ ਇਹਨਾਂ ਅੰਕੜਿਆਂ ਤੱਕ ਪਹੁੰਚ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ, ਸਰਕਾਰ ਨੇ ਹਾਲ ਹੀ ਵਿੱਚ ਸੂਚਨਾ ਅਤੇ ਗੋਪਨੀਯਤਾ ਕਮਿਸ਼ਨਰ ਦੇ ਸਾਹਮਣੇ ਅੰਕੜਿਆਂ ਨੂੰ ਗੁਪਤ ਰੱਖਣ ਦੀ ਲੜਾਈ ਜਿੱਤ ਲਈ ਸੀ।

ਪਰ ਉਸੇ FOI ਦਫਤਰ ਨੇ ਇੱਕ ਵੱਖਰੀ ਬੇਨਤੀ ਰਾਹੀਂ ਕੈਨੇਡੀਅਨ ਪ੍ਰੈਸ ਨੂੰ ਜਾਣਕਾਰੀ ਉਪਲਬਧ ਕਰਵਾ ਦਿਤੀ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਵਰਤਾਰਾ ਸੂਚਨਾ-ਤੱਕ-ਪਹੁੰਚ ਪ੍ਰਣਾਲੀ ਦੀਆਂ ਕਮਜ਼ੋਰੀਆਂ ਅਤੇ ਮਨਮਾਨੀਆਂ ਦਾ ਪਰਦਾਫਾਸ਼ ਕਰਦਾ ਹੈ।

ਨਰਸਾਂ ਅਤੇ PSWs ਦੀ ਭਵਿੱਖ ਵਿਚ ਲੋੜੀਂਦੀ ਗਿਣਤੀ ਬਾਰੇ ਅੰਕੜੇ ਇਸ ਖੇਤਰ ਦੀਆਂ ਯੂਨੀਅਨਾਂ ਲਈ ਹੈਰਾਨੀਜਨਕ ਨਹੀਂ ਹਨ, ਜੋ ਕਿ ਕਈ ਸਾਲਾਂ ਤੋਂ ਇਸ ਬਾਰੇ ਚਿੰਤਾ ਪ੍ਰਗਟਾਉਂਦੀਆਂ ਰਹੀਆਂ ਹਨ।

ਲੌਂਗ ਟਰਮ ਕੇਅਰ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਸਭ ਤੋਂ ਵੱਡੀ ਯੂਨੀਅਨ, SEIU ਹੈਲਥਕੇਅਰ ਦੀ ਪ੍ਰੈਜ਼ੀਡੈਂਟ, ਸ਼ਾਰਲੀਨ ਸਟੀਵਰਟ ਨੇ ਕਿਹਾ, ਕਿ ਇਹ ਸਥਿਤੀ ਦੱਸ ਰਹੀ ਹੈ ਕਿ ਸਰਕਾਰ ਨੇ ਜਨਤਾ ਨੂੰ ਉਨ੍ਹਾਂ ਸੰਖਿਆਵਾਂ ਨੂੰ ਦੇਖਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਕਿਹਾ, ਇਹ ਸਰਕਾਰ ਹੈ ਜਿਸ ਕੋਲ ਇਸ ਨੂੰ ਹੱਲ ਕਰਨ ਦੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ

ਉਹ ਇਸ ਨੂੰ ਲੁਕਾ ਰਹੇ ਹਨ ਤਾਂ ਜੋ ਅਸੀਂ ਤਨਖ਼ਾਹ ਵਾਧਿਆਂ ਅਤੇ ਕੰਮਕਾਜ ਤੇ ਕੰਮ ਵਾਲੀ ਥਾਂ ਦੀਆਂ ਸਥਿਤੀਆਂ ਵਿੱਚ ਸੁਧਾਰ ਕਰਕੇ ਸਮੱਸਿਆ ਦਾ ਹੱਲ ਨਾ ਕਰੀਏ

2022 ਵਿੱਚ ਗਲੋਬਲ ਨਿਊਜ਼ ਨੇ ਨਵੇਂ ਮੰਤਰੀਆਂ ਨੂੰ ਮਹੱਤਵਪੂਰਨ ਜਾਣਕਾਰੀ ਦੇਣ ਲਈ ਤਿਆਰ ਦਸਤਾਵੇਜ਼, [ਸਿਹਤ ਮੰਤਰਾਲੇ ਦੇ] ਟ੍ਰਾਂਜ਼ੀਸ਼ਨ ਬਾਈਂਡਰ ਤੋਂ ਸਿਹਤ ਮਨੁੱਖੀ ਸਰੋਤਾਂ ਬਾਰੇ ਜਾਣਕਾਰੀ ਦੀ ਬੇਨਤੀ ਕੀਤੀ ਸੀ।

ਜਵਾਬੀ ਦਸਤਾਵੇਜ਼ ਦੇ ਇੱਕ ਪੰਨੇ ਵਿੱਚ ਭਰਤੀ ਬਾਰੇ ਕੁਝ ਸਮੁੱਚੀ ਜਾਣਕਾਰੀ ਦਿਖਾਈ ਗਈ ਸੀ ਅਤੇ, ਇਸ ਤੋਂ ਇਲਾਵਾ, ਖਾਸ ਤੌਰ 'ਤੇ ਨਰਸਾਂ ਅਤੇ PSWs ਲਈ ਰਿਟੈਨਸ਼ਨ ਚੁਣੌਤੀਆਂ ਦਾ ਜ਼ਿਕਰ ਸੀ। ਪਰ ਅਸਲ ਗਿਣਤੀ ਜੋ 2022, 2023, 2024, 2027 ਅਤੇ 2032 ਵਿੱਚ ਅਨੁਮਾਨਿਤ ਘਾਟਾਂ ਨੂੰ ਦਰਸਾਉਂਦੀ ਹੈ, ਸਭ ਨੂੰ ਧੁੰਦਲਾ ਕਰ ਦਿੱਤਾ ਗਿਆ ਸੀ।

ਜਦੋਂ ਗਲੋਬਲ ਨਿਊਜ਼ ਨੇ ਸੂਚਨਾ ਅਤੇ ਗੋਪਨੀਯਤਾ ਕਮਿਸ਼ਨਰ ਨੂੰ ਅਪੀਲ ਕੀਤੀ, ਤਾਂ ਸਰਕਾਰ ਨੇ ਦਲੀਲ ਦਿੱਤੀ ਕਿ ਉਸ ਜਾਣਕਾਰੀ ਨੂੰ ਜਾਰੀ ਕਰਨ ਨਾਲ ਸੂਬੇ ਦੇ ਵਿੱਤੀ ਅਤੇ ਆਰਥਿਕ ਹਿੱਤਾਂ ਨੂੰ ਨੁਕਸਾਨ ਹੋਵੇਗਾ ਕਿਉਂਕਿ ਯੂਨੀਅਨਾਂ ਵੱਧ ਤਨਖ਼ਾਹਾਂ ਦੀ ਦਲੀਲ ਵਿਚ ਉਨ੍ਹਾਂ ਨੰਬਰਾਂ ਦੀ ਵਰਤੋਂ ਕਰਨਗੀਆਂ।

ਓਨਟੇਰਿਓ ਨਰਸਜ਼ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ, ਏਰਿਨ ਐਰਿਸ ਨੇ ਕਿਹਾ, ਬੇਸ਼ੱਕ ਉਹ ਕਰਨਗੀਆਂ

ਇਹ ਸਪਲਾਈ ਅਤੇ ਮੰਗ ਦੇ ਇੱਕ ਬੁਨਿਆਦੀ ਆਰਥਿਕ ਸਿਧਾਂਤ ਦਾ ਨੁਕਤਾ ਹੈ, ਅਤੇ ਅਸੀਂ ਇਹ ਕਹਿੰਦੇ ਰਹੇ ਹਾਂ ਕਿ ਸਾਡੇ ਕੋਲ ਜੋ ਸਿਸਟਮ ਹੈ ਉਸ ਨੂੰ ਭਰਨ ਲਈ ਲੋੜੀਂਦੀਆਂ ਨਰਸਾਂ ਨਹੀਂ ਹਨ

ਹੈਲਥ ਕੇਅਰ ਇੱਕ ਸੰਕਟ ਵਿੱਚ ਹੈ, ਪਰ ਇਸਦੇ ਹੱਲ ਹਨ ਅਤੇ ਹੱਲ ਦਾ ਇੱਕ ਹਿੱਸਾ ਜਨਤਾ ਨੂੰ ਇਹ ਦੱਸਣਾ ਹੈ ਕਿ ਹੈਲਥ ਕੇਅਰ ਦੇ ਸਾਰੇ ਖੇਤਰਾਂ ਵਿੱਚ ਕੀ ਹੋ ਰਿਹਾ ਹੈ, ਨਾ ਕਿ ਜਵਾਬਦੇਹੀ ਤੋਂ ਬਚਣ ਦੀ ਕੋਸ਼ਿਸ਼ ਕਰਨਾ

ਕਮਿਸ਼ਨਰ ਇਸ ਨਤੀਜੇ ‘ਤੇ ਪਹੁੰਚਿਆ ਸੀ ਕਿ ਭਾਵੇਂ ਹੈਲਥ ਕੇਅਰ ਦੀ ਘਾਟ ਦਾ ਖੁਲਾਸਾ ਕਰਨ ਵਿੱਚ ਮਜ਼ਬੂਤ ਜਨਤਕ ਹਿੱਤ ਸੀ, ਪਰ ਮੰਤਰਾਲੇ ਦੀਆਂ ਆਰਥਿਕ ਚਿੰਤਾਵਾਂ ਜ਼ਿਆਦਾ ਅਹਿਮ ਸਨ।

ਟੋਰੌਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਸੈਂਟਰ ਫਾਰ ਫ੍ਰੀ ਐਕਸਪ੍ਰੈਸ਼ਨ ਦੇ ਡਾਇਰੈਕਟਰ, ਜੇਮਸ ਟਰਕ ਨੇ ਕਿਹਾ ਕਿ ਇਹ ਫੈਸਲਾ ਆਪਣੇ ਆਪ ਵਿੱਚ ਡੂੰਘੀ ਪਰੇਸ਼ਾਨੀ ਵਾਲਾ ਹੈ।

ਇਹ ਤੱਥ ਕਿ ਸੂਚਨਾ ਦੀ ਆਜ਼ਾਦੀ ਦੇ ਇੱਕ ਕੋਆਰਡੀਨੇਟਰ ਨੇ ਜਾਣਕਾਰੀ ਜਾਰੀ ਕਰਨ ਨੂੰ ਓਨਟੇਰਿਓ ਦੇ ਆਰਥਿਕ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਮਝਿਆ, ਜਦਕਿ ਉਸੇ ਮੰਤਰਾਲੇ ਦੇ ਅੰਦਰ ਇੱਕ ਵੱਖਰੇ ਕੋਆਰਡੀਨੇਟਰ ਨੇ ਉਨ੍ਹਾਂ ਨੂੰ ਜਾਰੀ ਕਰਨਾ ਠੀਕ ਸਮਝਿਆ, ਇਹ ਦਰਸਾਉਂਦਾ ਹੈ ਕਿ ਸਿਸਟਮ ਵਿੱਚ ਕਿੰਨੀ ਮਨਮਰਜ਼ੀ ਚਲ ਰਹੀ ਹੈ।

ਕੈਨੇਡੀਅਨ ਪ੍ਰੈਸ ਨੇ ਸਤੰਬਰ ਵਿੱਚ ਸਟੈਨ ਚੋ ਦੇ ਲੌਂਗ ਟਰਮ ਕੇਅਰ ਮੰਤਰੀ ਬਣਨ ਤੋਂ ਬਾਅਦ ਲੌਂਗ ਟਰਮ ਕੇਅਰ ਦੇ ਟ੍ਰਾਂਜ਼ੀਸ਼ਨ ਬਾਈਂਡਰ ਦੀ ਇੱਕ ਕਾਪੀ ਦੀ ਬੇਨਤੀ ਕੀਤੀ ਸੀ। ਫਰਵਰੀ ਵਿੱਚ ਪਹੁੰਚ ਪ੍ਰਦਾਨ ਕੀਤੀ ਗਈ, ਅਤੇ ਇੱਕ ਪੰਨਾ - ਬਿਨਾਂ ਕਿਸੇ ਸੋਧ ਦੇ - ਪੂਰੀ ਤਰ੍ਹਾਂ ਸਟਾਫ਼ ਦੀ ਕਮੀ ਦੇ ਅਨੁਮਾਨ ਨੂੰ ਦਰਸਾਉਂਦਾ ਹੈ।

ਦਸਤਾਵੇਜ਼ ਦਰਸਾਉਂਦਾ ਹੈ ਕਿ 2022 ਵਿੱਚ, ਸੂਬੇ ਨੂੰ ਸਾਰੇ ਹੈਲਥ ਕੇਅਰ ਸੈਕਟਰਾਂ ਵਿੱਚ 6,000 ਹੋਰ ਨਰਸਾਂ ਦੀ ਲੋੜ ਸੀ। 2023 ਵਿੱਚ, ਲੋੜ ਵਧ ਕੇ 10,110 ਹੋ ਗਈ ਅਤੇ ਇਸ ਸਾਲ ਇਹ 13,200 ਹੋਣ ਦੀ ਉਮੀਦ ਸੀ। 2027 ਤੱਕ ਸੂਬੇ ਨੂੰ 20,700 ਵਾਧੂ ਨਰਸਾਂ ਦੀ ਲੋੜ ਪੈਣ ਦੀ ਸੰਭਾਵਨਾ ਹੈ, ਜੋ 2032 ਤੱਕ ਵਧ ਕੇ 33,200 ਹੋ ਜਾਵੇਗੀ।

ਜਦੋਂ ਪਰਸਨਲ ਸਪੋਰਟ ਵਰਕਰਾਂ ਦੀ ਗੱਲ ਆਉਂਦੀ ਹੈ, ਤਾਂ ਸੂਬੇ ਨੂੰ 2022 ਵਿੱਚ 24,100 ਅਤੇ 2023 ਵਿੱਚ 30,900 ਵਾਧੂ PSWs ਦੀ ਲੋੜ ਸੀ। ਇਸ ਸਾਲ ਲੋੜ 37,700 ਹੋਣ ਦੀ ਉਮੀਦ ਸੀ, ਜੋ ਕਿ 2027 ਵਿੱਚ ਵਧ ਕੇ 48,977 ਅਤੇ 2032 ਵਿੱਚ 50,853 ਹੋਣ ਦਾ ਅਨੁਮਾਨ ਹੈ।

ਲਿਬਰਲ ਹੈਲਥ ਆਲੋਚਕ ਆਦਿਲ ਸ਼ਾਮਜੀ ਨੇ ਕਿਹਾ ਕਿ ਹੈਲਥ ਕੇਅਰ ਸਟਾਫ਼ ਦੀ ਘਾਟ ਤਬਾਹਕੁੰਨ ਹੈ ਅਤੇ ਉਹ ਪਰੇਸ਼ਾਨ ਹਨ ਕਿ ਸ਼ੁਰੂਆਤੀ ਤੌਰ 'ਤੇ ਜਾਣਕਾਰੀ ਨੂੰ ਰੋਕਣ ਲਈ ਸਰਕਾਰ ਦਾ ਤਰਕ ਆਰਥਿਕ ਹਿੱਤਾਂ ਕਾਰਨ ਸੀ।

ਸ਼ਾਮਜੀ ਨੇ ਕਿਹਾ ਕਿ ਹੈਲਥ ਕੇਅਰ ਵਿਚ ਮਰੀਜ਼ਾਂ ਦੇ ਹਿੱਤ ਮੁੱਖ ਹੋਣੇ ਚਾਹੀਦੇ ਹਨ ਅਤੇ ਉਹ ਇਸ ਬਾਰੇ ਚਿੰਤਤ ਹਨ ਕਿ FOI ਪ੍ਰਣਾਲੀ ਨੂੰ ਮਰੀਜ਼ਾਂ ਦੇ ਹਿੱਤਾਂ ਨਾਲੋਂ ਵਿੱਤੀ ਹਿੱਤਾਂ ਨੂੰ ਤਰਜੀਹ ਦੇਣ ਲਈ ਹਥਿਆਰ ਕਿਉਂ ਬਣਾਇਆ ਜਾ ਰਿਹਾ ਹੈ

ਗ੍ਰੀਨ ਪਾਰਟੀ ਲੀਡਰ ਮਾਈਕ ਸ਼੍ਰੀਨਰ ਨੇ ਕਿਹਾ ਕਿ ਇਹ ਮਾਮਲਾ ਦਰਸਾਉਂਦਾ ਹੈ ਕਿ FOI ਪ੍ਰਣਾਲੀ ਵਿਚ ਸੁਧਾਰਾਂ ਦੀ ਲੋੜ ਹੈ।

ਪੂਰੀ ਪ੍ਰਣਾਲੀ ਵਿਚ ਵਧੇਰੇ ਇਕਸਾਰ ਮਾਪਦੰਡ ਹੋਣ ਦੀ ਜ਼ਰੂਰਤ ਹੈ

ਇਹ ਤੱਥ ਕਿ ਇਸ ਤਰ੍ਹਾਂ ਦੀਆਂ ਸਮਾਨ ਪ੍ਰਤੀਤ ਹੁੰਦੀਆਂ ਬੇਨਤੀਆਂ ਦਾ ਪੂਰੀ ਤਰ੍ਹਾਂ ਵੱਖੋ-ਵੱਖਰਾ ਰਿਸਪਾਂਸ ਦਿੱਤਾ ਗਿਆ, ਇਹ ਬਿਲਕੁਲ ਅਸਵੀਕਾਰਨਯੋਗ ਹੈ। ਮੈਨੂੰ ਲੱਗਦਾ ਹੈ ਕਿ ਓਨਟੇਰਿਓ ਦੇ ਲੋਕ ਇਸ ਸਰਕਾਰ ਤੋਂ ਵਧੇਰੇ ਇਮਾਨਦਾਰ ਜਵਾਬਾਂ ਅਤੇ ਵਧੇਰੇ ਪਾਰਦਰਸ਼ਤਾ ਦੇ ਹੱਕਦਾਰ ਹਨ

ਐਨਡੀਪੀ ਲੀਡਰ ਮੈਰਿਟ ਸਟਾਇਲਜ਼ ਨੇ ਕਿਹਾ ਕਿ ਸਰਕਾਰ ਇਹ ਅੰਕੜੇ ਜਾਰੀ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹ ਵਧ ਰਹੀ ਕਮੀ ਨੂੰ ਦਰਸਾਉਂਦੇ ਹਨ।

ਇੱਕ ਬਿਆਨ ਵਿਚ ਸਟਾਈਲਜ਼ ਨੇ ਕਿਹਾ, ਕੋਈ ਵੀ ਵਿਅਕਤੀ ਜਿਸਨੂੰ ਇੱਕ ਭਰੇ ਐਮਰਜੈਂਸੀ ਕਮਰੇ ਵਿੱਚ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ ਹੈ, ਜਾਂ ਕਿਸੇ ਅਜ਼ੀਜ਼ ਨੂੰ ਲੌਂਗ ਟਰਮ ਕੇਅਰ ਹੋਮ ਵਿੱਚ ਅਣਗਹਿਲੀ ਤੋਂ ਪੀੜਤ ਵੇਖਿਆ ਹੈ ਕਿਉਂਕਿ ਉਨ੍ਹਾਂ ਦੀ ਦੇਖਭਾਲ ਕਰਨ ਲਈ ਲੋੜੀਂਦਾ ਸਟਾਫ਼ ਨਹੀਂ ਸੀ, ਉਹ ਇਸ ਸਰਕਾਰ ਨੂੰ ਇਸ ਤੱਥ ਨੂੰ ਛੁਪਾਉਂਦਾ ਦੇਖ ਕੇ ਪਰੇਸ਼ਾਨ ਹੋਵੇਗਾ ਕਿ ਨਰਸ ਅਤੇ PSW ਦੀ ਘਾਟ ਦੀ ਸਮੱਸਿਆ ਹੋਰ ਵਿਗੜਨ ਦੀ ਉਮੀਦ ਹੈ

ਸਿਹਤ ਮੰਤਰੀ ਸਿਲਵੀਆ ਜੋਨਜ਼ ਦੇ ਬੁਲਾਰੇ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਓਨਟੇਰਿਓ ਨੇ 32,000 ਨਵੀਆਂ ਨਰਸਾਂ ਨੂੰ ਰਜਿਸਟਰ ਕੀਤਾ ਹੈ ਅਤੇ ਪਿਛਲੇ ਤਿੰਨ ਸਾਲਾਂ ਵਿੱਚ ਲਗਭਗ 25,000 PSW ਸ਼ਾਮਲ ਕੀਤੇ ਹਨ।

ਅਸੀਂ ਜਾਣਦੇ ਹਾਂ ਕਿ ਹੋਰ ਕਰਨ ਦੀ ਲੋੜ ਹੈ, ਇਸ ਲਈ ਸਾਡੇ 2024 ਦੇ ਬਜਟ ਦੇ ਹਿੱਸੇ ਵਿਚ, ਸਾਡੀ ਸਰਕਾਰ ਭਰਤੀ ਵਧਾਉਣ ਅਤੇ ਸਟਾਫ਼ ਬਰਕਰਾਰ ਰੱਖਣ ਲਈ $743 ਮਿਲੀਅਨ ਦਾ ਨਿਵੇਸ਼ ਕਰ ਰਹੀ ਹੈ...ਅਤੇ ਕਮਿਊਨਿਟੀ ਕੇਅਰ ਸੈਕਟਰ ਵਿਚ ਆਧੁਨਿਕੀਕਰਨ ਲਈ ਵਾਧੂ $2 ਬਿਲੀਅਨ ਨਿਵੇਸ਼ ਕੀਤੇ ਜਾ ਰਹੇ ਹਨ

ਜੋਨਜ਼ ਨੇ ਸੋਮਵਾਰ ਨੂੰ ਟੋਰੌਂਟੋ ਵਿੱਚ ਇੱਕ ਨਿਊਜ਼ ਕਾਨਫਰੰਸ ਕਰਨੀ ਸੀ ਪਰ ਇਹ ਸਮਾਗਮ ਰੱਦ ਕਰ ਦਿੱਤਾ ਗਿਆ।

ਐਲੀਸਨ ਜੋਨਜ਼ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ